ਮੌਸਮ ਵਿਭਾਗ ਨੇ ਤਾਮਿਲਨਾਡੂ, ਆਂਧਰਾ ਪ੍ਰਦੇਸ਼ ’ਚ 10-11 ਨਵੰਬਰ ਨੂੰ ਮੋਹਲੇਧਾਰ ਮੀਂਹ ਪੈਣ ਦੀ ਦਿਤੀ
ਮੌਸਮ ਵਿਭਾਗ ਨੇ ਤਾਮਿਲਨਾਡੂ, ਆਂਧਰਾ ਪ੍ਰਦੇਸ਼ ’ਚ 10-11 ਨਵੰਬਰ ਨੂੰ ਮੋਹਲੇਧਾਰ ਮੀਂਹ ਪੈਣ ਦੀ ਦਿਤੀ ਚਿਤਾਵਨੀ
ਨਵੀਂ ਦਿੱਲੀ, 8 ਨਵੰਬਰ : ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਸੋਮਵਾਰ ਨੂੰ ਕਿਹਾ ਕਿ 10 ਅਤੇ 11 ਨਵੰਬਰ ਨੂੰ ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਦੇ ਕੁਝ ਹਿਸਿਆਂ ’ਚ ਜ਼ਿਆਦਾ ਮੋਹਲੇਧਾਰ ਮੀਂਹ ਪੈਣ ਦਾ ਖ਼ਦਸ਼ਾ ਹੈ, ਜਿਸ ਨਾਲ ਸੜਕਾਂ ਅਤੇ ਹੇਠਲੇ ਇਲਾਕੇ ਪਾਣੀ ਨਾਲ ਭਰ ਸਕਦੇ ਹਨ। ਇਕ ਚਕਰਵਾਤੀ ਸਰਕੂਲੇਸ਼ਨ ਦੱਖਣ-ਪੂਰਬੀ ਬੰਗਾਲ ਦੀ ਖਾੜੀ ਅਤੇ ਉਸ ਨਾਲ ਲਗਦੇ ਦਖਣੀ ਅੰਡਮਾਨ ਸਾਗਰ ਤਕ ਫੈਲਿਆ ਹੋਇਆ ਹੈ। ਇਸ ਦੇ ਪ੍ਰਭਾਵ ਕਾਰਨ, ਅਗਲੇ 24 ਘੰਟਿਆਂ ਦੌਰਾਨ ਦੱਖਣ-ਪੂਰਬੀ ਬੰਗਾਲ ਦੀ ਖਾੜੀ ਅਤੇ ਗੁਆਂਢੀ ਖੇਤਰ ’ਚ ਘੱਟ ਦਬਾਅ ਦਾ ਇਕ ਖੇਤਰ ਬਣ ਸਕਦਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਇਸ ਦੇ ਪੱਛਮ-ਉਤਰ-ਪੱਛਮ ਵਲ ਵਧਣ ਅਤੇ 11 ਨਵੰਬਰ ਦੀ ਸਵੇਰ ਤਕ ਉਤਰੀ ਤਾਮਿਲਨਾਡੂ ਸਮੁੰਦਰੀ ਕੰਢੇ ਕੋਲ ਪਹੁੰਚ ਸਕਦਾ ਹੈ।
ਵਿਭਾਗ ਨੇ ਇਕ ਬਿਆਨ ’ਚ ਕਿਹਾ,‘‘ਇਸ ਦੇ ਪ੍ਰਭਾਵ ’ਚ 10 ਅਤੇ 11 ਨਵੰਬਰ ਨੂੰ ਬਹੁਤ ਭਾਰੀ ਮੀਂਹ ਪੈਣ ਦਾ ਖ਼ਦਸ਼ਾ ਹੈ।’’ ਮੋਹਲੇਧਾਰ ਮੀਂਹ 64.5 ਮਿਲੀਮੀਟਰ ਅਤੇ 115.5 ਮਿਲੀਮੀਟਰ ਦਰਮਿਆਨ ਮੰਨਿਆ ਜਾਂਦਾ ਹੈ, ਜਦੋਂ ਕਿ 115.6 ਅਤੇ 204.4 ਦਰਮਿਆਨ ਮੀਂਹ ਬਹੁਤ ਭਾਰੀ ਮੰਨਿਆ ਜਾਂਦਾ ਹੈ। ਵਿਭਾਗ ਨੇ ਮਛੇਰਿਆਂ ਨੂੰ ਇਨ੍ਹਾਂ ਖੇਤਰਾਂ ’ਚ ਸਮੁੰਦਰ ਕਿਨਾਰਿਆਂ ’ਤੇ ਨਾ ਜਾਣ ਦੀ ਸਲਾਹ ਦਿਤੀ ਹੈ। ਉਸ ਨੇ ਸੜਕਾਂ ਅਤੇ ਹੇਠਲੇ ਖੇਤਰਾਂ ’ਚ ਪਾਣੀ ਭਰਨ ਦੀ ਚਿਤਾਵਨੀ ਦਿਤੀ ਹੈ। (ਏਜੰਸੀ)