ਕਰਤਾਰਪੁਰ ਦਾ ਲਾਂਘਾ ਨਾ ਖੋਲ੍ਹਣ ਕਰ ਕੇ ਸੰਗਤਾਂ ਵਿਚ

ਏਜੰਸੀ

ਖ਼ਬਰਾਂ, ਪੰਜਾਬ

ਕਰਤਾਰਪੁਰ ਦਾ ਲਾਂਘਾ ਨਾ ਖੋਲ੍ਹਣ ਕਰ ਕੇ ਸੰਗਤਾਂ ਵਿਚ

image

ਕਲਾਨੌਰ /ਡੇਰਾ ਬਾਬਾ ਨਾਨਕ, 8 ਨਵੰਬਰ (ਗੁਰਦੇਵ ਸਿੰਘ ਰਜਾਦਾ): ਆਜ਼ਾਦੀ ਤੋਂ 72 ਸਾਲਾਂ ਬਾਅਦ ਨਾਨਕ ਨਾਮਲੇਵਾ ਸੰਗਤ ਦੀਆਂ ਅਰਦਾਸਾਂ ਨੂੰ ਬੂਰ ਪਿਆ ਸੀ ਤੇ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ 9 ਨਵੰਬਰ 2019 ਨੂੰ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਿਆ ਸੀ। ਅਰਦਾਸਾਂ ਨੂੰ ਬੂਰ ਪਿਆ, ਕਾਰੀਡੋਰ ਬਣ ਗਿਆ ਪਰ ਕੋਰੋਨਾ ਮਹਾਂਮਾਰੀ ਕਾਰਨ ਬੰਦ ਪਿਆ ਲਾਂਘਾ, ਹਾਲੇ ਤਕ ਵੀ ਨਾ ਖੁੱਲ੍ਹਣ ਕਰ ਕੇ ਸੰਗਤ ਦੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਤਾਂਘ ਹਾਲੇ ਤਕ ਅਧੂਰੀ ਹੈ। ਇਸ ਕਾਰਨ ਸ਼ਰਧਾਲੂਆਂ ਵਿਚ ਨਿਰਾਸ਼ਾ ਹੈ।
ਪਿਛਲੇ ਸਮੇਂ ਸਰਹੱਦ ’ਤੇ ਬਣਾਏ ਗਏ ਆਰਜ਼ੀ ਦਰਸ਼ਨ ਸਥਾਨ ਲੈਂਡ ਪੋਰਟ ਅਥਾਰਟੀ ਆਫ਼ ਇੰਡੀਆ ਵਲੋਂ ਢਹਿ ਢੇਰੀ ਕਰਨ ਤੋਂ ਬਾਅਦ ਆਧੁਨਿਕ ਸਹੂਲਤਾਂ ਨਾਲ ਲੈਸ ਦਰਸ਼ਨ ਸਥਾਨ ਦਾ ਨਿਰਮਾਣ ਨਹੀਂ ਕੀਤਾ ਗਿਆ। ਇਸ ਲਈ ਨਾਨਕ ਨਾਮ ਲੇਵਾ ਸੰਗਤਾਂ ਦੂਰਬੀਨ ਰਾਹੀਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਨੂੰ ਤਰਸ ਰਹੀਆਂ ਹਨ। ਸੰਗਤਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਜਾਵੇਗੀ ਤੇ ਜੇ ਦਰਸ਼ਨ ਸਥਾਨ ’ਤੇ ਦੂਰਬੀਨਾਂ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਉਹ ਦੂਰੋਂ ਵੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਤੋਂ ਵਾਂਝੇ ਰਹਿਣਗੇ। ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਿਥੇ ਗੁਰੂ ਨਾਨਕ ਸਾਹਿਬ ਜੋਤੀ ਜੋਤ ਸਮਾਏ ਸਨ, ਉਸ ਧਰਤੀ ਦੇ ਖੁੱਲ੍ਹੇ ਦਰਸ਼ਨ ਦੀਦਾਰ ਬਿਨਾਂ ਪਾਸਪੋਰਟ ਬਿਨਾਂ ਵੀਜ਼ਾ ਕਰਨ ਦੀ ਮੰਗ ਨੂੰ ਲੈ ਕੇ ਸਾਢੇ 18 ਸਾਲਾਂ ਵਿਚ ਹਰ ਇਕ ਮੱਸਿਆ ਵਾਲੇ ਦਿਨ ਸਰਹੱਦ ’ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਨੇ 226 ਅਰਦਾਸਾਂ ਕੀਤੀਆਂ ਸਨ। ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲ੍ਹਵਾਉਣ ਲਈ ਪਹਿਲਾਂ ਤੋਂ ਇਹ ਸੰਸਥਾ ਸਰਗਰਮ ਰਹੀ ਹੈ। ਇਵੇਂ ਹੀ ਇਹ ਸੰਸਥਾ, ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ’ਤੇ ਅਰਦਾਸ ਕਰੇਗੀ। ਇਹ ਜਾਣਕਾਰੀ ਸੰਸਥਾ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਨੇ ਦਿਤੀ ਹੈ। ਉਨ੍ਹਾਂ ਕਿਹਾ ਕਿ ਸੰਸਥਾ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਐੱਸਡੀਐੱਮ ਡੇਰਾ ਬਾਬਾ ਨਾਨਕ ਨੂੰ ਮੈਮੋਰੰਡਮ ਦੇ ਚੁੱਕੀ ਹੈ ਤੇ ਆਉਣ ਵਾਲੇ ਦਿਨਾਂ ਵਿਚ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕਰ ਕੇ ਸੰਸਥਾ ਅਗਲਾ ਫ਼ੈਸਲਾ ਲਵੇਗੀ।  ਇਸ ਸਬੰਧ ਵਿਚ ਬਾਜਵਾ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਨਾਨਕ ਨਾਮ ਲੇਵਾ ਸੰਗਤਾਂ ਦੇ ਸਹਿਯੋਗ ਨਾਲ ਮੁੜ ਅਰਦਾਸ ਸ਼ੁਰੂ ਕੀਤੀ ਜਾਵੇਗੀ।
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਗੁਰਨਾਮ ਸਿੰਘ ਪੱਖੋਕੇ ਟਾਹਲੀ ਸਾਹਿਬ ਨੇ ਦਸਿਆ ਕਿ ਕਰਤਾਰਪੁਰ ਲਾਂਘੇ ’ਤੇ ਪੈਸੰਜਰ ਟਰਮੀਨਲ ’ਤੇ ਕਰੋੜਾਂ ਰੁਪਏ ਖ਼ਰਚਣ ਮੌਕੇ ਕਰਤਾਰਪੁਰ ਲਾਂਘਾ ਖੁੱਲ੍ਹਣ ਮਗਰੋਂ ਡੇਰਾ ਬਾਬਾ ਨਾਨਕ ਨਾਲ ਲਗਦੇ ਪਿੰਡਾਂ ਦੇ ਲੋਕਾਂ ਨੂੰ ਵਿਕਾਸ ਹੋਣ ਦੀਆਂ ਵੱਡੀਆਂ ਆਸਾਂ ਸਨ। ਉਨ੍ਹਾਂ ਦਸਿਆ ਕਿ ਕਰਤਾਰਪੁਰ ਲਾਂਘਾ ਖੁਲ੍ਹਣ ਦੌਰਾਨ ਦੂਰ ਦੁਰਾਡੇ ਤੋਂ ਧਨਾਢ ਲੋਕ, ਲਾਂਘੇ ਨਾਲ ਲੱਗਦੀਆਂ ਜ਼ਮੀਨਾਂ ਚੋਖੇ ਭਾਅ ’ਤੇ ਖ਼ਰੀਦਣ ਲਈ ਤੱਤਪਰ ਸਨ। ਜਦਕਿ ਕਰਤਾਰਪੁਰ ਲਾਂਘਾ ਬੰਦ ਹੋਣ ਤੋਂ ਬਾਅਦ ਕਿਸੇ ਨੇ ਵੀ ਸਾਰ ਨਹੀਂ ਲਈ। ਉਨ੍ਹਾਂ ਅੱਗੇ ਕਿਹਾ ਕਿ ਕਰਤਾਰਪੁਰ ਲਾਂਘਾ ਖੁਲ੍ਹਣ ਤੋਂ ਬਾਅਦ ਸਰਹੱਦੀ ਖੇਤਰ ਦੇ ਲੋਕਾਂ ਨੇ ਜੋ ਆਸਾਂ ਲਾਈਆਂ ਸਨ, ਸੱਭ ਖ਼ਤਮ ਹੋ ਰਹੀਆਂ ਪ੍ਰਤੀਤ ਹੋ ਰਹੀਆਂ ਹਨ।
ਕਰਤਾਰਪੁਰ ਪੈਸੰਜਰ ਟਰਮੀਨਲ ਦਾ ਨਿਰਮਾਣ ਕਰਨ ਵਾਲੀ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਦੇ ਪ੍ਰਾਜੈਕਟ ਡਾਇਰੈਕਟਰ ਰਮਨ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਟਰਮੀਨਲ ਦਾ ਕੰਮ ਸੌ ਫ਼ੀਸਦੀ ਮੁਕੰਮਲ ਹੈ ਤੇ ਟਰਮੀਨਲ ਦੀ ਦੇਖਭਾਲ ਕੀਤੀ ਜਾ ਰਹੀ ਹੈ।