ਮੋਹਾਲੀ ਦੇ ਕਾਰੋਬਾਰੀ ਦੇ ਖੁਦਕੁਸ਼ੀ ਮਾਮਲੇ ’ਚ ਨਾਮਜ਼ਦ ਏਆਈਜੀ ਗੁਰਜੋਤ ਸਿੰਘ ਕਲੇਰ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ
6 ਨਵੰਬਰ ਤੱਕ ਏ.ਆਈ.ਜੀ. ਖਿਲਾਫ਼ ਕਿਸੇ ਵੀ ਕਾਰਵਾਈ ’ਤੇ ਲਗਾਈ ਰੋਕ
ਚੰਡੀਗੜ੍ਹ: ਮੋਹਾਲੀ ਦੇ ਕਾਰੋਬਾਰੀ ਰਾਜਬੀਰ ਸਿੰਘ ਦੇ ਖੁਦਕੁਸ਼ੀ ਮਾਮਲੇ ਵਿੱਚ ਨਾਮਜ਼ਦ ਏ.ਆਈ.ਜੀ. ਗੁਰਜੋਤ ਸਿੰਘ ਕਲੇਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਉਨ੍ਹਾਂ ਖ਼ਿਲਾਫ਼ 6 ਨਵੰਬਰ ਤੱਕ ਕਿਸੇ ਵੀ ਅਗਲੀ ਕਾਰਵਾਈ ’ਤੇ ਰੋਕ ਲਗਾ ਦਿੱਤੀ ਹੈ। ਮੋਹਾਲੀ ਦੀ ਇੱਕ ਹੇਠਲੀ ਅਦਾਲਤ ਵੱਲੋਂ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਰੱਦ ਕੀਤੇ ਜਾਣ ਤੋਂ ਬਾਅਦ ਏ.ਆਈ.ਜੀ. ਕਲੇਰ ਨੇ ਹਾਈ ਕੋਰਟ ਵਿੱਚ ਰੈਗੂਲਰ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ। ਸੁਣਵਾਈ ਦੌਰਾਨ ਹਾਈ ਕੋਰਟ ਨੇ ਪੰਜਾਬ ਸਰਕਾਰ ਅਤੇ ਸ਼ਿਕਾਇਤਕਰਤਾ ਨੂੰ ਨੋਟਿਸ ਜਾਰੀ ਕੀਤੇ, ਉਨ੍ਹਾਂ ਨੂੰ ਅਗਲੀ ਸੁਣਵਾਈ ਤੱਕ ਆਪਣੇ ਜਵਾਬ ਦਾਇਰ ਕਰਨ ਦੇ ਨਿਰਦੇਸ਼ ਦਿੱਤੇ। ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਦੋਂ ਤੱਕ ਏ.ਆਈ.ਜੀ. ਕਲੇਰ ਖ਼ਿਲਾਫ਼ ਕੋਈ ਹੋਰ ਕਾਰਵਾਈ ਨਹੀਂ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ 10 ਸਤੰਬਰ ਨੂੰ ਮੋਹਾਲੀ ਦੇ ਇੱਕ ਨਿੱਜੀ ਬੈਂਕ ਵਿੱਚ ਕਾਰੋਬਾਰੀ ਰਾਜਬੀਰ ਸਿੰਘ ਨੇ ਖੁਦਕੁਸ਼ੀ ਕਰ ਲਈ ਸੀ। ਮ੍ਰਿਤਕ ਨੇ ਘਰ ਵਿੱਚ ਦੋ ਪੰਨਿਆਂ ਦਾ ਸੁਸਾਈਡ ਨੋਟ ਛੱਡਿਆ ਸੀ ਅਤੇ ਇੱਕ ਵੀਡੀਓ ਵਿੱਚ ਏੇ.ਆਈ.ਜੀ ਕਲੇਰ ’ਤੇ ਪ੍ਰੇਸ਼ਾਨ ਕਰਨ ਦਾ ਆਰੋਪ ਲਗਾਇਆ ਸੀ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਏ.ਆਈ.ਜੀ. ਗੁਰਜੋਤ ਸਿੰਘ ਕਲੇਰ ਅਤੇ ਹੋਰਾਂ ਵਿਰੁੱਧ ਮਾਮਲਾ ਦਰਜ ਕੀਤਾ। ਏਡੀਜੀ ਕਲੇਰ ਦਾ ਕਹਿਣਾ ਹੈ ਕਿ ਉਸ ਖ਼ਿਲਾਫ਼ ਲਗਾਏ ਗਏ ਆਰੋਪ ਬੇਬੁਨਿਆਦ ਅਤੇ ਝੂਠੇ ਹਨ। ਜਦਕਿ ਇਸੇ ਮਾਮਲੇ ’ਚ ਇੱਕ ਹੋਰ ਆਰੋਪੀ ਨੂੰ ਹਾਈ ਕੋਰਟ ਨੇ ਪਹਿਲਾਂ ਹੀ ਜ਼ਮਾਨਤ ਦੇ ਦਿੱਤੀ ਹੈ। ਹਾਈ ਕੋਰਟ ਵੱਲੋਂ ਇਸ ਮਾਮਲੇ ’ਤੇ ਅਗਲੀ ਸੁਣਵਾਈ 6 ਨਵੰਬਰ ਨੂੰ ਕੀਤੀ ਜਾਵੇਗੀ ਅਤੇ ਉਦੋਂ ਤੱਕ ਏ.ਆਈ.ਜੀੇ ਕਲੇਰ ਨੂੰ ਅੰਤ੍ਰਿਮ ਰਾਹਤ ਜਾਰੀ ਰਹੇਗੀ।