ਸ਼੍ਰੋਮਣੀ ਕਮੇਟੀਵਲੋਂ ਸਿੱਖਮਿਸ਼ਨਰੀ ਕਾਲਜ ਦੀਵਿਆਕ੍ਰਣਿਕ ਸੰਥਿਆਸ਼ੈਲੀ ਨੂੰ ਪ੍ਰਚਾਰਨ ਦੀ ਲੋੜ ਗਿ.ਜਾਚਕ

ਏਜੰਸੀ

ਖ਼ਬਰਾਂ, ਪੰਜਾਬ

ਸ਼੍ਰੋਮਣੀ ਕਮੇਟੀ ਵਲੋਂ ਸਿੱਖ ਮਿਸ਼ਨਰੀ ਕਾਲਜ ਦੀ ਵਿਆਕ੍ਰਣਿਕ ਸੰਥਿਆ ਸ਼ੈਲੀ ਨੂੰ  ਪ੍ਰਚਾਰਨ ਦੀ ਲੋੜ : ਗਿ. ਜਾਚਕ

image

ਕੋਟਕਪੂਰਾ, 8 ਅਕਤੂਬਰ (ਗੁਰਿੰਦਰ ਸਿੰਘ) : ਹੁਣ ਤਾਂ ਕਿਸੇ ਨੂੰ  ਵੀ ਕੋਈ ਭੁਲੇਖਾ ਨਹੀਂ ਕਿ ਕੇਂਦਰ ਦੀ ਮੋਦੀ ਸਰਕਾਰ ਭਾਰਤ ਨੂੰ  ਹਿੰਦੂ ਰਾਸ਼ਟਰ ਵਿਚ ਬਦਲਣ ਵਾਸਤੇ ਹਿੰਦੀ ਨੂੰ  ਰਾਸ਼ਟਰੀ ਭਾਸ਼ਾ ਵਜੋਂ ਸਥਾਪਤ ਕਰਨ ਲਈ ਯਤਨਸ਼ੀਲ ਹੈ | ਇਸ ਲਈ ਉਹ ਪੰਜਾਬ ਦੀਆਂ ਯੂਨੀਵਰਸਿਟੀਆਂ ਰਾਹੀਂ ਗੁਰਬਾਣੀ ਪਾਠ ਦੀ ਸਦੀਆਂ ਤੋਂ ਸਥਾਪਤ ਹੋਈ ਪੰਜਾਬੀ ਉਚਾਰਣ ਵਾਲੀ ਸੰਥਿਆ ਸ਼ੈਲੀ ਨੂੰ  ਬਦਲ ਕੇ ਰਮਾਇਣ ਦੇ ਪਾਠ ਦੀ ਤਰਜ਼ 'ਤੇ ਹਿੰਦੀ ਉਚਾਰਣ ਵਾਲੀ ਸੰਥਿਆ ਸ਼ੈਲੀ ਨੂੰ  ਪ੍ਰਚਾਰਨ ਲਈ ਉਪਰਾਲੇ ਕਰ ਰਹੀ ਹੈ | 
ਪੰਜਾਬੀ ਯੂਨੀਵਰਸਿਟੀ ਪਟਿਆਲਾ ਇਸ ਪੱਖੋਂ ਸੱਭ ਤੋਂ ਮੂਹਰੇ ਹੈ | ਹੁਣ ਜਦੋਂ ਗਿ. ਹਰਪ੍ਰੀਤ ਸਿੰਘ ਦੇ ਵੀਡੀਉ ਸੰਦੇਸ਼ ਮੁਤਾਬਕ ਗੁਰਚਰਨ ਸਿੰਘ ਟੌਹੜਾ ਗੁਰਮਤਿ ਇੰਸਟੀਚਿਊਟ ਪਟਿਆਲਾ ਵਿਖੇ ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ 11 ਅਕਤੂਬਰ ਤੋਂ 15 ਅਕਤੂਬਰ ਤਕ ਗੁਰਬਾਣੀ ਸੰਥਿਆ ਦੀ ਪੰਜ ਰੋਜ਼ਾ ਕਾਰਜਸ਼ਾਲਾ ਲਾਈ ਜਾ ਰਹੀ ਹੈ ਤਾਂ ਸ਼੍ਰੋਮਣੀ ਕਮੇਟੀ ਅਤੇ ਜਥੇਦਾਰ ਜੀ ਨੂੰ  ਉਪਰੋਕਤ ਸਰਕਾਰੀ ਸਾਜ਼ਸ਼ ਨੂੰ  ਧਿਆਨ ਵਿਚ ਰਖਣਾ ਅਤਿਅੰਤ ਲਾਜ਼ਮੀ ਹੈ | ਖ਼ਾਲਸਾ ਪੰਥ ਨੂੰ  ਸੁਚੇਤ ਕਰਨ ਵਾਲੇ ਇਹ ਵਿਚਾਰ ਹਨ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿ. ਜਗਤਾਰ ਸਿੰਘ ਜਾਚਕ ਦੇ, ਜੋ ਉਨ੍ਹਾਂ ਈਮੇਲ ਰਾਹੀਂ ਅਦਾਰਾ ਸਪੋਕਸਮੈਨ ਨੂੰ  ਭੇਜੇ ਹਨ, ਕਿਉਂਕਿ ਉਹ ਮੰਨਦੇ ਹਨ ਕਿ ਰੋਜ਼ਾਨਾ ਸਪੋਕਸਮੈਨ ਚੰਡੀਗੜ ਪੰਥਕ ਪਹਿਰੇਦਾਰੀ ਦਾ ਹੋਕਾ ਦੇਣ ਵਾਲਾ ਪ੍ਰਮੁੱਖ ਅਖ਼ਬਾਰ ਹੈ | 
ਉਨ੍ਹਾਂ ਜਥੇਦਾਰ ਦੇ ਵਿਚਾਰਾਂ ਦੀ ਪ੍ਰੋੜਤਾ ਕਰਦਿਆਂ ਗੁਰਬਾਣੀ ਸੰਥਿਆ ਪੱਖੋਂ ਜਿਥੇ ਉਪਰੋਕਤ ਉਪਰਾਲੇ ਦੀ ਸ਼ਲਾਘਾ ਕੀਤੀ ਹੈ, ਉਥੇ ਇਹ ਵੀ ਕਿਹਾ ਕਿ ਅੱਜ ਤੋਂ ਲਗਭਗ 100 ਸਾਲ ਪਹਿਲਾਂ ਮਈ 1927 ਵਿਚ ਜਦੋਂ ਸ਼੍ਰੋਮਣੀ ਕਮੇਟੀ ਨੇ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਨੂੰ  ਸਮਰਪਤ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸਥਾਪਤ ਕੀਤਾ ਸੀ ਤਾਂ ਉਸ ਵੇਲੇ ਸਿੱਖ ਜਗਤ ਵਿਚ ਭਾਵੇਂ ਗੁਰਬਾਣੀ ਦੀ ਸੰਪਰਦਾਈ ਸੰਥਿਆ ਸ਼ੈਲੀ ਪ੍ਰਭਾਵਸ਼ਾਲੀ ਸੀ, ਪਰ ਫਿਰ ਵੀ ਉਸ ਮੌਕੇ ਵਿਦਵਾਨ ਤੇ ਅਗਾਂਹ-ਵਧੂ ਸਿਖ ਆਗੂਆਂ ਨੇ 'ਸ਼ਬਦਾਰਥ ਗੁਰੂ ਗ੍ਰੰਥ ਸਾਹਿਬ' ਜੀ ਦੇ ਕਰਤਾ ਅਤੇ ਖ਼ਾਲਸਾ ਕਾਲਜ ਅੰਮਿ੍ਤਸਰ ਦੇ ਪਿੰ੍ਰਸੀਪਲ ਤੇਜਾ ਸਿੰਘ ਹੁਰਾਂ ਵਲੋਂ ਸਥਾਪਤ ਸੰਥਿਆ ਸ਼ੈਲੀ ਨੂੰ  ਹੀ ਕਾਲਜ ਵਿਚ ਲਾਗੂ ਕੀਤਾ | ਪਿ੍ੰਸੀਪਲ ਸਾਹਿਬ ਸਿੰਘ ਦੇ 'ਗੁਰੂ ਗ੍ਰੰਥ ਸਾਹਿਬ ਦਰਪਣ' ਦੀ ਪ੍ਰਕਾਸ਼ਨਾ ਸਦਕਾ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿਚਲੀ ਗੁਰਬਾਣੀ ਦੀ ਵਿਆਕ੍ਰਣਿਕ ਸੰਥਿਆ ਸ਼ੈਲੀ ਸੰਸਾਰ ਭਰ ਵਿਚ ਪ੍ਰਕਾਸ਼ਮਾਨ ਹੋਈ | ਇਹੀ ਕਾਰਨ ਸੀ ਕਿ ਅਗੱਸਤ 1979 ਵਿਚ ਜਦੋਂ ਸ਼੍ਰੋਮਣੀ ਕਮੇਟੀ ਦੀ ਸਰਪ੍ਰਸਤੀ ਹੇਠ ਕੇਂਦਰੀ ਸਿੰਘ ਸਭਾ ਨੇ 'ਸਮੁੰਦਰੀ ਤੇਜਾ ਸਿੰਘ ਹਾਲ' ਤੋਂ ਪਾਠ-ਬੋਧ ਸਮਾਗਮਾਂ ਦੀ ਲੜੀ ਸ਼ੁਰੂ ਕੀਤੀ ਤਾਂ ਉਸ ਮੌਕੇ ਵੀ ਪਿ੍ੰਸੀਪਲ ਤੇਜਾ ਸਿੰਘ ਤੇ ਪਿ੍ੰਸੀਪਲ ਸਾਹਿਬ ਸਿੰਘ ਵਾਲੀ ਸੰਥਿਆ ਸ਼ੈਲੀ ਨੂੰ  ਹੀ ਅਪਨਾਇਆ ਗਿਆ | ਲੁਧਿਆਣੇ ਤੇ ਰੋਪੜ ਵਿਚ ਕਾਇਮ ਹੋਏ ਸਿੱਖ ਮਿਸ਼ਨਰੀ ਕਾਲਜਾਂ ਨੇ ਵੀ ਅਜਿਹੀ ਪੰਥਕ ਜੁਗਤਿ ਅਧੀਨ ਹੀ ਹਰਿਮੰਦਰ ਸਿੰਘ ਬੰਬੇ ਵਾਲਿਆਂ ਦੇ ਸਹਿਯੋਗ ਨਾਲ 50 ਦੇ ਲਗਭਗ ਪਾਠ-ਬੋਧ ਸਮਾਗਮ ਕਰ ਕੇ ਇਸ ਵਿਆਕ੍ਰਣਿਕ ਸੰਥਿਆ ਸ਼ੈਲੀ ਨੂੰ  ਸੰਸਾਰ ਭਰ ਵਿਚ ਪ੍ਰਚਾਰਿਆ ਤੇ ਪ੍ਰਵਾਨ ਚੜ੍ਹਾਇਆ | 
ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਪਿ੍ੰਸੀਪਲ ਹਰਿਭਜਨ ਸਿੰਘ ਹੁਰਾਂ ਨੇ 1975 ਵਿਚ ਸਾਡੀ ਪ੍ਰਚਾਰਕ ਕਲਾਸ ਵਿਚ ਜਾਣਕਾਰੀ ਸਾਂਝੀ ਕੀਤੀ ਸੀ ਕਿ ਪਿ੍ੰਸੀਪਲ ਡਾ. ਤਾਰਨ ਸਿੰਘ ਦੇ ਵੇਲੇ ਤੋਂ ਹੀ ਕੇਂਦਰ ਸਰਕਾਰ ਯਤਨਸ਼ੀਲ ਹੋ ਗਈ ਸੀ ਕਿ ਮੁਢਲੇ ਸਿੱਖ ਮਿਸ਼ਨਰੀ ਕਾਲਜ ਨੂੰ  ਕਿਸੇ ਯੂਨੀਵਰਸਿਟੀ ਨਾਲ ਜੋੜ ਕੇ ਇਥੋਂ ਦੀ ਸੰਥਿਆ ਸ਼ੈਲੀ ਤੇ ਵਿਆਖਿਆ ਨੂੰ  ਗੁਰਇਤਿਹਾਸ ਦੇ ਵਿਗਾੜਣ ਵਾਂਗ ਹੇਂਦਵੀ ਉਚਾਰਣ ਵਾਲੇ ਪੌਰਾਣਿਕ ਰੰਗ ਵਿਚ ਰੰਗ ਕੇ ਵਿਦਿਆਰਥੀਆਂ ਦੀ ਪ੍ਰਚਾਰ ਸ਼ੈਲੀ ਨੂੰ  ਪ੍ਰਭਾਵਤ ਕੀਤਾ ਜਾਵੇ | ਪਰ ਉਨ੍ਹਾਂ ਦੋਵਾਂ ਪੰਥ-ਪ੍ਰਸਤ ਵਿਦਵਾਨਾਂ ਦੇ ਡਟਵੇਂ ਵਿਰੋਧ ਕਾਰਣ ਸ਼੍ਰੋਮਣੀ ਕਮੇਟੀ ਨੇ ਅਜਿਹੀ ਕਾਰਵਾਈ ਨੂੰ  ਸਦਾ ਵਾਸਤੇ ਠੱਪ ਕਰ ਦਿਤਾ ਸੀ | ਪਰ ਹੁਣ ਇਉਂ ਜਾਪਦਾ ਹੈ ਕਿ ਪਟਿਆਲੇ ਦਾ ਗੁਰਮਤਿ ਕਾਲਜ ਅਤੇ ਟੌਹੜਾ ਗੁਰਮਤਿ ਇੰਸਟੀਚਿਊਟ ਕੇਂਦਰ ਸਰਕਾਰ ਦੀ ਅਜਿਹੀ ਬਿਪਰਵਾਦੀ ਕੁਟਿਲ ਚਾਲ ਦੇ ਚਕ੍ਰਵਿਊ ਵਿਚ ਫਸ ਚੁੱਕੇ ਹਨ | ਇਸ ਲਈ ਸ਼੍ਰੋਮਣੀ ਕਮੇਟੀ ਨੂੰ  ਚਾਹੀਦਾ ਹੈ ਕਿ ਉਪਰੋਕਤ ਪੱਖੋਂ  ਖ਼ੂਬ ਸਾਵਧਾਨੀ ਵਰਤੇ ਅਤੇ ਅਪਣੇ ਮੋਢੀ ਸਿੱਖ ਆਗੂਆਂ ਤੇ ਸਿੱਖ ਵਿਦਵਾਨਾਂ ਵਲੋਂ ਸਥਾਪਤ ਵਿਆਕ੍ਰਣਿਕ ਸੰਥਿਆ ਸ਼ੈਲੀ ਨੂੰ  ਹੀ ਪੰਥ ਦੀ ਮੁਖ ਧਾਰਾ ਵਜੋਂ ਪ੍ਰਚਾਰੇ ਤੇ ਸਥਾਪਤ ਕਰਨ ਦੇ ਉਪਰਾਲੇ ਕਰੇ |