ਕੀ ਨਵਜੋਤ ਸਿੱਧੂ ਦਾ ਘਾਟਾ ਪੂਰਾ ਨਹੀਂ ਕਰ ਸਕੀ ਭਾਜਪਾ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੰਮ੍ਰਿਤਸਰ ਦੇ ਲੋਕਾਂ ਵਲੋਂ ‘ਨਕਾਰੇ ਭਾਜਪਾ ਆਗੂਆਂ’ ਨੂੰ ‘ਤਾਕਤਵਰ’ ਬਣਾ ਕੇ ਪੇਸ਼ ਕਰਨ ਦੀ ਭਾਜਪਾ ਦੀ ਸਿਆਸਤ ਪਿੱਛੇ ਆਖ਼ਰ ਕੀ ਹੈ ਵਜ੍ਹਾ?

Navjot Singh Sidhu

 

ਲੁਧਿਆਣਾ: ਭਾਰਤੀ ਜਨਤਾ ਪਾਰਟੀ ਨੇ ਪੰਜਾਬ ਸਮੇਤ ਹੋਰਨਾਂ ਪੰਜ ਸੂਬਿਆਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਇੰਚਾਰਜਾਂ ਦੇ ਨਾਮਾਂ ਦਾ ਐਲਾਨ ਕਰ ਦਿਤਾ ਗਿਆ ਹੈ। ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਵਾਸਤੇ ਭਾਜਪਾ ਹਾਈਕਮਾਨ ਵਲੋਂ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਜਦਕਿ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਕੇਂਦਰੀ ਰਾਜ ਮੰਤਰੀ ਮਿਨਾਕਸ਼ੀ ਲੇਖੀ ਅਤੇ ਸੰਸਦ ਮੈਂਬਰ ਵਿਨੋਦ ਚਾਵੜਾ ਨੂੰ ਸਹਿ ਇੰਚਾਰਜ ਲਾਇਆ ਗਿਆ। 

ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਸਮੇਤ ਹਰਿਆਣਾ, ਯੂ.ਪੀ ਤੇ ਹੋਰਨਾਂ ਸੂਬਿਆਂ ਵਿਚ ਕਿਸਾਨਾਂ ਦੇ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨ ਵਾਲੀ ਭਾਜਪਾ ਵਲੋਂ ਕੀਤੀਆਂ ਇਹ ਨਿਯੁਕਤੀਆਂ ਪਾਰਟੀ ਦੇ ਅੰਦਰ ਦੀ ਇਕ ਪ੍ਰਕਿਰਿਆ ਵਜੋਂ ਕੀਤੀਆਂ ਗਈਆਂ ਹਨ ਜੋ ਕਿ ਸਾਰੀਆਂ ਪਾਰਟੀਆਂ ਵਲੋਂ ਹੀ ਇਹ ਪ੍ਰੈਕਟਿਸ ਕੀਤੀ ਜਾਂਦੀ ਹੈ ਪਰ ਭਾਜਪਾ ਵਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੋਣਾਂ ਹਾਰਨ ਵਾਲੇ ਆਗੂਆਂ ਨੂੰ ਜ਼ਿਆਦਾ ਅਹਿਮਿਅਤ ਦਿਤੇ ਜਾਣ ਤੇ ਹੈਰਾਨੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਅਤੇ ਸਵਾਲ ਵੀ ਕਈ ਖੜੇ ਹੋ ਰਹੇ ਹਨ। ਕੀ ਭਾਜਪਾ ਦੀ ਝੋਲੀ ਵਿਚ ਲਗਾਤਾਰ ਜਿੱਤ ਪਾਉਣ ਵਾਲੇ ਨਵਜੋਤ ਸਿੰਘ ਸਿੱਧੂ (ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ) ਦਾ ਘਾਟਾ ਪੂਰਾ ਨਹੀਂ ਕਰ ਸਕੀ ਭਾਜਪਾ? ਸਵਾਲ ਇਹ ਵੀ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲੋਕਾਂ ਵਲੋਂ ‘ਨਕਾਰੇ ਭਾਜਪਾ ਆਗੂਆਂ’ ਨੂੰ ‘ਤਾਕਤਵਰ’ ਬਣਾ ਕੇ ਪੇਸ਼ ਕਰਨ ਦੀ ਭਾਜਪਾ ਦੀ ਸਿਆਸਤ ਦੇ ਪਿੱਛੇ ਆਖ਼ਰ ਵਜ੍ਹਾ ਹੈ ਕੀ? 

ਭਾਜਪਾ ਦੇ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਚਲਦੇ ਆ ਰਹੇ ਨਵਜੋਤ ਸਿੰਘ ਸਿੱਧੂ ਦਾ ਭਾਜਪਾ ਦੇ ਭਾਈਵਾਲ ਅਕਾਲੀ ਦਲ ਦੇ ਨਾਲ 36 ਦਾ ਅੰਕੜਾ ਰਿਹਾ ਹੈ ਜਿਸ ਕਰ ਕੇ ਸਿੱਧੂ ਭਾਜਪਾ ਵਿਚ ਰਹਿੰਦੇ ਹੋਏ ਵੀ ਅਕਾਲੀ ਦਲ ਵਿਰੁਧ ਕਈ ਵਾਰ ਬੋਲਦੇ ਰਹੇ ਹਨ ਜੋ ਕਿ ਭਾਜਪਾ ਹਾਈਕਮਾਨ, ਖ਼ਾਸ ਤੌਰ ’ਤੇ ਉਸ ਸਮੇਂ ਦੇ ਭਾਜਪਾ ਦੇ ਤਾਕਤਵਰ ਆਗੂ ਅਤੇ ਪੰਜਾਬ ਮਾਮਲਿਆਂ ਨੂੰ ਅਪਣੀ ਦੇਖਰੇਖ ਵਿਚ ਚਲਾਉਣ ਵਾਲੇ ਅਰੁਣ ਜੇਤਲੀ ਨੂੰ ਪਸੰਦ ਨਹੀਂ ਸੀ ਆ ਰਿਹਾ ਅਤੇ ਸ਼ਾਇਦ ਇਹੋ ਵਜ੍ਹਾ ਰਹੀ ਕਿ ਸਿੱਧੂ ਦੀ ਸੀਟ ਤੋਂ ਅਰੁਣ ਜੇਤਲੀ ਨੇ ਖ਼ੁਦ ਚੋਣ ਲੜਨ ਦਾ ਮਨ ਬਣਾਇਆ ਅਤੇ ਸ੍ਰੋਮਣੀ ਅਕਾਲੀ ਦਲ ਵਲੋਂ ਇਹ ਸੀਟ ਅਰੁਣ ਜੇਤਲੀ ਨੂੰ ਜਿਤਾ ਕੇ ਭੇਜਣ ਦਾ ਵਾਅਦਾ ਵੀ ਭਾਜਪਾ ਹਾਈਕਮਾਨ ਨਾਲ ਕਰ ਲਿਆ ਗਿਆ ਪਰ ਕਾਂਗਰਸ ਵਲੋਂ ਕੈਪਟਨ ਅਮਰਿੰਦਰ ਸਿੰਘ ਮੈਦਾਨ ਵਿਚ ਨਿਤਰ ਆਏ ਅਤੇ ਅਰੁਣ ਜੇਤਲੀ ਨੂੰ ਵੱਡੀ ਹਾਰ ਦਾ ਮੂੰਹ ਦੇਖਣਾ ਪਿਆ ਕਿਉਂਕਿ ਕੇਂਦਰ ਵਿਚ ਸਰਕਾਰ ਭਾਜਪਾ ਦੀ ਬਣੀ ਇਸ ਲਈ ਅਰੁਣ ਜੇਤਲੀ ਨੂੰ ਕੇਂਦਰ ਵਿਚ ਵਿੱਤ ਮੰਤਰੀ ਬਣਾ ਦਿਤਾ ਗਿਆ।

ਇਸ ਤੋਂ ਬਾਅਦ ਭਾਜਪਾ ਵਲੋਂ ਸਿੱਧੂ ਨੂੰ ਲਗਾਤਾਰ ਖੂੰਜੇ ਲਾਉਣ ਲਈ ਸਿਆਸੀ ਪੈਂਤਰੇਬਾਜ਼ੀ ਕੀਤੀ ਜਾਣ ਲੱਗੀ ਅਤੇ ਆਖ਼ਰਕਾਰ ਸਿੱਧੂ ਦੇ ਸਬਰ ਦਾ ਬੰਨ ਟੁੱਟ ਗਿਆ ਤੇ ਉਹ ਕਾਂਗਰਸ ਵਿਚ ਸ਼ਾਮਲ ਹੋ ਗਏ। 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਇਹ ਸੀਟ ਛੱਡ ਦਿਤੀ ਗਈ ਤੇ ਲੋਕ ਸਭਾ ਦੀ ਜ਼ਿਮਨੀ ਚੋਣ ਵਿਚ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਨੇ ਚੋਣ ਜਿੱਤ ਲਈ। ਇਸ ਤੋਂ ਬਾਅਦ 2019 ਵਿਚ ਇਸ ਸੀਟ ਤੋਂ ਭਾਜਪਾ ਨੇ ਰਿਟਾਇਰਡ ਅਫ਼ਸਰ ਹਰਦੀਪ ਸਿੰਘ ਪੁਰੀ ਨੂੰ ਚੋਣ ਮੈਦਾਨ ਵਿਚ ਉਤਾਰਿਆ ਪਰ ਉਹ ਵੀ ਚੋਣ ਹਾਰ ਗਏ ਤੇ ਉਨ੍ਹਾਂ ਨੂੰ ਵੀ ਕੇਂਦਰ ਵਿਚ ਮੰਤਰੀ ਬਣਾਇਆ ਅਤੇ ਇਸ ਸਮੇਂ ਉਨ੍ਹਾਂ ਕੋਲ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਦੇ ਨਾਲ ਸ਼ਹਿਰੀ ਮਾਮਲਿਆਂ ਵਰਗੇ ਵੱਡੇ ਮੰਤਰਾਲੇ ਹਨ। 

ਗੱਲ ਕਰੀਏ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੀ ਤਾਂ ਉਹ ਅੰਮ੍ਰਿਤਸਰ ਤੋਂ 3 ਵਾਰ ਕੌਂਸਲਰ ਰਹੇ ਹਨ ਅਤੇ ਮੇਅਰ ਬਣੇ। ਮੇਅਰ ਬਣਨ ਤੋਂ ਬਾਅਦ 2012 ਵਿਚ ਹੋਈਆਂ ਨਗਰ ਨਿਗਮ ਅੰਮ੍ਰਿਤਸਰ ਦੀਆਂ ਚੋਣਾਂ ਦੌਰਾਨ ਉਹ ਕੌਂਸਲਰ ਦੀ ਚੋਣ ਹਾਰ ਗਏ। ਭਾਜਪਾ ਨੇ ਉਨ੍ਹਾਂ ਨੂੰ ਰਾਜ ਸਭਾ ਦਾ ਮੈਂਬਰ ਵੀ ਲਾਇਆ ਅਤੇ ਪੰਜਾਬ ਦਾ ਪ੍ਰਧਾਨ ਵੀ ਬਣਾਇਆ। ਕਿਸਾਨ ਅੰਦੋਲਨ ਦੇ ਸ਼ੁਰੂਆਤੀ ਦਿਨਾਂ ਵਿਚ ‘ਪੈਰਾਂ ਤੇ ਆਉਣਗੇ ਅਤੇ ਸਟ੍ਰੇਚਰਾਂ ਤੇ ਜਾਣਗੇੇ’ ਵਾਲਾ ਬਿਆਨ ਦੇਣ ਵਾਲੇ ਤਰੁਣ ਚੁੱਘ ਨੇ ਦੋ ਵਾਰ ਵਿਧਾਨ ਸਭਾ ਚੋਣਾਂ ਵਿਚ ਹਾਰ ਦਾ ਮੂੰਹ ਦੇਖਿਆ ਹੈ ਤੇ ਭਾਜਪਾ ਵਿਚ ਉਨ੍ਹਾਂ ਨੂੰ ਪਹਿਲਾਂ ਕੌਮੀ ਸਕੱਤਰ ਤੇ ਹੁਣ ਕੌਮੀ ਜਨਰਲ ਸਕੱਤਰ ਬਣਾਇਆ ਗਿਆ ਜੋ ਕਿ ਭਾਜਪਾ ਦੇ ਲਿਹਾਜ਼ ਨਾਲ ਬਹੁਤ ਹੀ ਵੱਡਾ ਅਤੇ ਤਾਕਤ ਵਾਲਾ ਅਹੁਦਾ ਹੈ।

ਇਸ ਤੋਂ ਇਲਾਵਾ ਕੁੱਝ ਆਗੂ ਅਜਿਹੇ ਹੋਰ ਵੀ ਹਨ ਜਿਹੜੇ ਲੋਕਾਂ ਦੀ ਕਚਹਿਰੀ ਵਿਚ ਚੋਣ ਰੂਪੀ ਮੁਕੱਦਮੇ ਤਾਂ ਨਹੀਂ ਜਿੱਤ ਸਕੇ ਪਰ ਪਾਰਟੀ ਦੇ ਅੰਦਰ ਉਨ੍ਹਾਂ ਦੀ ਤੂਤੀ ਬੋਲਦੀ ਹੈ ਜਿਸ ਦੇ ਚਲਦਿਆਂ ਭਾਜਪਾ ਦੇ ਉਨ੍ਹਾਂ ਵਰਕਰਾਂ ਵਿਚ ਨਿਰਾਸ਼ਾ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ। ਜਿਹੜੇ ਲੰਬੇ ਸਮੇਂ ਤੋਂ ਮਿਹਨਤ ਤਾਂ ਕਰ ਰਹੇ ਹਨ ਪਰ ਉਨ੍ਹਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਫਲ ਨਹੀਂ ਮਿਲ ਰਿਹਾ।