ਰੋਜ਼ਾਨਾ 1.25 ਲੱਖ ਟਨ ਦੀ ਖ਼ਰੀਦ, ਕੁਲ 6 ਲੱਖ ਟਨ ਹੋ ਗਈ : ਲਾਲ ਸਿੰਘ

ਏਜੰਸੀ

ਖ਼ਬਰਾਂ, ਪੰਜਾਬ

ਰੋਜ਼ਾਨਾ 1.25 ਲੱਖ ਟਨ ਦੀ ਖ਼ਰੀਦ, ਕੁਲ 6 ਲੱਖ ਟਨ ਹੋ ਗਈ : ਲਾਲ ਸਿੰਘ

image


ਚੰਡੀਗੜ੍ਹ, 8 ਅਕਤੂਬਰ (ਜੀ.ਸੀ. ਭਾਰਦਵਾਜ) : ਪਿਛਲੇ ਸਾਲ 204 ਲੱਖ ਟਨ ਝੋਨੇ ਦੀ ਸਰਕਾਰੀ ਖ਼ਰੀਦ ਦੇ ਮੁਕਾਬਲੇ ਐਤਕੀਂ 2021-22 'ਚ ਇਸ ਸੋਨੇ ਰੰਗੀ ਫ਼ਸਲ ਖ਼ਰੀਦ ਦਾ 191 ਲੱਖ ਟਨ ਦਾ ਟੀਚਾ ਸਰ ਕਰਨ ਲਈ ਪੰਜਾਬ ਸਰਕਾਰ ਨੇ ਪਨਗ੍ਰੇਨ, ਪਨਸਪ, ਮਾਰਕਫ਼ੈੱਡ ਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਯਾਨੀ 4 ਏਜੰਸੀਆਂ ਰਾਹੀਂ ਝੋਨੇ ਦੀ ਖਰੀਦ 'ਚ ਤੇਜ਼ੀ ਲਿਆ ਦਿਤੀ ਹੈ | ਅੱਜ ਸ਼ਾਮ ਤਕ 6 ਲੱਖ ਟਨ ਝੋਨੇ ਦੀ ਖ਼ਰੀਦ ਹੋ ਚੁੱਕੀ ਸੀ ਅਤੇ ਮੰਡੀਆਂ 'ਚ ਵਿਕਣ ਲਈ ਆਉਂਦੇ ਝੋਨੇ ਦੀ ਰੋਜ਼ਾਨਾ ਆਮਦ, ਪਹਿਲੇ ਦਿਨ ਕੇਵਲ 70,000 ਟਨ ਦੇ ਮੁਕਾਬਲੇ ਅੱਜ 1.25 ਲੱਖ ਟਨ ਤਕ ਵਧ ਚੁੱਕੀ ਸੀ |
ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਰੋਜ਼ਾਨਾ ਸਪੋਕਸਮੈਨ ਨੂੰ  ਦਸਿਆ ਕਿ ਕਿਸਾਨਾਂ ਨੂੰ  ਫ਼ਸਲ ਖਰੀਦ ਦੀ ਅਦਾਇਗੀ 48 ਘੰਟੇ ਦੇ ਅੰਦਰ-ਅੰਦਰ ਉਨ੍ਹਾਂ ਦੇ ਬੈਂਕ ਖਾਤਿਆਂ 'ਚ ਪਾਈ ਜਾ ਰਹੀ ਹੈ ਅਤੇ ਕੁਲ 35712 ਕਰੋੜ ਦੀ ਕੈਸ਼ ਕ੍ਰੈਡਿਟ ਲਿਮਟ, ਕੇਂਦਰ ਵਲੋਂ ਜਾਰੀ ਹੋ ਚੁੱਕੀ ਹੈ | ਜੇ ਜ਼ਰੂਰਤ ਪਈ ਤਾਂ ਬਾਕੀ ਦੀ ਲਿਮਟ 8000 ਕਰੋੜ ਵੀ ਬੈਂਕਾਂ ਨੂੰ  ਭੇਜਣ ਦਾ ਵਾਅਦਾ ਕੇਂਦਰ ਸਰਕਾਰ ਨੇ ਕੀਤਾ ਹੈ |
ਅਨਾਜ ਸਪਲਾਈ ਮੰਤਰੀ ਨੇ ਦਸਿਆ ਕਿ ਝੋਨਾ ਭਰਨ ਲਈ 50-50 ਕਿਲੋ ਦੇ ਥੈਲਿਆਂ ਦਾ ਪ੍ਰਬੰਧ 9,67,000 ਗੰਢਾਂ ਦਾ ਇੰਤਜਾਮ ਹੋ ਗਿਆ ਹੈ ਜਿਨ੍ਹਾਂ 'ਚ 4,80,000 ਪੁਰਾਣੀਆਂ ਸਨ ਤੇ ਬਾਕੀ 5,32,000 ਗੰਢਾਂ ਨਵੀਆਂ ਮੰਗਵਾਈਆਂ ਹਨ | ਇਕ ਗੰਢ 'ਚ 500 ਥੈਲੇ-ਬੋਰੀਆਂ ਹੁੰਦੀਆਂ ਹਨ |
ਭਾਰਤ ਭੂਸ਼ਣ ਆਸ਼ੂ ਨੇ ਦਸਿਆ ਕਿ ਬੇਮੌਸਮੀ ਬਾਰਿਸ਼ ਤੋਂ ਬਾਅਦ ਹੁਣ ਮੌਸਮ ਖੁਲ੍ਹ ਗਿਆ ਹੈ, ਝੋਨੇ 'ਚ ਨਮੀ ਘਟ ਰਹੀ ਹੈ ਅਤੇ ਹੋਰ 10 ਦਿਨਾਂ ਬਾਅਦ ਮੰਡੀਆਂ 'ਚ ਰੋਜ਼ਾਨਾ ਆਮਦ 5 ਤੋਂ 6 ਲੱਖ ਟਨ ਤਕ ਪਹੁੰਚ ਜਾਵੇਗੀ ਅਤੇ ਕੁਲ ਖਰੀਦ ਦਾ ਟੀਚਾ 30 ਨਵੰਬਰ ਤਕ ਪੂਰਾ ਹੋ ਜਾਵੇਗਾ |
ਮੰਡੀਆਂ 'ਚ ਹਾਲਾਤ ਬਾਰੇ ਜਦੋਂ ਰੋਜ਼ਾਨਾ ਸਪੋਕਸਮੈਨ ਨੇ ਚੇਅਰਮੈਨ ਪੰਜਾਬ ਮੰਡੀ ਬੋਰਡ ਨਾਲ ਮੁਲਾਕਾਤ ਕੀਤੀ ਤਾਂ ਸ. ਲਾਲ ਸਿੰਘ ਨੇ ਦਸਿਆ ਕਿ 1872 ਪੱਕੀਆਂ ਮੰਡੀਆਂ ਅਤੇ 800 ਆਰਜ਼ੀ ਖਰੀਦ ਕੇਂਦਰਾਂ 'ਚ ਪਾਣੀ, ਬਿਜਲੀ, ਟਾਇਲਟ, ਸੈਨੀਟਾਈਜ਼ਰ ਤੇ ਸਾਫ਼-ਸਫ਼ਾਈ ਦੇ ਪ੍ਰਬੰਧ ਪੂਰੇ ਹਨ | ਉਨ੍ਹਾਂ ਕਿਹਾ ਕਿ ਮੰਡੀ ਬੋਰਡ, ਚਾਰੋਂ ਖ਼ਰੀਦ ਏਜੰਸੀਆਂ, ਆੜ੍ਹਤੀ-ਸ਼ੈਲਰ ਮਾਲਕਾਂ ਦਾ ਸਾਰਾ ਸਟਾਫ਼ ਗਿਣ ਕੇ ਕੁਲ 12 ਤੋਂ 15000 ਵਿਅਕਤੀ ਦਿਨ-ਰਾਤ, ਇਸ ਵੱਡੀ ਖਰੀਦ ਦੇ ਮਹੱਤਵਪੂਰਨ ਕੰਮ 'ਚ ਰੁੱਝੇ ਹੋਏ ਹਨ |
ਸ. ਲਾਲ ਸਿੰਘ ਨੇ ਦਸਿਆ ਕਿ ਪੰਜਾਬ 'ਚ ਕੁਲ 9 ਲੱਖ ਤੋਂ ਵੱਧ ਕਿਸਾਨ ਪਰਵਾਰ ਹਨ ਜਿਨ੍ਹਾਂ ਨੂੰ  ਕੋਵਿਡ ਮਹਾਂਮਾਰੀ ਦੇ ਚਲਦਿਆਂ ਮੰਡੀਆਂ 'ਚ ਭੀੜ ਕੰਟਰੋਲ ਕਰਨ ਲਈ ਰੋਜ਼ਾਨਾ ਟੋਕਨ ਜਾਰੀ ਕੀਤੇ ਜਾ ਰਹੇ ਹਨ |