ਪੰਜਾਬ ਅਤੇ ਭੰਗੜੇ ਦੇ ਸਰਤਾਜ਼ ਪੰਮੀ ਬਾਈ ਨੂੰ ਜਨਮ ਦਿਨ ਦੀਆਂ ਬਹੁਤ ਮੁਬਾਰਕਾਂ
ਪੰਜਾਬੀ ਲੋਕ ਗਾਇਕ ਪੰਮੀ ਬਾਈ ਨੇ ਵੱਖਰੇ-ਵੱਖਰੇ ਸੱਭਿਆਚਾਰਕ ਗੀਤਾਂ ਨਾਲ ਦੇਸ਼ਾਂ-ਵਿਦੇਸ਼ਾਂ 'ਚ ਖਾਸੀ ਪ੍ਰਸਿੱਧੀ ਖੱਟੀ ਹੈ। ਪੰਮੀ ਬਾਈ...
ਪਟਿਆਲਾ (ਭਾਸ਼ਾ) : ਪੰਜਾਬੀ ਲੋਕ ਗਾਇਕ ਪੰਮੀ ਬਾਈ ਨੇ ਵੱਖਰੇ-ਵੱਖਰੇ ਸੱਭਿਆਚਾਰਕ ਗੀਤਾਂ ਨਾਲ ਦੇਸ਼ਾਂ-ਵਿਦੇਸ਼ਾਂ 'ਚ ਖਾਸੀ ਪ੍ਰਸਿੱਧੀ ਖੱਟੀ ਹੈ। ਪੰਮੀ ਬਾਈ ਅੱਜ ਆਪਣਾ 53ਵਾਂ ਜਨਮਦਿਨ ਮਨਾ ਰਹੇ ਹਨ। ਪੰਮੀ ਬਾਈ ਦਾ ਜਨਮ 9 ਨਵੰਬਰ 1965 ਨੂੰ ਜਖੇਪਲ (ਸੰਗਰੂਰ) ਵਿਖੇ ਹੋਇਆ। ਉਨ੍ਹਾਂ ਦਾ ਅਸਲੀ ਨਾਂ ਪਰਮਜੀਤ ਸਿੰਘ ਸਿੱਧੂ ਹੈ। ਗਾਇਕੀ ਤੋਂ ਇਲਾਵਾ ਪੰਮੀ ਭਾਈ ਸੰਗੀਤਕਾਰ ਤੇ ਭੰਗੜਾ ਕੋਰੀਓਗ੍ਰਾਫਰ ਵੀ ਹਨ। ਪੰਮੀ ਬਾਈ ਨੂੰ 'ਭੰਗੜੇ ਦਾ ਸ਼ੇਰ' ਵੀ ਕਿਹਾ ਜਾਂਦਾ ਹੈ। 200 ਤੋਂ ਵੱਧ ਗੀਤ ਪੰਮੀ ਬਾਈ ਗਾ ਚੁੱਕੇ ਹਨ, ਜਿਹੜੇ ਪੰਜਾਬ ਨਾਲ ਜੁੜੇ ਵਿਰਸੇ ਨੂੰ ਹੀ ਦਰਸਾਉਂਦੇ ਹਨ।
ਪੰਮੀ ਬਾਈ ਪੰਜਾਬ ਸਰਕਾਰ ਵਲੋਂ ਲੋਕ ਗਾਇਕੀ 'ਚ ਸ਼੍ਰੋਮਣੀ ਐਵਾਰਡ 2009 ਵੀ ਜਿੱਤ ਚੁੱਕੇ ਹਨ। ਇਹੀ ਨਹੀਂ ਉਹ ਪੰਜਾਬ ਯੂਨੀਵਰਸਿਟੀ 'ਚ ਪੰਜਾਬੀ ਡਿਵੈਲਪਮੈਂਟ ਡਿਪਾਰਟਮੈਂਟ 'ਚ ਆਪਣੀਆਂ ਸੇਵਾਵਾਂ ਵੀ ਨਿਭਾਅ ਰਹੇ ਹਨ। ਸਭ ਤੋਂ ਵੱਡਾ ਗੁਣ ਬਾਈ ਦਾ ਇਹ ਹੈ ਕਿ ਉਹ ਪੜ੍ਹਿਆ-ਲਿਖਿਆ, ਸੁਲਝਿਆ,ਸਾਹਿਤ-ਸਭਿਆਚਾਰ ਨਾਲ ਗੜੁੱਚ ਕਲਾਕਾਰ ਹੈ ਜਿਸ ਨੂੰ ਹਰ ਫ਼ੀਲਡ ਦਾ ਗਿਆਨ ਹੈ। ਬਾਰੀ ਹਰ ਇਕ ਬਾਰੇ ਪੜ੍ਹਦਾ ਹੈ। ਉਸ ਦੀ ਜਾਣਕਾਰੀ ਅਤੇ ਜਾਣ-ਪਛਾਣ ਦਾ ਘੇਰਾ ਵਿਸ਼ਾਲ ਹੈ।
ਯਮਲਾ ਜੱਟ, ਸੁਰਿੰਦਰ ਕੌਰ, ਅਕਰਮ ਰਾਹੀ ਤੋਂ ਲੈ ਕੇ ਅੱਜ ਦੀ ਗਾਇਕੀ ਦਾ ਹਰ ਦੌਰ, ਉਸਤਾਦ ਭਾਨਾ ਰਾਮ, ਮੰਗਲ ਸੁਨਾਮੀ ਤੇ ਦੀਪਕ ਭਰਾਵਾਂ ਦੀ ਲੋਕ ਨਾਚਾਂ ਨੂੰ ਦੇਣ, ਸ਼ੈਕਸਪੀਅਰ ਤੋਂ ਸੁਰਜੀਤ ਪਾਤਰ, ਰਸੂਲ ਹਮਜ਼ਾਤੋਵ ਤੋਂ ਪ੍ਰਿ ਸਰਵਣ ਸਿੰਘ ਤੇ ਜਸਵੰਤ ਕੰਵਲ, ਬਾਪੂ ਜੱਸੋਵਾਲ ਤੇ ਕਰਨੈਲ ਪਾਰਸ ਤੋਂ ਪ੍ਰੋ ਗੁਰਭਜਨ ਗਿੱਲ ਦੀਆਂ ਲਿਖਤਾਂ, ਭੀਮ ਸੈਨ ਸੱਚਰ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਦੇ ਮੰਤਰੀਆਂ ਦੇ ਮਹਿਕਮੇ, ਡਾ ਬਰਜਿੰਦਰ ਹਮਦਰਦ ਤੋਂ ਸਿੱਧੂ ਦਮਦਮੀ ਤੇ ਵਰਿੰਦਰ ਵਾਲੀਆ ਦੀਆਂ ਸੰਪਾਦਕੀਆਂ
ਬਲਜੀਤ ਬੱਲੀ ਤੋਂ ਲੈ ਕੇ ਐਚ ਐਸ ਬਾਵਾ ਦੇ ਅਲਰਟ, ਪ੍ਰਭਜੋਤ ਸਿੰਘ, ਸਰਬਜੀਤ ਧਾਲੀਵਾਲ ਤੋਂ ਦਵਿੰਦਰ ਪਾਲ ਤੱਕ ਦੀਆਂ ਕਰਾਰੀਆਂ ਲਿਖਤਾਂ, ਸਰਦਾਰਾ ਸਿੰਘ ਜੌਹਲ ਤੋਂ ਡਾ ਜਸਪਾਲ ਸਿੰਘ ਤੇ ਪ੍ਰੋ ਬੀ ਐਸ ਘੁੰਮਣ ਤੱਕ ਦੀਆਂ ਵੀਸੀਸ਼ਿਪਾਂ ਦੌਰਾਨ ਲਏ ਵੱਡੇ ਫ਼ੈਸਲੇ, ਧਿਆਨ ਚੰਦ-ਬਲਬੀਰ ਸੀਨੀਅਰ, ਪਰਗਟ ਸਿੰਘ ਤੋਂ ਲੈ ਕੇ ਸਰਦਾਰ ਸਿੰਘ-ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਖੇਡੀਆਂ ਹੁਣ ਤੱਕ ਦੀਆਂ ਸਾਰੀਆਂ ਹਾਕੀ ਟੀਮਾਂ ਅਤੇ ਉਨ੍ਹਾਂ ਦੇ ਖਿਡਾਰੀਆਂ ਦੀਆਂ ਸਾਈਡਾਂ ਅਤੇ ਹਰ ਖਿਡਾਰੀ ਦੀ ਖ਼ੂਬੀ ਤੇ ਕਮੀ ਕੀ ਹੈ। ਸਭ ਕੁਝ ਉਸ ਦੇ ਦਾਇਰੇ ਵਿਚ ਆਉਂਦਾ ਹੈ।