ਰੇਲ ਰੋਕੋ ਅੰਦੋਲਨ 16ਵੇਂ ਦਿਨ ਵੀ ਜਾਰੀ, 11 ਅਕਤੂਬਰ ਤੱਕ ਰੋਕੀਆਂ ਜਾਣਗੀਆਂ ਰੇਲਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨ ਜਥੇਬੰਦੀ ਨੇ ਰੇਲ ਰੋਕੋ ਅੰਦੋਲਨ 11 ਅਕਤੂਬਰ ਤਕ ਵਧਾਇਆ

Farmer Protest

ਅੰਮ੍ਰਿਤਸਰ: ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜੰਡਿਆਲਾ ਗੁਰੂ ਨਜ਼ਦੀਕ ਰੇਲਵੇ ਲਾਈਨ ਪਿੰਡ ਦੇਵੀਦਾਸਪੁਰਾ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਸ਼ੁਰੂ ਕੀਤਾ ਗਿਆ ਰੇਲ ਰੋਕੋ ਅੰਦੋਲਨ 16ਵੇਂ ਦਿਨ ਵਿਚ ਦਾਖਲ ਹੋ ਗਿਆ ਹੈ।

ਇਹ ਮੋਰਚਾ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਸਾਂਝੇ ਤੌਰ 'ਤੇ ਲਗਾਇਆ ਗਿਆ ਹੈ। ਇਸ ਮੋਰਚੇ ਵਿਚ ਕਿਸਾਨਾਂ ਵੱਲੋਂ ਮੋਦੀ ਸਰਕਾਰ ਵੱਲੋਂ ਜਾਰੀ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। 

ਕਿਸਾਨ ਜਥੇਬੰਦੀਆਂ ਵੱਲੋਂ ਕਾਰਪੋਰੇਟ ਘਰਾਣਿਆਂ ਦਾ ਬਾਈਕਾਟ ਕਰਨ ਦਾ ਸੱਦਾ 

ਖੇਤੀ ਕਾਨੂੰਨ ਦਾ ਵਿਰੋਧ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਅਤੇ ਸੁਖਵਿੰਦਰ ਸਿੰਘ ਸਭਰਾ ਦੀ ਅਗਵਾਈ ਹੇਠ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਬੀਤੇ ਦਿਨ ਵੱਖ ਵੱਖ ਸਿਆਸੀ ਪਾਰਟੀਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਸਾੜੇ ਗਏ ਤੇ ਉਹਨਾਂ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਗਿਆ। 

ਰੇਲ ਰੋਕੋ ਅੰਦੋਲਨ 11 ਅਕਤੂਬਰ ਤਕ ਵਧਾਇਆ

ਦੱਸ ਦਈਏ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਕੱਲ ਦਾ ਦਿਨ ਹਰਿਆਣਾ ਦੇ ਕਿਸਾਨਾਂ ਤੋਂ ਖੱਟਰ ਸਰਕਾਰ ਵਲੋਂ ਕੀਤੇ ਜਬਰ ਦੇ ਵਿਰੋਧ 'ਚ ਰੇਲਵੇ ਟਰੈਕ ਦੇਵੀਦਾਸਪੁਰਾ ਵਿਖੇ ਕਾਲੇ ਚੋਲੇ ਪਾ ਕੇ ਕਾਲੇ ਦਿਹਾੜੇ ਵਜੋਂ ਮਨਾਇਆ ਅਤੇ ਖੱਟਰ ਸਰਕਾਰ ਦੀ ਸਖ਼ਤ ਨਿਖੇਧੀ ਕਰਦਿਆਂ ਨਾਅਰੇਬਾਜ਼ੀ ਕੀਤੀ।  

ਇਸ ਦੇ ਨਾਲ ਹੀ ਕਿਸਾਨਾਂ ਵਲੋਂ ਰੇਲਵੇ ਟਰੈਕ ਦੇਵੀਦਾਸਪੁਰਾ ਅੰਮ੍ਰਿਤਸਰ ਤੇ ਬਸਤੀ ਟੈਂਕਾਂ ਵਾਲੀ ਫ਼ਿਰੋਜ਼ਪੁਰ ਵਿਖੇ ਰੇਲ ਰੋਕੋ ਅੰਦੋਲਨ 11 ਅਕਤੂਬਰ ਤਕ ਅੱਗੇ ਵਧਾਇਆ ਗਿਆ।