ਮਾਲ ਗੱਡੀਆਂ ਚਲਾਉਣ ਦੇ ਮਾਮਲੇ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਅਮਿਤ ਸ਼ਾਹ ਨਾਲ ਗੱਲਬਾਤ ਕੀਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਜਲਦੀ ਹੱਲ ਲਈ ਆਸਵੰਦ

CM Amrinder Singh

ਚੰਡੀਗੜ੍ਹ: ਸੂਬੇ ਵਿਚ ਮਾਲ ਗੱਡੀਆਂ ਦੀ ਸੁਚਾਰੂ ਅਤੇ ਸੁਰੱਖਿਅਤ ਆਵਾਜਾਈ ਲਈ ਅਪਣੀ ਵਚਨਬੱਧਤਾ ਦੁਹਰਾਉਂਦਿਆ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲ ਕੀਤੀ ਹੈ ਕਿ ਉਹ ਰੇਲ ਸੇਵਾਵਾਂ ਬਹਾਲ ਕਰਨਾ ਯਕੀਨੀ ਬਣਾਉਣ ਲਈ ਅਪਣਾ ਦਖ਼ਲ ਦੇਣ। ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਮਾਮਲੇ ਦੇ ਜਲਦੀ ਹੱਲ ਲਈ ਆਸਵੰਦ ਹਨ।

ਮੁੱਖ ਮੰਤਰੀ ਨੇ ਅਮਿਤ ਸ਼ਾਹ ਨਾਲ ਬੀਤੇ ਕੱਲ ਗੱਲ ਕਰ ਕੇ ਸਥਿਤੀ ਉਤੇ ਵਿਚਾਰ ਚਰਚਾ ਕੀਤੀ ਅਤੇ ਇਹ ਯਕੀਨ ਦਿਵਾਇਆ ਕਿ ਪੰਜਾਬ ਅਤੇ ਗੁਆਂਢੀ ਸੂਬਿਆਂ ਹਿਮਾਚਲ ਪ੍ਰਦੇਸ਼, ਲੱਦਾਖ਼ ਅਤੇ ਜੰਮੂ ਤੇ ਕਸ਼ਮੀਰ ਵਿਚ ਜ਼ਰੂਰੀ ਵਸਤਾਂ ਦੀ ਸਪਲਾਈ ਦੀ ਸਹੂਲਤ ਲਈ ਰੇਲ ਸੇਵਾਵਾਂ ਨੂੰ ਮੁੜ ਬਹਾਲ ਕਰਨ ਵਿਚ ਅਮਨ ਤੇ ਕਾਨੂੰਨ ਵਿਵਸਥਾ ਦੀ ਕੋਈ ਚਿੰਤਾ ਨਹੀਂ। ਰੇਲ ਗੱਡੀਆਂ ਦੇ ਬੰਦ ਹੋਣ ਕਾਰਨ ਸਾਰਿਆਂ ਨੂੰ ਭਾਰੀ ਨੁਕਸਾਨ ਝਲਣਾ ਪੈ ਰਿਹਾ ਹੈ। ਸੁਰੱਖਿਆ ਦੀ ਚਿੰਤਾ ਵਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਰੇਲਵੇ ਵਲੋਂ ਤੁਰਤ ਮਾਲ ਗੱਡੀਆਂ ਚਲਾਉਣ ਦਾ ਫ਼ੈਸਲਾ ਨਾ ਕੀਤਾ ਗਿਆ ਤਾਂ ਲੱਦਾਖ਼ ਵਿਚ ਰਖਿਆ ਬਲਾਂ ਅਤੇ ਘਾਟੀ ਵਿਚ ਬਰਫ਼ਬਾਰੀ ਤੋਂ ਪਹਿਲਾਂ ਜ਼ਰੂਰੀ ਸੇਵਾਵਾਂ ਨਾ ਪੁਜਦੀਆਂ ਹੋਣ ਕਾਰਨ ਦੇਸ਼ ਨੂੰ ਗੰਭੀਰ ਖ਼ਤਰਾ ਹੋ ਸਕਦਾ ਹੈ।

ਇਸ ਮੁੱਦੇ ਉਤੇ ਫੈਲਾਈ ਜਾ ਰਹੀ ਗੁਮਰਾਹਕੁਨ ਜਾਣਕਾਰੀ ਦਾ ਖੰਡਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮਾਲ ਗੱਡੀਆਂ ਦੀ ਆਵਾਜਾਈ ਲਈ ਕਿਸਾਨਾਂ ਵਲੋਂ ਸਾਰੇ ਰੇਲਵੇ ਟਰੈਕ ਖ਼ਾਲੀ ਕਰ ਦਿਤੇ ਗਏ ਹਨ। ਉਨ੍ਹਾਂ ਗ੍ਰਹਿ ਮੰਤਰੀ ਨੂੰ ਇਸ ਗੱਲ ਤੋਂ ਜਾਣੂੰ ਕਰਵਾਇਆ ਕਿ ਜ਼ਮੀਨੀ ਪੱਧਰ 'ਤੇ ਸਥਿਤੀ ਪੂਰਨ ਸ਼ਾਂਤਮਈ ਤੇ ਮਾਲ ਗੱਡੀਆਂ ਦੀ ਸੁਰੱਖਿਅਤ ਆਵਾਜਾਈ ਲਈ ਪੂਰੀ ਢੁਕਵੀਂ ਹੈ। ਉਨ੍ਹਾਂ ਕਿਹਾ ਕਿ ਅੰਦੋਲਨਕਾਰੀ ਕਿਸਾਨਾਂ ਨੇ ਅਪਣੇ ਰੋਸ ਪ੍ਰਦਰਸ਼ਨਾਂ ਦੌਰਾਨ ਪਿਛਲੇ ਕੁਝ ਹਫਤਿਆਂ ਦੌਰਾਨ ਪੰਜਾਬ ਵਿਚ ਕਿਸੇ ਵੀ ਥਾਂ ਸ਼ਾਂਤੀ ਭੰਗ ਨਹੀਂ ਕੀਤੀ।

 

ਰੇਲਵੇ ਮੰਤਰੀ ਪਿਯੂਸ਼ ਗੋਇਲ ਨੂੰ ਪਹਿਲਾਂ ਦਿਵਾਏ ਆਪਣੇ ਭਰੋਸੇ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਅਮਿਤ ਸ਼ਾਹ ਨੂੰ ਦਸਿਆ ਕਿ ਉਨ੍ਹਾਂ ਪੰਜਾਬ
ਪੁਲਿਸ ਨੂੰ ਨਿਰਦੇਸ਼ ਦਿਤੇ ਹਨ ਕਿ ਰੇਲ ਟਰੈਕਾਂ ਦੀ ਸੁਰੱਖਿਆ ਜਿਹੜੇ ਕਿਸਾਨਾਂ ਯੂਨੀਅਨਾਂ ਵਲੋਂ ਪਹਿਲਾਂ ਹੀ ਖ਼ਾਲੀ ਕਰ ਦਿਤੇ ਗਏ ਹਨ ਅਤੇ ਮਾਲ ਗੱਡੀਆਂ ਦੀ ਸੁਚਾਰੂ ਆਵਾਜਾਈ ਯਕੀਨੀ ਬਣਾਉਣ ਲਈ ਰੇਲਵੇ ਪ੍ਰੋਟੈਕਸ਼ਨ ਫ਼ੋਰਸ (ਆਰ.ਪੀ.ਐਫ਼.) ਨੂੰ ਪੂਰਾ ਸਹਿਯੋਗ ਦਿਤਾ ਜਾਵੇ। ਉਨ੍ਹਾਂ ਇਸ ਗੱਲ ਉਤੇ ਜ਼ੋਰ ਦਿਤਾ ਕਿ ਰੇਲ ਸੇਵਾਵਾਂ ਦੀ ਜਲਦ ਤੋਂ ਜਲਦ ਬਹਾਲੀ ਲਈ ਕੇਂਦਰ ਤੇ ਸੂਬਾ ਸਰਕਾਰ ਦੋਵਾਂ ਦੀ ਸਾਂਝੀ ਜ਼ਿੰਮੇਵਾਰੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨ ਯੂਨੀਅਨਾਂ ਨਾਲ ਨੇੜਿਉਂ ਜੁੜੀ ਹੋਈ ਹੈ ਕਿ ਉਨ੍ਹਾਂ ਨੂੰ ਯਾਤਰੀ ਗੱਡੀਆਂ ਦੇ ਆਉਣ-ਜਾਣ ਦੀ ਆਗਿਆ ਦੇਣ ਲਈ ਨਾਕਾਬੰਦੀ ਚੁਕਾਉਣ ਲਈ ਵੀ ਪ੍ਰੇਰਿਆ ਜਾਵੇ ਤਾਂ ਜੋ ਦੀਵਾਲੀ ਦੇ ਤਿਉਹਾਰ ਮੌਕੇ ਡੇਢ ਲੱਖ ਸੈਨਿਕਾਂ ਸਮੇਤ ਹੋਰ ਪੰਜਾਬੀ ਅਪਣੇ ਘਰ ਆ ਸਕਣ। ਇਸ ਸਬੰਧੀ ਉਨ੍ਹਾਂ ਦੇ ਕਈ ਮੰਤਰੀ ਕਿਸਾਨ ਯੂਨੀਅਨਾਂ ਨਾਲ ਨਿਰੰਤਰ ਵਿਚਾਰ ਵਟਾਂਦਰਾ ਕਰ ਰਹੇ ਹਨ। ਇਸ ਮਾਮਲੇ ਵਿਚ ਕੇਂਦਰ ਸਰਕਾਰ ਨੂੰ ਤੁਰਤ ਕਦਮ ਉਠਾਉਂਦਿਆਂ ਰੇਲਵੇ ਨੂੰ ਨਿਰਦੇਸ਼ ਦੇਣੇ ਚਾਹੀਦੇ ਹਨ ਕਿ ਉਹ ਸੂਬੇ ਵਿਚੋਂ ਮਾਲ ਗੱਡੀਆਂ ਦੀ ਆਵਾਜਾਈ ਦੀ ਬਹਾਲੀ ਕਰਵਾਉਣ ਲਈ ਕਹਿਣ।

ਇਹ ਦਸਦਿਆਂ ਕਿ ਰੇਲਵੇ ਸੇਵਾਵਾਂ ਦੀ ਜਲਦੀ ਬਹਾਲੀ ਕਰਵਾਉਣਾ ਪੰਜਾਬ ਦੇ ਹਿਤ ਵਿਚ ਹੈ, ਕੈਪਟਨ ਅਮਰਿੰਦਰ ਸਿੰਘ ਨੇ ਇਸ ਮੁੱਦੇ ਦਾ ਸਿਆਸੀਕਰਨ ਕਰਨ ਲਈ ਭਾਜਪਾ ਆਗੂਆਂ ਸਣੇ ਵਿਰੋਧੀਆਂ ਦੀਆਂ ਕੋਸ਼ਿਸ਼ਾਂ ਨੂੰ ਮੰਦਭਾਗਾ ਕਰਾਰ ਦਿਤਾ। ਉਨ੍ਹਾਂ ਕਿਹਾ ਕਿ ਇਸ ਮੁੱਦੇ ਉਤੇ ਉਹ ਪਹਿਲਾਂ ਹੀ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਨੂੰ ਖੁੱਲ੍ਹਾ ਪੱਤਰ ਲਿਖ ਕੇ ਅਪਣੀਆਂ ਚਿੰਤਾਵਾਂ ਜ਼ਾਹਰ ਕਰ ਚੁੱਕੇ ਹਨ ਜਿਥੇ ਉਨ੍ਹਾਂ ਖੇਤੀ ਕਾਨੂੰਨਾਂ ਕਾਰਨ ਕਿਸਾਨਾਂ ਵਿਚ ਪੈਦਾ ਹੋਈ ਅਸ਼ਾਂਤੀ ਦੇ ਚਲਦਿਆਂ ਖੜੀ ਹੋਈ ਇਸ ਸਮੱਸਿਆ ਦੇ ਸੁਖਾਵੇਂ ਹੱਲ ਲਈ ਕੇਂਦਰ ਅਤੇ ਰਾਜ ਨੂੰ ਸਾਂਝੀਆਂ ਕੋਸ਼ਿਸ਼ਾਂ ਕਰਨ ਦਾ ਸੱਦਾ ਦਿਤਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਦੇਸ਼ ਦੇ ਹਿਤ ਵਿਚ ਇਸ ਮਾਮਲੇ ਨੂੰ ਹੱਲ ਕਰਨ ਲਈ ਇਕੱਠੇ ਹੋਣ ਦਾ ਵੇਲਾ ਆ ਗਿਆ ਹੈ।