ਪੰਜਾਬ ਦੇ ਸਰਕਾਰੀ ਦੇ ਨਿਜੀ ਤਾਪ ਬਿਜਲੀ ਘਰਾਂ ਦਾ ਕੋਲਾ ਭੰਡਾਰ ਖ਼ਤਮ ਹੋਣ ਕੰਢੇ
ਪਟਿਆਲਾ, 8 ਅਕਤੂਬਰ (ਜਸਪਾਲ ਸਿੰਘ ਢਿੱਲੋਂ) : ਪੰਜਾਬ ਅੰਦਰ ਚੱਲ ਰਹੇ ਕਿਸਾਨੀ ਸੰਘਰਸ਼ ਨੇ ਰਾਜ ਦੇ ਸਰਕਾਰੀ ਤੇ ਨਿਜੀ ਤਾਪ ਬਿਜਲੀ ਘਰਾਂ ਲਈ ਨਵੀਂ ਮੁਸੀਬਤ ਪੈਦਾ ਕਰ ਦਿਤੀ ਹੈ, ਕਿਉਂਕਿ ਇਨ੍ਹਾਂ ਤਾਪ ਬਿਜਲੀ ਘਰਾਂ ਕੋਲ ਸੀਮਤ ਕੋਲਾ ਭੰਡਾਰ ਹੈ। ਜੇ ਕਿਸਾਨੀ ਸੰਘਰਸ਼ ਹੋਰ ਲੰਮਾ ਚੱਲ ਜਾਂਦਾ ਹੈ ਤਾਂ ਪੰਜਾਬ ਤੇ ਪੰਜੇ ਤਾਪ ਬਿਜਲੀ ਘਰ ਕੋਲੇ ਕਾਰਨ ਬਿਜਲੀ ਪੈਦਾ ਨਹੀਂ ਕਰ ਸਕਣਗੇ। ਪੰਜਾਬ ਦੇ ਕਈ ਤਾਪ ਬਿਜਲੀ ਘਰਾਂ ਕੋਲ ਤਿੰਨ ਤੋਂ ਚਾਰ ਦਿਨਾਂ ਦਾ ਕੋਲਾ ਰਹਿ ਗਿਆ ਹੈ, ਜਦੋਂ ਕਿ ਗੋਇੰਦਵਾਲ ਸਾਹਿਬ ਦਾ ਨਿੱਜੀ ਤਾਪ ਬਿਜਲੀ ਘਰ ਅੱਜ ਰਾਤ ਨੂੰ ਬੰਦ ਹੋ ਜਾਵੇਗਾ।
ਜੇਕਰ ਸਾਰੇ ਹੀ ਤਾਪ ਬਿਜਲੀ ਘਰਾਂ ਦੀ ਸਥਿਤੀ ਦੇਖੀ ਜਾਵੇ ਤਾਂ ਸਰਕਾਰੀ ਖੇਤਰ ਦੇ ਤਾਪ ਬਿਜਲੀ ਘਰ ਜਿਨ੍ਹਾਂ 'ਚ ਗੁਰੂ ਗੋਬਿੰਦ ਸਾਹਿਬ ਤਾਪ ਬਿਜਲੀ ਘਰ ਰੋਪੜ ਕੋਲ ਇਸ ਵੇਲੇ 85619 ਮੀਟਰਕ ਟਨ ਕੋਲਾ ਬਚਿਆ ਹੈ, ਜਿਸ ਨਾਲ ਇਹ ਤਾਪ ਬਿਜਲੀ ਘਰ ਵੱਧ ਤੋਂ ਵੱਧ ਸਵਾ 6 ਦਿਨ ਹੀ ਚੱਲ ਸਕਦਾ ਹੈ। ਇਸੇ ਤਰ੍ਹਾਂ ਲਹਿਰਾ ਮੁਹੱਬਤ ਤਾਪ ਬਿਜਲੀ ਘਰ ਕੋਲ 69143 ਮੀਟਰਕ ਟਨ ਕੋਲਾ ਹੈ ਜੋ ਇਸ ਤਾਪ ਬਿਜਲੀ ਘਰ ਨੂੰ ਸਵਾ ਚਾਰ ਦਿਨ ਲਈ ਕਾਫੀ ਹੈ। ਇਸੇ ਤਰ੍ਹਾਂ ਜੇ ਨਿੱਜੀ ਤਾਪ ਬਿਜਲੀ ਘਰਾਂ ਦੀ ਕੋਲਾ ਭੰਡਾਰ ਦੀ ਸਥਿਤੀ ਦੇਖੀ ਜਾਵੇ ਤਾਂ ਤਲਵੰਡੀ ਸਾਬੋ ਤਾਪ ਬਿਜਲੀ ਘਰ ਕੋਲ ਇਸ ਵੇਲ 107820 ਮੀਟਰਕ ਟਨ ਕੋਲਾ ਹੈ ਜਿਸ ਨਾਲ ਇਹ ਤਾਪ ਬਿਜਲੀ ਘਰ ਸਿਰਫ 3.19 ਦਿਨ ਅਤੇ ਰਾਜਪੁਰਾ ਦਾ ਨਲਾਸ ਤਾਪ ਬਿਜਲੀ ਘਰ ਜਿਸ ਕੋਲ 115391 ਮੀਟਰਕ ਟਨ ਕੋਲਾ ਭੰਡਾਰ ਹੈ ਜੋ ਸਾਢੇ 6 ਦਿਨਾਂ ਲਈ ਤਾਪ ਬਿਜਲੀ ਘਰ ਨੂੰ ਚਲਾਉਣ ਲਈ ਕਾਫੀ ਹੈ ਅਤੇ ਗੋਇੰਦਵਾਲ ਸਾਹਿਬ ਤਾਪ ਬਿਜਲੀ ਘਰ ਕੋਲ ਸਿਰਫ 6216 ਮੀਟਕਰ ਟਨ ਕੋਲ ਅੱਜ ਰਾਤ ਤਕ ਹੈ। ਭਲਕੇ ਤੋਂ ਇਹ ਤਾਪ ਬਿਜਲੀ ਘਰ ਦਾ ਬਿਜਲੀ ਉਤਪਾਦਨ ਠੱਪ ਹੋ ਜਾਵੇਗਾ। ਇਥੇ ਦਸਣਯੋਗ ਹੈ ਕਿ ਇਸ ਵੇਲੇ ਤਾਪ ਬਿਜਲੀ ਘਰਾਂ ਦਾ ਨਾਜ਼ੁਕ ਸਥਿਤੀ ਵਾਲਾ ਕੋਲਾ ਵੀ ਵਰਤਿਆ ਜਾ ਰਿਹਾ ਹੈ।
ਪ੍ਰਾਪਤ ਜਾਣਕਰੀ ਮੁਤਾਬਕ ਸਬੰਧਤ ਅਧਿਕਾਰੀਆਂ ਨੇ ਰਾਜ ਸਰਕਾਰ ਨੂੰ ਜਾਣੂ ਕਰਵਾ ਦਿਤਾ ਹੈ ਕਿ ਪੰਜਾਬ ਅੰਦਰ ਕਿਸੇ ਵੇਲੇ ਵੀ ਹਨੇਰਾ ਛਾ ਸਕਦਾ ਹੈ ਕਿਉਂਕਿ ਕਿਸਾਨਾਂ ਨੇ ਸੰਘਰਸ਼ ਇਕ ਹਫ਼ਤਾ ਹੋਰ ਅੱਗੇ ਵਧਾ ਦਿਤਾ ਹੈ। ਇਸ ਸਬੰਧੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨ ਜਥੇਬੰਦੀਆਂ ਨਾਲ ਗੱਲ ਕਰੇ। ਗ਼ੌਰਤਲਬ ਹੈ ਕਿ ਅਗਲੇ ਦਿਨਾਂ 'ਚ ਜੇ ਰੇਲ ਆਵਾਜਾਈ ਬਹਾਲ ਨਾ ਹੋਈ ਤਾਂ ਪੰਜਾਬ ਨੂੰ ਕਣਕ ਦੀ ਬਿਜਾਈ ਲਈ ਵੱਡੇ ਖਾਦ ਸੰਕਟ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।