ਕਰਜ਼ੇ ਤੋਂ ਤੰਗ ਆ ਕੇ ਖੇਤ ਮਜ਼ਦੂਰ ਨੇ ਕੀਤੀ ਖ਼ੁਦਕੁਸ਼ੀ
ਪਿੰਡ ਨੀਲੋਵਾਲ ਦਾ ਰਹਿਣ ਵਾਲਾ ਸੀ ਮ੍ਰਿਤਕ ਸਤਿਗੁਰ ਸਿੰਘ
ਸੁਨਾਮ : ਅੱਜ ਸਵੇਰੇ ਨੇੜਲੇ ਪਿੰਡ ਨੀਲੋਵਾਲ ਦੇ ਇਕ ਖੇਤ ਮਜ਼ਦੂਰ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਮਿਲੀ ਹੈ। ਪੁਲਿਸ ਚੌਂਕੀ ਨਵੀਂ ਅਨਾਜ ਮੰਡੀ ਦੇ ਸਹਾਇਕ ਥਾਣੇਦਾਰ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਸਤਿਗੁਰ ਸਿੰਘ (58) ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਨੀਲੋਵਾਲ ਜੋ ਕਿ ਪਿੰਡ ਦੇ ਹੀ ਇਕ ਕਿਸਾਨ ਨਾਲ ਕੰਮ ਕਰਦਾ ਸੀ ਉਸ ਨੇ ਖ਼ੁਦਕੁਸ਼ੀ ਕਰ ਲਈ ਹੈ।
ਇਹ ਘਟਨਾ ਅੱਜ ਸਵੇਰੇ 10 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਘਰ 'ਚ ਗਰੀਬੀ ਅਤੇ ਆਰਥਿਕ ਤੰਗੀ ਦੇ ਨਾਲ-ਨਾਲ ਸਿਰ 'ਤੇ ਕਰਜ਼ਾ ਹੋਣ ਕਾਰਨ ਸਤਿਗੁਰ ਸਿੰਘ ਬਹੁਤ ਪ੍ਰੇਸ਼ਾਨ ਰਹਿੰਦਾ ਸੀ ਜਿਸ ਦੇ ਚਲਦੇ ਉਸ ਨੇ ਅੱਜ ਸਵੇਰੇ ਸੁਨਾਮ ਨੇੜੇ ਖੇਤ 'ਚ ਦਰੱਖਤ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਆਪਣੇ ਪਿੱਛੇ ਦੋ ਪੁੱਤਰ ਇਕ ਧੀ ਅਤੇ ਆਪਣੀ ਧਰਮ ਪਤਨੀ ਨੂੰ ਛੱਡ ਗਿਆ ਹੈ।
ਪੁੱਤਰ ਜੋਗਾ ਸਿੰਘ, ਪੁੱਤਰ ਮੱਖਣ ਸਿੰਘ ਅਤੇ ਧੀ ਰਾਜ ਕੌਰ ਜੋ ਕਿ ਵਿਆਹੀ ਹੋਈ ਹੈ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਖੇਤ ਮਾਲਕ ਰਛਪਾਲ ਸਿੰਘ ਪਾਲੀ ਨੇ ਦੱਸਿਆ ਕਿ ਸਤਿਗੁਰ ਸਿੰਘ ਦੇ ਸਿਰ ਉੱਪਰ ਵਿਆਹਾਂ ਦਾ ਕਰਜ਼ਾ ਕਾਫੀ ਸੀ ਅਤੇ ਉਹ ਪ੍ਰੇਸ਼ਾਨ ਵੀ ਰਹਿੰਦਾ ਸੀ। ਪੁਲਿਸ ਚੌਕੀ ਇੰਚਾਰਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਤਿਗੁਰ ਸਿੰਘ ਦੇ ਪੁੱਤਰ ਜੋਗਾ ਸਿੰਘ ਦੇ ਬਿਆਨਾਂ ਉਪਰ 174 ਦੀ ਕਾਰਵਾਈ ਕੀਤੀ ਗਈ ਹੈ। ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕੀਤੀ ਗਈ।