ਪੰਜਾਬ ਵਿਚ 5 ਸਾਲਾਂ ’ਚ ਲੜਕੀਆਂ ਦੀ ਜਨਮ ਦਰ ਵਧੀ, 1000 ਲੜਕਿਆਂ ਦੀ ਤੁਲਨਾ ’ਚ 904 ਲੜਕੀਆਂ
ਬਠਿੰਡਾ, ਫਤਹਿਗੜ੍ਹ ਸਾਹਿਬ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਅਜੇ ਵੀ ਪਿੱਛੇ
ਅੰਮ੍ਰਿਤਸਰ: ਪੰਜਾਬ ਵਿਚ ਪੰਜ ਸਾਲਾਂ ਦੌਰਾਨ ਲੜਕੀਆਂ ਦੀ ਜਨਮ ਦਰ ਵਿਚ ਵਾਧਾ ਹੋਇਆ ਹੈ। ਸੂਬੇ ਵਿਚ ਲਿੰਗ ਅਨੁਪਾਤ ਹੁਣ 1000 ਲੜਕਿਆਂ ਪਿੱਛੇ 904 ਲੜਕੀਆਂ ਹਨ। ਸਾਲ 2011 ਵਿਚ ਇਹ ਅਨੁਪਾਤ 893 ਸੀ। ਨੈਸ਼ਨਲ ਫੈਮਿਲੀ ਹੈਲਥ ਸਰਵੇ ਅਨੁਸਾਰ ਬਠਿੰਡਾ, ਫਤਹਿਗੜ੍ਹ ਸਾਹਿਬ ਅਤੇ ਸ਼ਹੀਦ ਭਗਤ ਸਿੰਘ ਨਗਰ ਨੂੰ ਛੱਡ ਕੇ ਬਾਕੀ ਜ਼ਿਲ੍ਹਿਆਂ ਵਿਚ ਲੜਕੀਆਂ ਦੀ ਜਨਮ ਦਰ ਵਧੀ ਹੈ।
ਦਰਅਸਲ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ ਵਿਚ 2015-16 ਦੇ ਅੰਕੜਿਆਂ ਦੀ ਤੁਲਨਾ 2020-21 ਵਿਚ ਕੀਤੇ ਗਏ ਸਰਵੇਖਣ ਨਾਲ ਕੀਤੀ ਗਈ ਹੈ। ਇਸ ਸਰਵੇਖਣ ਵਿਚ ਲੜਕੀਆਂ ਦੀ ਜਨਮ ਦਰ ਵਧਾਉਣ ਦੇ ਮਾਮਲੇ ਵਿਚ ਮੁਕਤਸਰ ਅਤੇ ਫਿਰੋਜ਼ਪੁਰ ਸਭ ਤੋਂ ਅੱਗੇ ਹਨ, ਜਦਕਿ ਬਠਿੰਡਾ ਸਭ ਤੋਂ ਪਿੱਛੇ ਹੈ।
ਸਿਹਤ ਵਿਭਾਗ ਪੰਜਾਬ ਨੇ ਬਠਿੰਡਾ, ਫਤਹਿਗੜ੍ਹ ਸਾਹਿਬ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਸੱਠ ਸਰਜਨਾਂ ਨੂੰ ਪੱਤਰ ਜਾਰੀ ਕਰਕੇ ਲਿੰਗ ਅਨੁਪਾਤ ਨੂੰ ਸੰਤੁਲਿਤ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਦੇ ਨਾਲ ਇਸ ਅੰਕੜੇ ਨੂੰ ਸੁਧਾਰਨ ਲਈ ਅਧਿਕਾਰੀਆਂ ਵੱਲੋਂ ਕੀ ਕਦਮ ਚੁੱਕੇ ਜਾ ਰਹੇ ਹਨ, ਸਬੰਧੀ ਜਵਾਬ ਮੰਗਿਆ ਗਿਆ ਹੈ।