ਚੀਨ ਨਾਲ ਯੁੱਧ ਦੀ ਸੰਭਾਵਨਾ ਤੋਂ ਨਾਂਹ ਨਹੀਂ ਕਰਦੇ ਰਾਵਤ
ਚੀਨ ਨਾਲ ਯੁੱਧ ਦੀ ਸੰਭਾਵਨਾ ਤੋਂ ਨਾਂਹ ਨਹੀਂ ਕਰਦੇ ਰਾਵਤ
ਕਿਹਾ, ਭਾਰਤੀ ਸਰਹੱਦ 'ਤੇ ਕਿਸੇ ਵੀ ਤਬਦੀਲੀ ਨੂੰ ਬਰਦਾਸ਼ਤ ਕਰਨ ਵਾਲਾ ਨਹੀਂ
ਨਵੀਂ ਦਿੱਲੀ, 8 ਨਵੰਬਰ: ਇਕ ਪਾਸੇ ਜਿਥੇ ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਵਿਵਾਦ ਦੇ ਹੱਲ ਲਈ ਬੁਲਾਈ ਅੱਠਵੇਂ ਦੌਰ ਦੀ ਬੈਠਕ ਸਫ਼ਲਤਾ ਹਾਸਲ ਕੀਤੇ ਬਿਨਾਂ ਹੀ ਖ਼ਤਮ ਹੋ ਗਈ ਤਾਂ ਉਥੇ ਹੀ ਦੂਜੇ ਪਾਸੇ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ ਦਾ ਮੰਨਣਾ ਹੈ ਕਿ ਚੀਨ ਨਾਲ ਖ਼ਤਰੇ ਦੇ ਮੱਦੇਨਜ਼ਰ ਡ੍ਰੈਗਨ ਨਾਲ ਯੁੱਧ ਦੀਆਂ ਸੰਭਾਵਨਾਵਾਂ ਤੋਂ ਨਾਂਹ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਨੇ ਇਹ ਬਿਆਨ ਉਦੋਂ ਦਿਤਾ ਜਦੋਂ ਭਾਰਤ ਅਤੇ ਚੀਨ ਵਿਚਾਲੇ ਗੱਲਬਾਤ ਚੱਲ ਰਹੀ ਸੀ। ਜਨਰਲ ਰਾਵਤ ਇਹ ਵੀ ਕਹਿੰਦੇ ਹਨ ਕਿ ਅਸਲ ਕੰਟਰੋਲ ਰੇਖਾ ਉੱਤੇ ਬਹੁਤ ਤਣਾਅ ਹੈ। ਅਜਿਹੀ ਸਥਿਤੀ ਵਿਚ ਦੋਵਾਂ ਦੇਸ਼ਾਂ ਵਿਚਾਲੇ ਕਿਸੇ ਵੀ ਸਮੇਂ ਯੁੱਧ ਹੋ ਸਕਦਾ ਹੈ। ਉਸ ਅਨੁਸਾਰ, ਚੀਨ ਨੇ ਸਰਹੱਦ 'ਤੇ ਜੋ ਸਥਿਤੀ ਬਣਾਈ ਹੈ ਉਹ ਕਿਸੇ ਵੀ ਸਮੇਂ ਸਥਿਤੀ ਨੂੰ ਹੋਰ ਵਿਗਾੜ ਸਕਦੀ ਹੈ ਅਤੇ ਦੋਵਾਂ ਧਿਰਾਂ ਵਿਚਾਲੇ ਟਕਰਾਅ ਹੋ ਸਕਦਾ ਹੈ। ਦੋਵਾਂ ਦੇਸ਼ਾਂ ਦੇ ਫ਼ੌਜੀ ਕਮਾਂਡਰਾਂ ਦਰਮਿਆਨ ਗੱਲਬਾਤ ਪੂਰਬੀ ਲੱਦਾਖ ਦੇ ਚੁਸ਼ੂਲ ਵਿਚ ਹੋਈ ਸੀ।
ਅਪਣੇ ਬਿਆਨ ਵਿਚ ਰਾਵਤ ਨੇ ਇਹ ਵੀ ਸਪੱਸ਼ਟ ਕਰ ਦਿਤਾ ਹੈ ਕਿ ਭਾਰਤ ਸਰਹੱਦ 'ਤੇ ਕਿਸੇ ਵੀ ਤਬਦੀਲੀ ਨੂੰ ਬਰਦਾਸ਼ਤ ਕਰਨ ਵਾਲਾ ਨਹੀਂ ਹੈ। ਉਨ੍ਹਾਂ ਤੋਂ ਇਲਾਵਾ ਸਰਹੱਦੀ ਵਿਵਾਦ ਨੂੰ ਸੁਲਝਾਉਣ ਲਈ ਫ਼ੌਜੀ ਕਮਾਂਡਰ ਪੱਧਰ ਦੀ ਗੱਲਬਾਤ ਵਿਚ ਵੀ ਭਾਰਤ ਨੇ ਅਪਣੀ ਸਥਿਤੀ ਨੂੰ ਬਹੁਤ ਸਪੱਸ਼ਟ ਕਰ ਦਿਤਾ ਹੈ।
ਦਸਣਯੋਗ ਹੈ ਕਿ ਇਸ ਸਮੇਂ ਲੱਦਾਖ ਵਿਚ ਤਾਪਮਾਨ ਮਾਇਨਸ 20 ਡਿਗਰੀ ਹੈ। ਅਜਿਹੀ ਸਥਿਤੀ ਵਿਚ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਉਥੇ ਡਟੀਆਂ ਹੋਈਆਂ ਹਨ। ਅਜਿਹਾ ਪਹਿਲਾਂ ਨਹੀਂ ਹੋਇਆ ਸੀ। ਭਾਰਤੀ ਫ਼ੌਜੀ ਬਹੁਤ ਠੰਢੇ ਮੌਸਮ ਵਿਚ ਉੱਚੀਆਂ ਵਾਲੀਆਂ ਚੌਕੀਆਂ ਤੋਂ ਹੇਠਾਂ ਆ ਜਾਂਦੇ ਸਨ। ਇਸ ਦਾ ਫਾਇਦਾ ਉਠਾਉਂਦਿਆਂ ਚੀਨ ਨੇ ਮਈ-ਅਪ੍ਰੈਲ 2020 ਵਿਚ ਅਪਣੇ ਸੈਨਿਕਾਂ ਨੂੰ ਉਥੇ ਬੈਠਾ ਕੇ ਰੱਖਿਆ ਸੀ। (ਏਜੰਸੀ)