ਬਠਿੰਡਾ ਪਹੁੰਚੇ ਅਰਵਿੰਦ ਕੇਜਰੀਵਾਲ ਨੇ 3000 ਤੋਂ ਵੱਧ ਖੇਡ ਮੈਦਾਨਾਂ ਦਾ ਨੀਂਹ ਪੱਥਰ ਰੱਖਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਖਿਡਾਰੀਆਂ ਨੂੰ ਤੌਹਫ਼ਾ

Arvind Kejriwal, who reached Bathinda, laid the foundation stone of more than 3000 playgrounds

ਬਠਿੰਡਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੂਬੇ 'ਚ ਉਸਾਰੇ ਜਾਣ ਵਾਲੇ 3 ਹਜ਼ਾਰ ਤੋਂ ਜ਼ਿਆਦਾ ਖੇਡ ਮੈਦਾਨਾਂ ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਨੇ ਸੰਬੋਧਨ ਕਰਿਦਆਂ ਕਿਹਾ ਕਿ ਖੇਡ ਮੈਦਾਨ ਤਾਂ ਹਨ, ਪਰ ਜਿਸ ਤਰੀਕੇ ਦੀਆਂ ਸਹੂਲਤਾਂ ਖਿਡਾਰੀਆਂ ਨੂੰ ਮਿਲਣੀਆਂ ਚਾਹੀਦੀਆਂ ਹਨ, ਉਹ ਨਹੀਂ ਹਨ। ਉਨ੍ਹਾਂ ਕਿਹਾ ਕਿ ਖੇਡਾਂ 'ਚ ਪੰਜਾਬ ਦਾ ਅਹਿਮ ਯੋਗਦਾਨ ਰਿਹਾ ਹੈ। ਖੇਡਾਂ ਕਾਰਨ ਨੌਜਵਾਨ ਇੱਧਰ ਉੱਧਰ ਦੀਆਂ ਅਲਾਮਤਾਂ ਤੋਂ ਬਚ ਜਾਂਦਾ ਹੈ।

ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਕਾਮਨਵੈਲਥ ਜਾਂ ਏਸ਼ੀਆ ਖੇਡਾਂ ’ਚ ਗੋਲਡ ਮੈਡਲ ਜਿੱਤਣ ’ਤੇ ਇੱਕ ਕਰੋੜ ਰੁਪਿਆ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚਾਰ ਖੇਡਾਂ ਦੇ ਕਪਤਾਨ ਪੰਜਾਬੀ ਹਨ। ਇਹ ਬਹੁਤ ਵੱਡੀ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਖੇਡਾਂ ਖ਼ਤਮ ਹੋ ਗਈਆਂ ਸੀ, ਉਨ੍ਹਾਂ ਖੇਡਾਂ 'ਚ ਸਾਡੇ ਬੱਚੇ ਮੱਲਾਂ ਮਾਰ ਰਹੇ ਹਨ ਅਤੇ ਉਨ੍ਹਾਂ ਨੂੰ ਕਰੋੜਾਂ ਰੁਪਿਆਂ ਦਾ ਇਨਾਮ ਵੀ ਮਿਲਦਾ ਹੈ।

ਇਸ ਦੌਰਾਨ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਵੀ ਸਰਕਾਰ ਨੇ ਪਿੰਡਾਂ ’ਚ ਖੇਡਾਂ ਦੇ ਮੈਦਾਨ ਨਹੀਂ ਬਣਵਾਏ। ਉਨ੍ਹਾਂ ਕਿਹਾ ਕਿ ਖੇਡਾਂ ਦਾ ਸਾਮਾਨ ਵੀ ਸਰਕਾਰ ਵੱਲੋਂ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਪੰਜਾਬ ਵਿੱਚ ਨਸ਼ਾ ਵੇਚੇਗਾ, ਉਸ ਨੂੰ ਜੇਲ੍ਹ ’ਚ ਸੁੱਟਿਆ ਜਾਵੇਗਾ।