'ਤੁਸੀਂ ਸਾਰੇ ਕੰਸ ਦੇ ਬੱਚੇ, ਤੁਹਾਡੇ ਸਫ਼ਾਏ ਲਈ ਮੈਂ ਪੈਦਾ ਹੋਇਆ ਹਾਂ'
'ਤੁਸੀਂ ਸਾਰੇ ਕੰਸ ਦੇ ਬੱਚੇ, ਤੁਹਾਡੇ ਸਫ਼ਾਏ ਲਈ ਮੈਂ ਪੈਦਾ ਹੋਇਆ ਹਾਂ'
ਵਡੋਦਰਾ, 8 ਅਕਤੂਬਰ : ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਗੁਜਰਾਤ ਵਿਚ ਭਾਰਤੀ ਜਨਤਾ ਪਾਰਟੀ ਦਾ ਨਾਂ ਲਏ ਬਿਨਾਂ ਤਿੱਖੇ ਹਮਲੇ ਕੀਤੇ | ਦਿੱਲੀ ਦੇ ਮੰਤਰੀ ਰਾਜੇਂਦਰ ਪਾਲ ਗੌਤਮ ਵਲੋਂ ਹਿੰਦੂ ਦੇਵੀ-ਦੇਵਤਿਆਂ ਨੂੰ ਲੈ ਕੇ ਸਹੁੰ ਚੁਕਾਉਣ ਤੋਂ ਬਾਅਦ ਸ਼ੁਰੂ ਹੋਏ ਵਿਵਾਦ ਵਿਚ ਕੇਜਰੀਵਾਲ ਨੇ ਸਖ਼ਤ ਜਵਾਬੀ ਕਾਰਵਾਈ ਕੀਤੀ |
ਵਡੋਦਰਾ ਵਿਚ ਤਿਰੰਗਾ ਯਾਤਰਾ 'ਚ ਹਿੱਸਾ ਲੈਂਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੇ ਖ਼ਿਲਾਫ਼ ਲਗਾਏ ਗਏ ਪੋਸਟਰਾਂ ਨੇ ਭਗਵਾਨ ਦਾ ਅਪਮਾਨ ਕੀਤਾ ਹੈ | ਉਨ੍ਹਾਂ ਕਿਹਾ ਕਿ ਇਹ ਸਾਰੇ ਕੰਸ ਦੇ ਬੱਚੇ ਹਨ ਅਤੇ ਇਨ੍ਹਾਂ ਦਾ ਨਾਸ਼ ਕਰਨ ਲਈ ਉਨ੍ਹਾਂ ਦਾ ਜਨਮ ਹੋਇਆ ਹੈ | ਦਿੱਲੀ ਦੇ ਮੁੱਖ ਮੰਤਰੀ ਨੇ ਅਪਣੇ ਆਪ ਨੂੰ ਹਨੂੰਮਾਨ ਦਾ ਕੱਟੜ ਭਗਤ ਦਸਿਆ ਅਤੇ ਕਿਹਾ ਕਿ ਉਨ੍ਹਾਂ ਦਾ ਜਨਮ ਜਨਮ ਅਸ਼ਟਮੀ ਵਾਲੇ ਦਿਨ ਹੋਇਆ ਸੀ | ਵਡੋਦਰਾ 'ਚ ਜਨਤਾ ਨੂੰ ਸੰਬੋਧਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਇੰਨੀ ਬਾਰਸ਼ 'ਚ ਤੁਸੀਂ ਇੰਨੇ ਘੰਟੇ ਤੋਂ ਇੰਤਜ਼ਾਰ ਕਰ ਰਹੇ ਹੋ | ਖ਼ਰਾਬ ਮੌਸਮ ਕਾਰਨ ਅਸੀਂ ਹੈਲੀਕਾਪਟਰ ਰਾਹੀਂ ਨਹੀਂ ਆ ਸਕੇ ਪਰ ਤੁਹਾਨੂੰ ਮਿਲਣਾ ਸੀ ਇਸ ਲਈ ਅਸੀਂ ਤਿੰਨ ਘੰਟੇ ਦਾ ਸਫ਼ਰ ਕਰ ਕੇ ਸੜਕ ਰਾਹੀਂ ਆਏ ਹਾਂ | ਦੋਸਤੋ ਆਈ ਲਵ ਯੂ ਟੂ |
ਉਨ੍ਹਾਂ ਅੱਗੇ ਕਿਹਾ, 'ਮੈਂ ਤੁਹਾਡੇ ਨਾਲ ਇਕ ਜ਼ਰੂਰੀ ਗੱਲ ਕਰਨੀ ਹੈ, ਮੈਂ ਦੇਖ ਰਿਹਾ ਹਾਂ ਜਦੋਂ ਤੋਂ ਮੇਰਾ ਅੱਜ ਗੁਜਰਾਤ ਆਉਣਾ ਤੈਅ ਹੋਇਆ ਹੈ | ਇਨ੍ਹਾਂ ਲੋਕਾਂ ਨੇ ਗੁਜਰਾਤ ਦੇ ਵੱਖ-ਵੱਖ ਸ਼ਹਿਰਾਂ ਵਿਚ ਮੇਰੇ ਖ਼ਿਲਾਫ਼ ਪੋਸਟਰ ਅਤੇ ਹੋਰਡਿੰਗ ਲਗਾਏ ਹਨ | ਇਹ ਠੀਕ ਹੈ | ਇਹ ਲੋਕ ਮੇਰੇ ਤੋਂ ਨਫ਼ਰਤ ਕਰਦੇ ਹਨ | ਮੈਨੂੰ ਇਹ ਲੋਕ ਜੋ ਵੀ ਕੁੱਝ ਕਹਿਣ ਉਹ ਠੀਕ ਹੈ | ਪਰ ਇਨ੍ਹਾਂ ਲੋਕਾਂ ਨੇ ਭਗਵਾਨ ਦਾ ਅਪਮਾਨ ਕੀਤਾ ਹੈ | ਇਨ੍ਹਾਂ ਨੇ ਭਗਵਾਨ ਦੇ ਖ਼ਿਲਾਫ਼ ਇੰਨੇ ਅਪਮਾਨਜਨਕ ਸ਼ਬਦ ਕਹੇ ਹਨ | ਮੈਂ ਇਕ ਧਾਰਮਕ ਆਦਮੀ ਹਾਂ | ਮੈਂ ਹਨੂੰਮਾਨ ਜੀ ਦਾ ਪੱਕਾ ਸ਼ਰਧਾਲੂ ਹਾਂ | ਇਹ ਸਾਰੀਆਂ ਸ਼ੈਤਾਨੀ ਸ਼ਕਤੀਆਂ ਮੇਰੇ ਵਿਰੁਧ ਇਕੱਠੀਆਂ ਹੋ ਗਈਆਂ ਹਨ | ਮੁੱਖ ਮੰਤਰੀ ਨੇ ਅੱਗੇ ਕਿਹਾ, 'ਰੱਬ ਸਾਡੇ ਨਾਲ ਹੈ, ਲੋਕ ਸਾਡੇ ਨਾਲ ਹਨ | ਲੋਕ ਬਦਲਾਅ ਚਾਹੁੰਦੇ ਹਨ | ਜਿਸ ਕਾਰਨ ਉਹ ਬੌਖਲਾਏ ਹੋਏ ਹਨ | (ਏਜੰਸੀ)