ਹਾਈ ਕੋਰਟ ਨੇ ਸੁਮੇਧ ਸੈਣੀ ਦੀ ਜ਼ਮਾਨਤ ਤੇ ਕੇਸ ਤਬਦੀਲੀ ਵਾਲੀਆਂ ਪਟੀਸ਼ਨਾਂ ਖ਼ਾਰਜ ਕੀਤੀਆਂ

ਏਜੰਸੀ

ਖ਼ਬਰਾਂ, ਪੰਜਾਬ

ਹਾਈ ਕੋਰਟ ਨੇ ਸੁਮੇਧ ਸੈਣੀ ਦੀ ਜ਼ਮਾਨਤ ਤੇ ਕੇਸ ਤਬਦੀਲੀ ਵਾਲੀਆਂ ਪਟੀਸ਼ਨਾਂ ਖ਼ਾਰਜ ਕੀਤੀਆਂ

image

ਚੰਡੀਗੜ੍ਹ, 8 ਸਤੰਬਰ (ਨੀਲ ਭਲਿੰਦਰ ਸਿੰਘ) : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱੱਜ 29 ਸਾਲ ਪੁਰਾਣੇ ਬਲਵੰਤ ਸਿੰਘ ਮੁਲਤਾਨੀ ਮਾਮਲੇ 'ਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਅਤੇ ਕੇਸ ਨੂੰ ਸੀਬੀਆਈ ਨੂੰ ਤਬਦੀਲ ਕੀਤੇ ਜਾਣ ਦੀਆਂ ਪਟੀਸ਼ਨਾਂ ਨੂੰ ਖ਼ਾਰਜ ਕਰ ਦਿਤਾ ਹੈ। ਹਾਈ ਕੋਰਟ ਦੇ ਜਸਟਿਸ ਫ਼ਤਿਹਦੀਪ ਸਿੰਘ ਦੇ ਬੈਂਚ ਕੋਲ ਬਹਿਸ ਦੌਰਾਨ ਰਾਜ ਸਰਕਾਰ ਨੇ ਦਸਿਆ ਕਿ ਕਈ ਤੱਥਾਂ ਦੇ ਸੁਰਾਗ ਲਈ ਸੈਣੀ ਦੀ ਹਿਰਾਸਤੀ ਪੁਛਗਿਛ ਅਤਿ ਲੋੜੀਂਦੀ ਹੈ। ਸਰਕਾਰ ਨੇ ਜ਼ਮਾਨਤ ਅਰਜ਼ੀ ਦਾ ਵਿਰੋਧ ਕੀਤਾ ਤੇ ਸੈਣੀ ਬਾਰੇ ਕੁੱਝ ਹੋਰ ਗੰਭੀਰ ਮਾਮਲਿਆਂ ਬਾਰੇ ਵੀ ਬੈਂਚ ਨੂੰ ਜਾਣੂ ਕਰਵਾਇਆ। ਐਸਆਈਟੀ ਸੈਣੀ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ। ਪੁਲਿਸ ਸੈਣੀ ਦੀ ਕਿਸੇ ਵੇਲੇ ਵੀ ਗ੍ਰਿਫ਼ਤਾਰੀ ਕਰ ਸਕਦੀ ਹੈ। ਪਰ ਇਸ ਕੇਸ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਲਈ ਸੈਣੀ ਦੀ ਗ੍ਰਿਫ਼ਤਾਰੀ ਵੱਡੀ ਚੁਣੌਤੀ ਸਾਬਤ ਹੋ ਰਹੀ ਹੈ।  ਸੈਣੀ ਨੇ ਅਪਣੇ ਵਕੀਲ ਰਾਹੀਂ ਹਾਈ ਕੋਰਟ ਵਿਚ ਅਰਜ਼ੀ ਦਾਇਰ ਕਰ ਕੇ ਮੁਹਾਲੀ ਅਦਾਲਤ ਦੇ ਫ਼ੈਸਲੇ ਨੂੰ ਚੁਣੌਤੀ ਦਿਤੀ ਸੀ। ਜ਼ਿਲ੍ਹਾ ਅਦਾਲਤ ਨੇ ਸਾਬਕਾ ਡੀਜੀਪੀ ਨੂੰ ਵੱਡਾ ਝਟਕਾ ਦਿੰਦਿਆਂ ਉਸ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਨੂੰ ਮੁੱਢੋਂ ਰੱਦ ਕਰ ਦਿਤਾ ਸੀ।