ਰਿਸ਼ਵਤ ਲੈਣ ਵਾਲੇ ਚਾਰ ਪੁਲਿਸ ਮੁਲਾਜ਼ਮਾਂ ਦੀ ਬਰਖ਼ਾਸਤਗੀ ਲਈ ਡੀ.ਜੀ.ਪੀ. ਪੰਜਾਬ ਨੂੰ ਲਿਖਿਆ : ਐਸ.ਐਸ
ਰਿਸ਼ਵਤ ਲੈਣ ਵਾਲੇ ਚਾਰ ਪੁਲਿਸ ਮੁਲਾਜ਼ਮਾਂ ਦੀ ਬਰਖ਼ਾਸਤਗੀ ਲਈ ਡੀ.ਜੀ.ਪੀ. ਪੰਜਾਬ ਨੂੰ ਲਿਖਿਆ : ਐਸ.ਐਸ.ਪੀ. ਵਿਰਕ
ਤਰਨਤਾਰਨ, 8 ਨਵੰਬਰ (ਅਜੀਤ ਸਿੰਘ ਘਰਿਆਲਾ) : ਨਸ਼ਿਆਂ ਵਿਰੁਧ ਚਲਾਈ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਮੁੱਖ ਅਫ਼ਸਰ ਥਾਣਾ ਸਿਟੀ ਤਰਨ ਤਾਰਨ ਨੂੰ ਮੁਖ਼ਬਰ ਖਾਸ ਨੇ ਇਤਲਾਹ ਦਿਤੀ ਕਿ ਤਰਨ ਤਾਰਨ ਜ਼ਿਲ੍ਹਾ ਪੁਲਿਸ ਵਿਚ ਨੌਕਰੀ ਕਰ ਰਹੇ 4 ਪੁਲਿਸ ਮੁਲਾਜ਼ਮਾਂ ਨੇ ਮਿਤੀ 20- 08-2021 ਨੂੰ ਰਣਜੀਤ ਸਿੰਘ ਰਾਣਾ ਅਤੇ ਜਸਪਾਲ ਸਿੰਘ ਪੁੱਤਰਾਨ ਵਿਰਸਾ ਸਿੰਘ ਵਾਸੀਆਨ ਭਿੱਟੇਵੱਢ ਥਾਣਾ ਰਾਜਾਸਾਂਸੀ ਜ਼ਿਲ੍ਹਾ ਅੰਮ੍ਰਿਤਸਰ ਨੂੰ ਰਣਜੀਤ ਐਵੀਨਿਊ ਅੰਮ੍ਰਿਤਸਰ ਤੋਂ ਇਕ ਕਾਰ ਸਮੇਤ ਕਾਬੂ ਕਰ ਕੇ ਉਨ੍ਹਾਂ ਪਾਸੋਂ 20 ਕਿਲੋ ਅਫ਼ੀਮ ਬ੍ਰਾਮਦ ਕੀਤੀ ਸੀ। ਉਕਤ ਚਾਰੋਂ ਮੁਲਾਜ਼ਮਾਂ ਨੇ ਉਨ੍ਹਾਂ ਵਿਰੁਧ ਕੇਸ ਦਰਜ ਕਰ ਕੇ ਗਿਫ਼ਤਾਰ ਕਰਨ ਦੀ ਬਜਾਏ 40 ਲੱਖ ਰੁਪਏ ਰਿਸ਼ਵਤ ਲੈ ਕੇ ਉਨ੍ਹਾਂ ਨੂੰ ਛੱਡ ਦਿਤਾ ਅਤੇ ਉਨ੍ਹਾਂ ਤੋਂ ਬਰਾਮਦ ਹੋਈ ਅਫ਼ੀਮ ਵੀ ਖ਼ੁਦ ਰੱਖ ਲਈ।
ਹਰਵਿੰਦਰ ਸਿੰਘ ਵਿਰਕ ਪੀ.ਪੀ.ਐਸ ਐਸ.ਐਸ.ਪੀ ਤਰਨ ਤਾਰਨ ਨੇ ਦਸਿਆ ਕਿ ਤਰਨ ਤਾਰਨ ਪੁਲਿਸ ਨੇ ਉਕਤ 4 ਪੁਲਿਸ ਮੁਲਾਜ਼ਮਾਂ ਹੈੱਡ ਕਾਂਸਟੇਬਲ ਸੁਖਵਿੰਦਰ ਸਿੰਘ, ਹੈੱਡ ਕਾਂਸਟੇਬਲ ਮਲਕੀਤ ਸਿੰਘ, ਕਾਂਸਟੇਬਲ ਅਰਪਿੰਦਰਜੀਤ ਸਿੰਘ ਤੇ ਕਾਂਸਟੇਬਲ ਅਰਸ਼ਦੀਪ ਸਿੰਘ ਅਤੇ ਦੋਵੇ ਦੋਸ਼ੀਆਂ ਵਿਰੁਧ ਮੁਕੱਦਮਾ ਨੰਬਰ 266 ਮਿਤੀ 07/11/21 ਜੁਰਮ 07 ਪਰਵੈਨਸੈਨ ਆਫ਼ ਕਰਪਸ਼ਨ ਐਕਟ (2018), 18/29/59 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਤਰਨ ਤਾਰਨ ਦਰਜ ਰਜਿਸਟਰ ਕੀਤਾ ਹੈ। ਇਨ੍ਹਾਂ ਚਾਰ ਮੁਲਾਜ਼ਮਾਂ ਵਿਰੁਧ ਵਿਭਾਗੀ ਪੜਤਾਲ ਖੋਲ੍ਹ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ। ਇਸ ਮੌਕੇ ਐਸ.ਐਸ.ਪੀ ਤਰਨ ਤਾਰਨ ਵਲੋਂ ਕਿਹਾ ਗਿਆ ਕਿ ਚਾਹੇ ਕੋਈ ਆਮ ਵਿਅਕਤੀ ਚਾਹੇ ਕੋਈ ਪੁਲਿਸ ਮੁਲਾਜ਼ਮ ਨਸ਼ੇ ਦੇ ਮਾਮਲੇ ਵਿਚ ਜ਼ੀਰੋ ਟਾਲਰੇਂਸ ਵਰਤੀ ਜਾਏਗੀ।