Jalandhar Accident News: ਜਲੰਧਰ 'ਚ ਬੇਸਹਾਰਾ ਪਸ਼ੂ ਨਾਲ ਟਕਰਾਈ ਐਕਟਿਵਾ, ਨੌਜਵਾਨ ਦੀ ਹੋਈ ਮੌਤ
Jalandhar Accident News: ਪਸ਼ੂ ਨੇ ਸਿੰਗਾਂ ਨਾਲ ਨੌਜਵਾਨ ਨੂੰ ਕੀਤਾ ਜ਼ਖ਼ਮੀ
Jalandhar Accident News: ਜਲੰਧਰ ਜ਼ਿਲ੍ਹੇ ਦੇ ਮਕਸੂਦਾਂ ਦੀ ਸ਼ਹੀਦ ਭਗਤ ਸਿੰਘ ਕਲੋਨੀ ਵਿਚ ਇਕ 27 ਸਾਲਾ ਨੌਜਵਾਨ ਦੀ ਅਵਾਰਾ ਪਸ਼ੂ ਦੇ ਹਮਲੇ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ ਉਰਫ ਕਿੱਟੀ ਪੁੱਤਰ ਨੰਦ ਸਿੰਘ ਵਾਸੀ ਮਕਸੂਦਾ ਜੀਂਦਾ ਰੋਡ 'ਤੇ ਹੋਈ ਹੈ। ਹਾਲਾਂਕਿ ਪੁਲਿਸ ਵਲੋਂ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਆਪਣੀ ਐਕਟਿਵਾ ’ਤੇ ਦੁੱਧ ਲੈਣ ਜਾ ਰਿਹਾ ਸੀ। ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਉਸ ਨੂੰ ਜ਼ਖ਼ਮੀ ਹਾਲਤ 'ਚ ਜਲੰਧਰ-ਅੰਮ੍ਰਿਤਸਰ ਰੋਡ 'ਤੇ ਸਥਿਤ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜਸਵਿੰਦਰ ਸਿੰਘ ਦੀ ਬੀਤੀ ਰਾਤ ਇਲਾਜ ਦੌਰਾਨ ਮੌਤ ਹੋ ਗਈ।
ਬੀਤੀ ਰਾਤ ਕਰੀਬ 9 ਵਜੇ ਜਸਵਿੰਦਰ ਸਿੰਘ ਦੇ ਪਰਿਵਾਰਕ ਮੈਂਬਰ ਨੇ ਉਸ ਨੂੰ ਘਰੋਂ ਦੁੱਧ ਲੈਣ ਲਈ ਭੇਜਿਆ ਸੀ। ਜਦੋਂ ਉਹ ਥਾਣਾ ਡਵੀਜ਼ਨ 1 ਅਧੀਨ ਪੈਂਦੇ ਇਲਾਕੇ ਸ਼ਹੀਦ ਭਗਤ ਸਿੰਘ ਕਲੋਨੀ ਨੇੜੇ ਸਥਿਤ ਪੈਟਰੋਲ ਪੰਪ ਕੋਲ ਪੁੱਜਾ ਤਾਂ ਉੱਥੇ ਇੱਕ ਅਵਾਰਾ ਪਸ਼ੂ ਆ ਗਿਆ। ਜਿਸ ਕਾਰਨ ਦੋਵਾਂ ਦੀ ਟੱਕਰ ਹੋ ਗਈ।
ਟੱਕਰ ਦੌਰਾਨ ਐਕਟਿਵਾ ਸਵਾਰ ਨੌਜਵਾਨ ਸੜਕ 'ਤੇ ਡਿੱਗ ਗਿਆ। ਪਸ਼ੂ ਦੇ ਸਿੰਗਾਂ ਨਾਲ ਜਸਵਿੰਦਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਇਸ ਦੌਰਾਨ ਉਸ ਦੇ ਪੇਟ ਅਤੇ ਲੱਤਾਂ 'ਤੇ ਗੰਭੀਰ ਸੱਟਾਂ ਲੱਗੀਆਂ। ਰਾਹਗੀਰਾਂ ਨੇ ਉਸ ਨੂੰ ਨੇੜਲੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ। ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।