ਸੰਗਰਾਂਦਾਂ,ਮਸਿਆਵਾਂ ਤੇ ਅੰਨ੍ਹਾ ਖ਼ਰਚ ਕਰਨ ਤੇ ਬਲਦੇਵ ਸਿਰਸਾ ਨੇ ਸ਼੍ਰੋਮਣੀ ਕਮੇਟੀ ਨੂੰ ਨੋਟਿਸ ਭੇਜਿਆ
36 ਕਰੋੜ, ਸੂਦ ਸਮੇਤ ਤੁਰਤ ਜਮ੍ਹਾਂ ਕਰਵਾਉ!
ਅੰਮ੍ਰਿਤਸਰ: ਪੰਥਕ ਆਗੂ ਬਲਦੇਵ ਸਿੰਘ ਸਿਰਸਾ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰੇ ਵਲੋਂ ਸਮੇਂ-ਸਮੇਂ 'ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਰਹਿ ਚੁੱਕੇ ਪ੍ਰਧਾਨਾਂ ਆਦਿ ਵਿਰੁਧ ਸਿੱਖ ਗੁਰਦਵਾਰਾ ਜੁਡੀਸ਼ੀਅਲ ਅਦਾਲਤ ਅਤੇ ਹਾਈ ਕੋਰਟ ਤਕ ਪਹੁੰਚ ਕਰ ਕੇ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਲਿਖੀਆਂ ਕਿਤਾਬਾਂ ਅਤੇ ਗੁਰੂ ਦੀਆਂ ਗੋਲਕਾਂ, ਹਜ਼ਾਰਾਂ ਕਰੋੜ ਰੁਪਏ ਦੇ ਕੀਤੇ ਘਪਲਿਆਂ ਦੇ ਸਬੰਧ ਵਿਚ ਪਹਿਲਾਂ ਕੇਸ ਕੀਤੇ ਹੋਏ ਹਨ। ਇਸੇ ਤਰ੍ਹਾਂ ਅੱਜ ਇਕ ਹੋਰ ਕੇਸ ਮੇਰੇ ਵਲੋਂ ਅਪਣੇ ਵਕੀਲ ਮਨਿੰਦਰ ਸਿੰਘ ਰੰਧਾਵਾ ਰਾਹੀਂ ਕਾਨੂੰਨੀ ਨੋਟਿਸ ਦਿਤਾ ਗਿਆ ਹੈ।
ਬਲਦੇਵ ਸਿੰਘ ਸਿਰਸਾ ਨੇ ਦਸਿਆ ਕਿ ਸਿੱਖ ਧਰਮ ਦਾ ਮੱਸਿਆ, ਪੁੰਨਿਆ, ਸੰਗਰਾਂਦ ਅਤੇ ਸ਼ਰਾਧਾਂ ਆਦਿ ਨਾਲ ਕੋਈ ਸਬੰਧ ਨਹੀਂ ਹੈ। ਇਹ ਤਿਉਹਾਰ ਕੇਵਲ ਹਿੰਦੂਮਤ ਅਨੁਸਾਰ ਹੀ ਮਨਾਏ ਜਾਂਦੇ ਹਨ
ਪਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਹਿੰਦੂਮਤ ਦੇ ਤਿਉਹਾਰਾਂ ਦੇ ਪ੍ਰਚਾਰਾਂ ਹਿਤ ਜਿਵੇਂ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਆਦਿ ਜਿਸ ਮਿਤੀ ਨੂੰ ਮੱਸਿਆ ਅਤੇ ਸੰਗਰਾਂਦ ਹੁੰਦੀ ਹੈ, ਤਰੀਕਾਂ ਲਿਖ ਕੇ ਵੱਡੇ ਵੱਡੇ ਬੋਰਡ ਲੱਗੇ ਹਨ ਅਤੇ ਹਰ ਮਹੀਨੇ ਇਨ੍ਹਾਂ ਤਿਉਹਾਰਾਂ ਨੂੰ ਮਨਾਉਣ ਵਾਸਤੇ ਗੁਰੂ ਦੀਆਂ ਗੋਲਕਾਂ ਵਿਚੋਂ ਕਰੋੜਾਂ ਰੁਪਏ ਖ਼ਰਚ ਕੀਤੇ ਜਾਂਦੇ ਹਨ।
ਸਿਰਸਾ ਨੇ ਕਿਹਾ ਕਿ ਅੱਜ ਮੇਰੇ ਵਲੋਂ ਵਕੀਲ ਰਾਹੀਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸਤੱਕਰ ਸ਼੍ਰੋਮਣੀ ਕਮੇਟੀ ਨੂੰ 60 ਦਿਨ ਦਾ ਨੋਟਿਸ ਦੇ ਕੇ ਮੰਗ ਕੀਤੀ ਗਈ ਹੈ
ਕਿ ਇਕ ਕਰੋੜ ਹਰ ਮਹੀਨੇ ਦੇ ਹਿਸਾਬ ਨਾਲ 3 ਸਾਲਾਂ ਦਾ 36 ਕਰੋੜ ਰੁਪਏ ਸਮੇਤ 12 ਫ਼ੀ ਸਦੀ ਵਿਆਜ ਦੇ ਹਿਸਾਬ ਨਾਲ ਗੁਰੂ ਦੇ ਖ਼ਜ਼ਾਨਿਆਂ ਵਿਚ ਜਮ੍ਹਾਂ ਕਰਵਾਇਆ ਜਾਵੇ, ਨਹੀ ਤਾਂ ਉਕਤ ਸਾਰਿਆਂ ਵਿਰੁਧ ਸਿੱਖ ਗੁਰਦਵਾਰਾ ਜੁਡੀਸ਼ੀਅਲ ਅਦਾਲਤ ਵਿਚ ਕੇਸ ਕਰ ਕੇ, ਉਕਤ ਪੈਸੇ ਵਸੂਲ ਕਰਨ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਇਨ੍ਹਾਂ ਜ਼ੁੰਮੇਵਾਰਾਂ ਨੂੰ ਪ੍ਰਧਾਨਗੀ (ਮੈਂਬਰੀ) ਅਤੇ ਅਹੁਦੇ ਤੋਂ ਅਯੋਗ ਕਰਾਰ ਦੇਣ ਦੀ ਮੰਗ ਵੀ ਕੀਤੀ ਜਾਵੇਗੀ।