ਪਾਵਨ ਸਰੂਪ ਲਾਪਤਾ ਮਾਮਲੇ 'ਚ ਸ਼੍ਰੋ: ਕਮੇਟੀ ਪ੍ਰਧਾਨ 'ਤੇ ਉਠੇ ਸਵਾਲ,ਬਾਹਰੀ ਦਬਾਅ ਹੇਠ ਵਿਚਰਨ ਦਾ ਦੋਸ਼!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਬੀਬੀ ਕਿਰਨਜੋਤ ਕੌਰ ਨੇ ਵੀ ਚੁੱਕੇ ਸਵਾਲ

Gobind Singh Longowal

ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਗਾਇਬ ਮਾਮਲੇ 'ਚ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਨੂੰ ਲੈ ਕੇ ਪੰਥਕ ਧਿਰਾਂ ਦਰਮਿਆਨ ਘਮਾਸਾਨ ਜਾਰੀ ਹੈ। ਇਸ ਮਾਮਲੇ 'ਚ ਸ਼੍ਰੋਮਣੀ ਕਮੇਟੀ ਦੀ ਸ਼ੱਕੀ ਭੂਮਿਕਾ ਨੂੰ ਲੈ ਕੇ ਸਿਆਸੀ ਅਤੇ ਪੰਥਕ ਧਿਰਾਂ ਸਵਾਲ ਪੁਛ ਰਹੀਆਂ ਹਨ ਜਿਨ੍ਹਾਂ ਦੇ ਜਵਾਬ ਦੇਣ 'ਚ ਸ਼੍ਰੋਮਣੀ ਕਮੇਟੀ ਅਸਮਰਥ ਵਿਖਾਈ ਦੇ ਰਹੀ ਹੈ। ਇਸ ਮਾਮਲੇ 'ਚ ਹੁਣ ਸ਼੍ਰੋਮਣੀ ਕਮੇਟੀ ਪ੍ਰਧਾਨ ਸਮੇਤ ਸਮੁੱਚੀ ਅੰਤ੍ਰਿਗ ਕਮੇਟੀ ਨਿਸ਼ਾਨੇ 'ਤੇ ਆ ਗਈ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਜਨਰਲ ਸਕੱਤਰ ਬੀਬੀ ਕਿਰਨਜੋਤ ਕੌਰ ਨੇ ਵੀ ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ 'ਚ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਸਮੁੱਚੀ ਅੰਤ੍ਰਿਗ ਕਮੇਟੀ ਦੀ ਕਾਰਗੁਜ਼ਾਰੀ ਨੂੰ ਲੈ ਕੇ ਵੱਡੇ ਸਵਾਲ ਉਠਾਏ ਹਨ। ਬੀਬੀ ਕਿਰਨਜੋਤ ਕੌਰ ਦਾ ਕਹਿਣਾ ਹੈ ਕਿ ਹੁਣ ਸਿਰਫ਼ ਮੁੱਖ ਸਕੱਤਰ ਜਾਂ ਹੋਰ ਅਹੁਦੇਦਾਰਾਂ ਦੇ ਅਸਤੀਫ਼ੇ ਨਾਲ ਗੱਲ ਨਹੀਂ ਬਣੇਗੀ। ਇਸ ਮਾਮਲੇ 'ਚ ਪ੍ਰਧਾਨ ਸਮੇਤ ਅੰਤ੍ਰਿਮ ਕਮੇਟੀ ਦੀ ਵੀ ਪੂਰੀ ਜ਼ਿੰਮੇਵਾਰੀ ਬਣਦੀ ਹੈ, ਜਿਨ੍ਹਾਂ ਨੂੰ ਸੰਗਤਾਂ ਸਨਮੁਖ ਹੋ ਕੇ ਇਸ ਦਾ ਜਵਾਬ ਦੇਣਾ ਹੀ ਪੈਣਾ ਹੈ।

ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ 'ਚ ਸਿਆਸੀ ਦਖ਼ਲ ਅੰਦਾਜ਼ੀ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਸਿਆਸੀ ਪ੍ਰਭਾਵ ਕਾਰਨ ਸ਼੍ਰੋਮਣੀ ਕਮੇਟੀ ਦੀ ਸਮੁੱਚੀ ਕਾਰਜਪ੍ਰਣਾਲੀ ਲਗਭਗ ਡਾਵਾਂਡੋਲ ਹੋ ਚੁੱਕੀ ਹੈ। ਇਸ ਵਿਚ ਬੇਲੋੜੀ ਸਿਆਸੀ ਦਖ਼ਲਅੰਦਾਜ਼ੀ ਸਦਕਾ ਹੀ ਪਾਵਨ ਸਰੂਪਾਂ ਦੇ ਮਾਮਲੇ 'ਚ ਜੋ ਵੀ ਕਾਰਵਾਈ ਹੋ ਰਹੀ ਹੈ, ਉਸ 'ਚ ਪ੍ਰਧਾਨ ਸਾਹਿਬ ਦਾ ਤਾਂ ਕੇਵਲ ਮਖੌਟਾ ਹੀ ਹੈ, ਜਦਕਿ ਪਰਦੇ ਦੇ ਪਿੱਛੇ ਕੁੱਝ ਹੋਰ ਹੀ ਹੋ ਰਿਹਾ ਹੈ।

ਬੀਬੀ ਕਿਰਨਜੋਤ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਦਾ ਕੰਮ ਸਿਰਫ਼ ਪ੍ਰਧਾਨ ਦੇ ਫ਼ੈਸਲਿਆਂ ਨੂੰ ਲਾਗੂ ਕਰਵਾਉਣਾ ਹੁੰਦਾ ਹੈ ਜਦਕਿ ਹਰ ਫ਼ੈਸਲਾ ਹੁੰਦਾ ਸਿਰਫ਼ ਪ੍ਰਧਾਨ ਦੇ ਹੁਕਮ ਨਾਲ ਹੀ ਹੈ। ਅਜਿਹੇ ਵਿਚ ਮੁੱਖ ਸਕੱਤਰ 'ਤੇ ਕਾਰਵਾਈ ਕਰਕੇ ਪ੍ਰਧਾਨ ਅਪਣੀ ਜ਼ਿੰਮੇਵਾਰੀ ਤੋਂ ਸੁਰਖਰੂ ਨਹੀਂ ਹੋ ਸਕਦਾ। ਸ਼੍ਰੋਮਣੀ ਕਮੇਟੀ ਕੋਲ ਗੁਰੂ ਗ੍ਰੰਥ ਸਾਹਿਬ ਦੀ ਹਰ ਬੀੜ ਦਾ ਰਿਕਾਰਡ ਮੌਜੂਦ ਹੁੰਦਾ ਹੈ। ਪ੍ਰਧਾਨ ਨੂੰ ਸੰਗਤ ਨੂੰ ਇਹ ਗੱਲ ਦੱਸਣੀ ਪਵੇਗੀ ਕਿ ਇਹ ਪਾਵਨ ਸਰੂਪ ਆਖਰ ਗਏ ਕਿੱਥੇ ਹਨ ਅਤੇ ਕਿਸ ਹਾਲਤ ਵਿਚ ਹਨ?

ਬੀਬੀ ਕਿਰਨਜੋਤ ਕੌਰ ਨੇ ਮੁੱਖ ਸਕੱਤਰ ਦਾ ਅਸਤੀਫ਼ਾ ਪ੍ਰਵਾਨ ਕੀਤੇ ਜਾਣ 'ਤੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਜੇਕਰ ਮੁੱਖ ਸਕੱਤਰ ਜ਼ਿੰਮੇਵਾਰ ਹਨ ਤਾਂ ਉਨ੍ਹਾਂ ਨੂੰ ਚਾਰਜਸ਼ੀਟ ਕਿਉਂ ਨਹੀਂ ਕੀਤਾ। ਇਸ ਮਾਮਲੇ 'ਤੇ ਸਿਰਫ਼ ਅਸਤੀਫ਼ਾ ਲੈ ਕੇ ਹੀ ਛੱਡ ਦੇਣਾ ਸਹੀ ਗੱਲ ਨਹੀਂ। ਸ਼੍ਰੋਮਣੀ ਕਮੇਟੀ ਵਲੋਂ ਲਏ ਗਏ ਯੂ-ਟਰਨ 'ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਇਸ ਮਾਮਲੇ ਦੇ ਲਗਾਤਾਰ ਵੱਧ ਰਹੇ ਦਬਾਅ ਕਾਰਨ ਪਹਿਲਾਂ ਕਾਹਲੀ ਵਿਚ ਇਹ ਫ਼ੈਸਲਾ ਲੈ ਲਿਆ ਤੇ ਬਾਅਦ 'ਚ ਠੰਢੇ ਦਿਮਾਗ ਨਾਲ ਸੋਚਣ ਬਾਅਦ ਕਾਨੂੰਨੀ ਕਾਰਵਾਈ ਤੋਂ ਕਿਨਾਰਾ ਕਰ ਲਿਆ ਹੈ।