ਉਲੰਪਿਕ ਜੇਤੂਆਂ ਨੂੰ ਖ਼ੁਦ ਹੱਥੀਂ ਬਣਾ ਕੇ ਸਵਾਦੀ ਖਾਣਾ ਖੁਆਇਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨ

ਏਜੰਸੀ

ਖ਼ਬਰਾਂ, ਪੰਜਾਬ

ਉਲੰਪਿਕ ਜੇਤੂਆਂ ਨੂੰ ਖ਼ੁਦ ਹੱਥੀਂ ਬਣਾ ਕੇ ਸਵਾਦੀ ਖਾਣਾ ਖੁਆਇਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ!

image

ਨੀਰਜ ਚੋਪੜਾ ਅਤੇ ਪੰਜਾਬ ਦੇ ਉਲੰਪਿਕ ’ਚ ਸ਼ਾਮਲ ਹੋਰ ਸਾਰੇ ਖਿਡਾਰੀ ਵੀ ਬੁਲਾਏ ਸਨ ਰਾਤ ਦੇ ਖਾਣੇ ਲਈ

ਚੰਡੀਗੜ੍ਹ, 8 ਸਤੰਬਰ (ਗੁਰਉਪਦੇਸ਼ ਭੁੱਲਰ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਉਲੰਪਿਕ ਵਿਚ ਤਮਗ਼ਾ ਜੇਤੂ ਪੰਜਾਬ ਦੇ ਖਿਡਾਰੀਆਂ ਅਤੇ ਸੋਨ ਤਮਗ਼ਾ ਜੇਤੂ ਹਰਿਆਣਾ ਦੇ ਨੀਰਜ ਚੋਪੜਾ ਨੂੰ ਸਨਮਾਨ ਲਈ ਅਪਣੇ ਸਿਸਵਾਂ ਫ਼ਾਰਮ ਹਾਊਸ ਵਿਖੇ ਰਾਤ ਦਾ ਖਾਣਾ ਖੁਆਇਆ। ਇਸ ਖਾਣੇ ਦੀ ਜ਼ਿਕਰਯੋਗ ਗੱਲ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਦ ਸਵਾਦੀ ਪਕਵਾਨ ਤਿਆਰ ਕਰਨ ਲਈ ਤੜਕਾ ਲਾਇਆ। ਉਹ ਇਸ ਖਾਣੇ ਦੀ ਤਿਆਰੀ ਵਿਚ ਅੱਜ ਸਵੇਰ ਤੋਂ ਹੀ ਲੱਗ ਗਏ ਸਨ। ਉਨ੍ਹਾਂ ਚਿਕਨ ਤੇ ਚਾਵਲ ਦਾ ਵਿਸ਼ੇਸ਼ ਪਕਵਾਨ ਹੱਥੀਂ ਤਿਆਰ ਕੀਤਾ। 
ਉਲੰਪਿਕ ਖੇਡਾਂ ਵਿਚ ਜਿੱਤ ਤੋਂ ਬਾਅਦ ਇਥੇ ਪਿਛਲੇ ਦਿਨੀਂ ਖਿਡਾਰੀਆਂ ਨੂੰ ਕਰੋੜਾਂ ਰੁਪਏ ਦੇ ਨਗਦ ਇਨਾਮਾਂ ਨਾਲ ਸਨਮਾਨ ਮੌਕੇ ਖਿਡਾਰੀਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਕਿਸੇ ਦਿਨ ਖ਼ੁਦ ਉਨ੍ਹਾਂ ਨੂੰ ਅਪਣੇ ਹੱਥ ਦਾ ਬਣਾਇਆ ਖਾਣਾ ਖੁਆਉਣਗੇ। ਇਸੇ ਵਾਅਦੇ ਨੂੰ ਪੂਰਾ ਕਰਦਿਆਂ ਉਨ੍ਹਾਂ ਅੱਜ ਉਲੰਪਿਕ ਵਿਚ ਤਮਗ਼ਾ ਜੇਤੂ ਪੰਜਾਬ ਦੇ ਖਿਡਾਰੀਆਂ ਤੋਂ ਇਲਾਵਾ ਚੌਥਾ ਸਥਾਨ ਹਾਸਲ ਕਰਨ ਵਾਲੀ ਕੁੜੀਆਂ ਦੀ ਹਾਕੀ ਟੀਮ ਅਤੇ ਫ਼ਾਈਨਲ ਵਿਚ ਪਹੁੰਚਣ ਵਾਲੀ ਡਿਸਕਸ ਥਰੋ ਖਿਡਾਰਨ ਕਮਲਪ੍ਰੀਤ ਕੌਰ ਸਮੇਤ ਉਲੰਪਿਕ ਵਿਚ ਹਿੱਸਾ ਲੈਣ ਵਾਲੇ ਪੰਜਾਬ ਦੇ ਸਾਰੇ ਖਿਡਾਰੀਆਂ ਨੂੰ ਇਸ ਰਾਤ ਦੇ ਖਾਣੇ ਦੀ ਮੇਜ਼ਬਾਨੀ ਕਰਦਿਆਂ ਸੱਦਿਆ ਸੀ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੇ ਭਰਾ ਮਾਲਵਿੰਦਰ ਸਿੰਘ ਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।