ਬਾਦਲ ਦਲ ਨੂੰ ਝਟਕਾ, ਗੁਰਮੀਤ ਸਿੰਘ ਸ਼ੰਟੀ ਨੇ ਦਿਤਾ ਅਸਤੀਫ਼ਾ

ਏਜੰਸੀ

ਖ਼ਬਰਾਂ, ਪੰਜਾਬ

ਬਾਦਲ ਦਲ ਨੂੰ ਝਟਕਾ, ਗੁਰਮੀਤ ਸਿੰਘ ਸ਼ੰਟੀ ਨੇ ਦਿਤਾ ਅਸਤੀਫ਼ਾ

image

ਨਵੀਂ ਦਿੱਲੀ, 8 ਸਤੰਬਰ (ਅਮਨਦੀਪ ਸਿੰਘ): ਦਿੱਲੀ ਗੁਰਦਵਾਰਾ ਕਮੇਟੀ ਦੇ ਸੀਨੀਅਰ ਮੈਂਬਰ ਤੇ ਸਾਬਕਾ ਜਨਰਲ ਸਕੱਤਰ ਸ.ਗੁਰਮੀਤ ਸਿੰਘ ਸ਼ੰਟੀ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਅਸਤੀਫ਼ਾ ਦੇ ਕੇ ਬਾਦਲਾਂ ਦੇ ਵਿਰੋਧ ਵਿਚ ਖੜੇ ਹੋਣ ਦਾ ਮੁੱਢ ਬੰਨ੍ਹ ਦਿਤਾ ਹੈ। ਉਨ੍ਹਾਂ 2017 ਦੀਆਂ ਦਿੱਲੀ ਗੁਰਦਵਾਰਾ ਚੋਣਾਂ ਆਜ਼ਾਦ ਤੌਰ 'ਤੇ ਲੜੀਆਂ ਸਨ ਤੇ ਜੇਤੂ ਰਹੇ ਸਨ ਅਤੇ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ.ਸੁਖਬੀਰ ਸਿੰਘ ਬਾਦਲ ਨੇ ਅਪਣੀ ਕੋਠੀ ਵਿਖੇ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਸ਼ਾਮਲ ਕੀਤਾ ਸੀ।
ਸ.ਸ਼ੰਟੀ ਨੇ ਹੀ ਦਿੱਲੀ ਗੁਰਦਵਾਰਾ ਗੋਲਕ ਵਿਚ ਫ਼ੰਡਾਂ ਦੀ ਹੇਰਾ ਫੇਰੀ ਦੇ ਦੋਸ਼ ਹੇਠ ਸਾਬਕਾ ਕਮੇਟੀ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ ਵਿਰੁਧ ਅਦਾਲਤ ਵਿਚ ਪਟੀਸ਼ਨ ਦਾਖ਼ਲ ਕਰ ਕੇ, ਜੀ.ਕੇ. ਨੂੰ ਗੱਦੀ ਤੋਂ ਲਾਹ ਕੇ ਰੱਖ ਦਿਤਾ ਸੀ। ਦਿੱਲੀ ਦੇ ਸਿੱਖ ਗਲਿਆਰਿਆਂ ਵਿਚ ਇਹ ਮੰਨਿਆ ਜਾਂਦਾ ਹੈ ਕਿ ਜੀ.ਕੇ. ਨੂੰ ਪ੍ਰਧਾਨਗੀ ਤੋਂ ਲਾਹ ਕੇ ਮਨਜਿੰਦਰ ਸਿੰਘ ਸਿਰਸਾ ਲਈ ਪ੍ਰਧਾਨਗੀ ਦਾ ਰਾਹ ਤਿਆਰ ਕਰਨ ਲਈ ਸ਼ੰਟੀ ਤੇ ਸਿਰਸਾ ਦਾ 'ਗੁਪਤ' ਸਮਝੌਤਾ ਹੋਇਆ ਸੀ ਜਿਸ ਕਰ ਕੇ ਸ਼ੰਟੀ ਨੂੰ ਮੋਤੀ ਨਗਰ ਤੋਂ ਵਿਧਾਨ ਸਭਾ ਟਿਕਟ ਦਿਵਾਈ ਜਾਣੀ ਸੀ, ਪਰ ਭਾਜਪਾ ਨਾਲ ਵਿਗੜੇ ਰਿਸ਼ਤਿਆਂ ਕਰ ਕੇ, ਸ਼ੰਟੀ ਨੂੰ ਟਿਕਟ ਕੀ ਦਿਵਾਉਣੀ ਸੀ, ਅਕਾਲੀ ਦਲ ਬਾਦਲ ਖ਼ੁਦ ਹੀ ਚੋਣ ਮੈਦਾਨ ਤੋਂ ਪਾਸੇ ਹੋ ਗਿਆ। 'ਸਪੋਕਸਮੈਨ' ਨਾਲ ਗੱਲਬਾਤ ਕਰਦਿਆਂ ਸ.ਸ਼ੰਟੀ ਨੇ ਕਿਹਾ,“ਹਾਂ ਮੈਂ ਬਾਦਲ ਦਲ ਤੋਂ ਅਸਤੀਫ਼ਾ ਦੇ ਦਿਤਾ ਹੈ, ਬਾਕੀ ਪ੍ਰਗਟਾਵਾ ਬਾਅਦ ਵਿਚ ਕਰਾਂਗਾ।'' ਸੂਤਰਾਂ ਮੁਤਾਬਕ ਸ਼ੰਟੀ ਕਮੇਟੀ ਦੇ ਪ੍ਰਧਾਨ ਤੋਂ ਨਾਰਾਜ਼ ਚਲ ਰਹੇ ਸਨ ਤੇ ਜੂਨ, ਜੁਲਾਈ ਵਿਚ ਉਨ੍ਹਾਂ ਕਮੇਟੀ ਪ੍ਰਧਾਨ ਨੂੰ ਕਈ ਚਿੱਠੀਆਂ ਲਿਖ ਕੇ, ਤਾਲਾਬੰਦੀ ਦੌਰਾਨ ਪ੍ਰਬੰਧਕਾਂ ਦੀਆਂ ਨੀਤੀਆਂ 'ਤੇ ਸਵਾਲ ਚੁਕੇ ਸਨ।