ਕੇਂਦਰ ਨੇ ਬਾਬਾ ਨਾਨਕ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਮਾਲੀ ਮਦਦ ਬਾਰੇ ਠੂਠਾ ਵਿਖਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਸੀਨੀਅਰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਖੁਲਾਸਾ ਕੀਤਾ ਹੈ ਕਿ ਬਾਬਾ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਬਾਬਤ ਪੰਜਾਬ ਵਲੋਂ..........

Navjot Singh Sidhu

ਚੰਡੀਗੜ੍ਹ  (ਨੀਲ ਭਲਿੰਦਰ ਸਿੰਘ) : ਪੰਜਾਬ ਦੇ ਸੀਨੀਅਰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਖੁਲਾਸਾ ਕੀਤਾ ਹੈ ਕਿ ਬਾਬਾ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਬਾਬਤ ਪੰਜਾਬ ਵਲੋਂ ਕੇਂਦਰ ਕੋਲੋਂ ਮਾਲੀ ਇਮਦਾਦ ਦੀ ਕੀਤੀ ਗਈ ਤਵੱਕੋਂ ਨੂੰ ਬੂਰ ਨਹੀਂ ਪਿਆ। ਉਨ੍ਹਾਂ ਜਲ੍ਹਿਆਂਵਾਲਾ ਬਾਗ ਦੇ ਸ਼ਤਾਬਦੀ ਸਮਾਗਮ ਨੂੰ ਲੈ ਕੇ ਵੀ ਕੇਂਦਰ ਉਤੇ ਲਮਕਾਊ ਰਵੱਈਆ ਅਪਨਾਉਣ ਦੇ ਦੋਸ਼  ਲਾਏ ਹਨ। ਉਨ੍ਹਾਂ ਸਭਿਆਚਾਰਕ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਡਾ. ਮਹੇਸ਼ ਸ਼ਰਮਾ ਨਾਲ ਨਵੀਂ ਦਿਲੀ ਵਿਖੇ ਅਪਣੀ ਹੋਈ ਹਾਲੀਆ ਮੁਲਾਕਾਤ ਦੇ ਲਿਖਤੀ ਵੇਰਵੇ ਅੱਜ ਇਥੇ ਮੀਡੀਆ ਨਾਲ ਸਾਂਝੇ ਕੀਤੇ।

ਉਨ੍ਹਾਂ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਵਲੋਂ ਕੇਂਦਰ ਕੋਲੋਂ 2100 ਕਰੋੜ ਰੁਪਏ ਦੀ ਮਦਦ ਮੰਗੀ ਸੀ ਪਰ ਕੇਂਦਰ ਇਸ ਲਈ ਤਿਆਰ ਨਹੀਂ ਹੈ। ਸਿੱਧੂ ਮੁਤਾਬਿਕ ਕੇਂਦਰ ਨੇ ਇਸ ਬਾਰੇ ਅਪਣੇ ਲਿਖਤੀ ਜਵਾਬ ਚ ਕਹਿ ਦਿੱਤਾ ਹੈ ਕਿ 'ਸਬੰਧਤ' ਖਜ਼ਾਨੇ ਵਿਚ 100 ਕਰੋੜ ਰੁਪਿਆ ਰਖਿਆ ਗਿਆ ਸੀ, ਜਿਸ ਵਿਚੋਂ ਵੀ 65 ਕਰੋੜ ਰੁਪਿਆ ਪਹਿਲਾਂ ਹੀ ਖਰਚਿਆ ਜਾ ਚੁੱਕਾ ਹੈ ਤੇ ਹੁਣ ਮਹਿਜ਼ 35 ਕਰੋੜ ਰੁਪਿਆ ਬਚਿਆ ਹੈ।

ਇਹੀ ਨਹੀਂ ਸਿੱਧੂ ਨੇ ਕਿਹਾ ਕਿ ਜਲ੍ਹਿਆਂਵਾਲ ਬਾਗ ਦਾ ਸ਼ਤਾਬਦੀ ਸਮਾਗਮ ਵੀ ਪੰਜਾਬ ਸਰਕਾਰ  ਵੱਡੇ ਪੱਧਰ ਤੇ ਮਨਾਉਣਾ ਚਾਹੁੰਦੀ ਹੈ ਪਰ ਕੇਂਦਰ ਸਰਕਾਰ ਇਸ ਲਈ ਪੰਜਾਬ ਨੂੰ  ਪੈਸਾ ਖਰਚ ਕਰਨ ਦੀ ਇਜਾਜ਼ਤ ਨਹੀਂ ਦੇ ਰਿਹਾ। ਸਿੱਧੂ ਨੇ ਕਿਹਾ ਕਿ ਬੇਸ਼ਕ ਪੰਜਾਬੀਆਂ ਕੋਲ ਪੈਸਾ ਹੈ ਪਰ ਉਹ ਵੀ ਖ਼ਰਚ ਕਰਨ ਦੀ ਇਜਾਜ਼ਤ ਨਹੀਂ ਮਿਲ ਰਹੀ। ਸਿੱਧੂ ਨੇ ਕਿਹਾ ਕਿ ਜਲ੍ਹਿਆਂਵਾਲਾ ਬਾਗ ਲਈ ਇੱਕ ਟਰੱਸਟ ਬਣਿਆ ਹੋਇਆ ਹੈ ਜੋ ਕੇਂਦਰ ਅਧੀਨ ਹੈ ਤੇ ਇਸ ਲਈ ਕੋਈ ਵੀ ਖ਼ਰਚ ਕਰਨ ਲਈ ਕੇਂਦਰ ਦੀ ਇਜਾਜ਼ਤ ਲੈਣੀ ਪੈਂਦੀ ਹੈ।