ਸਰਕਾਰ ਅਤੇ ਮਿੱਲਾਂ ਵਲੋਂ ਭਲਕ ਤੱਕ ਕੋਈ ਜੇਕਰ ਨਾ ਕੀਤਾ ਗਿਆ ਤਰੀਕ ਦਾ ਐਲਾਨ ਤਾਂ ਵਿੱਢਿਆ ਜਾਵੇਗਾ ਵੱਡਾ ਸੰਘਰਸ਼ - SKM 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ- ਗੰਨੇ ਦੀਆਂ ਭਰੀਆਂ ਟਰਾਲੀਆਂ ਨਾਲ MLAs ਦੇ ਘਰ ਅੱਗੇ ਕੀਤਾ ਜਾਵੇਗਾ ਪ੍ਰਦਰਸ਼ਨ 

SKM

ਮੋਹਾਲੀ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਨਾਲ ਮੀਟਿੰਗ 6-10 2022 ਨੂੰ ਪੰਜਾਬ ਭਵਨ ਵਿਖੇ ਹੋਈ ਸੀ। ਜਿਸ ਵਿੱਚ ਮੁੱਖ ਮੰਤਰੀ ਪੰਜਾਬ ਵਲੋਂ ਪੰਜ ਨਵੰਬਰ ਤੋਂ ਪੰਦਰਾਂ ਨਵੰਬਰ ਤੱਕ ਸਾਰੀਆਂ ਪ੍ਰਾਈਵੇਟ ਤੇ ਸਹਿਕਾਰੀ ਸੂਗਰ ਮਿੱਲਾਂ ਚਲਾਉਣ ਦਾ ਵਾਅਦਾ ਕੀਤਾ ਸੀ।

ਇਸ ਬਾਰੇ ਸੰਯੁਕਤ ਕਿਸਾਨ ਮੋਰਚਾ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਉਨ੍ਹਾਂ ਕਿਹਾ ਆਕੀ ਸਰਕਾਰ ਵਲੋਂ ਮਿੱਲਾਂ ਨੂੰ ਤੀਸਰੇ ਹਫਤੇ ਮਤਲਬ 15 ਨਵੰਬਰ ਤੋਂ ਮਿੱਲਾਂ ਚਲਾਉਣ ਦੇ ਆਦੇਸ਼ ਜਾਰੀ ਕੀਤੇ ਹਨ ਪਰ ਅੱਜ 9 ਨਵੰਬਰ ਹੋ ਗਿਆ ਕਿਸੇ ਵੀ ਸਹਿਕਾਰੀ ਜਾਂ ਪ੍ਰਾਈਵੇਟ ਮਿੱਲਾਂ ਵਲੋਂ ਕੋਈ ਵੀ ਤਰੀਕਾਂ ਦਾ ਐਲਾਨ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪਤਾ ਇਹ ਲੱਗਦਾ ਕਿ ਸਰਕਾਰ ਵਲੋਂ ਪ੍ਰਾਈਵੇਟ ਮਿੱਲ ਮਾਲਕਾਂ ਨਾਲ ਗੱਲਬਾਤ ਕੀਤੀ ਗਈ ਸੀ ਤੇ ਸਰਕਾਰ ਨੇ ਪੰਜਾਹ ਰੁਪਏ ਸਬਸਿਡੀ ਦੇਣ ਦਾ ਭਰੋਸਾ ਦਿੱਤਾ ਸੀ ਪਰੰਤੂ ਪ੍ਰਾਈਵੇਟ ਮਿੱਲਾਂ ਦੇ ਮਾਲਕ ਪੰਜਾਹ ਰੁਪਏ ਸਬਸਿਡੀ ਵਾਲੇ ਨੋਟੀਫ਼ਿਕੇਸ਼ਨ ਦੀ ਉਡੀਕ ਕਰ ਰਹੇ ਹਨ। ਇਸ ਕਰ ਕੇ ਕਿਸੇ ਵੀ ਤਰੀਕ ਦਾ ਐਲਾਨ ਨਹੀਂ ਕੀਤਾ ਜਾ ਰਿਹਾ।

ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਵਿੱਚ ਇਹ ਵੀ ਸਪੱਸ਼ਟ ਕੀਤਾ ਸੀ ਮਿੱਲਾਂ ਚਲਾਉਣ ਵਾਸਤੇ ਲੇਬਰ ਦੂਸਰੇ ਸੂਬਿਆਂ ਤੋਂ ਮੰਗਵਾਉਣੀ ਪੈਂਦੀ ਹੈ ਤਾਂ ਮਿੱਲਾਂ ਚੱਲਣ ਦੀ ਤਰੀਕ ਇੱਕ ਮਹੀਨਾ ਪਹਿਲਾਂ ਅਨਾਊਸ ਕੀਤੀ ਜਾਵੇ ਪਰ ਸਰਕਾਰ ਤੇ ਮਿੱਲ ਮਾਲਕ ਚੁੱਪ ਬੈਠ ਹਨ ਜਿਸ ਨਾਲ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਸੀਜ਼ਨ 2022-23 ਦੌਰਾਨ ਗੰਨੇ ਦੀ ਅਦਾਇਗੀ ਇੱਕ ਕਾਊਂਟਰ 'ਤੇ ਮਿਲਣੀ ਚਾਹੀਦੀ ਹੈ।ਇਹ ਕਿਸਾਨ ਮੋਰਚਾ ਪੰਜਾਬ ਵੱਲੋਂ ਮੁੱਖ ਮੰਤਰੀ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਸੀ ਪਰੰਤੂ ਸਰਕਾਰ ਵਲੋਂ ਕੋਈ ਵੀ ਸਥਿਤੀ ਸਪੱਸ਼ਟ ਨਹੀਂ ਕੀਤੀ ਗਈ।

ਕਿਸਾਨਾਂ ਨੇ ਕਿਹਾ ਕਿ ਸਾਰੀਆਂ ਸਹਿਕਾਰੀ ਤੇ ਪ੍ਰਾਈਵੇਟ ਖੰਡ ਮਿੱਲਾਂ ਦੀ ਪੇਮੈਂਟ ਕਨੂੰਨ ਮੁਤਾਬਿਕ 14 ਦਿਨਾਂ ਦੇ ਅੰਦਰ ਅੰਦਰ ਕਿਸਾਨਾਂ ਦੇ ਖਾਤਿਆਂ ਵਿਚ ਪਾਈ ਜਾਏ ਤਾਂ ਜੋ ਬਾਰ ਬਾਰ ਪੇਮੈਂਟ ਲੈਣ ਵਾਸਤੇ ਮਜਬੂਰਨ ਕਿਸਾਨਾਂ ਨੂੰ ਸੰਘਰਸ਼ ਨਾ ਕਰਨੇ ਪੈਣ। ਉਨ੍ਹਾਂ ਮੰਗ ਕੀਤੀ ਕਿ ਨਕਲੀ ਕੀਟਨਾਸ਼ਕ ਦਵਾਈਆਂ , ਖਾਦ ਤੇ ਦੁੱਧ ਤੇ ਸਰਕਾਰ ਪਾਬੰਦੀ ਲਾ ਕੇ ਉਹਨਾਂ ਖਿਲਾਫ਼ ਕਾਰਵਾਈ ਕੀਤੀ ਜਾਵੇ।

ਇਸ ਤੋਂ ਇਲਾਵਾ ਕਿਸਾਨਾਂ ਨੇ ਇਹ ਵੀ ਮੰਗ ਕੀਤੀ ਕਿ ਅਵਾਰਾ ਪਸ਼ੂਆਂ ਤੇ ਸੂਰਾਂ ਦਾ ਸਰਕਾਰ ਨੂੰ ਢੁਕਵਾਂ ਪ੍ਰਬੰਧ ਕਰਨਾ ਚਾਹੀਦਾ ਹੈ, ਅਵਾਰਾ ਪਸ਼ੂਆਂ ਵਾਸਤੇ ਸਰਕਾਰ ਸਲਾਟਰ ਹਾਊਸ ਖੋਲ ਕੇ ਕਿਸਾਨਾਂ ਦੀਆਂ ਫਸਲਾਂ ਤੋਂ ਸੜਕ ਹਾਦਸਿਆਂ ਨੂੰ ਬਚਾਉਣ ਲਈ ਪ੍ਰਬੰਧ ਕਰੇ, ਸੂਰਾਂ ਨੂੰ ਖਤਮ ਕਰਨ ਲਈ ਸ਼ਿਕਾਰ ਦੀ ਇਜਾਜ਼ਤ ਲੈਣ ਦਾ ਪਰੋਸੈਸ । ਥੋੜੇ ਦਿਨਾਂ ਦਾ ਕਰੇ ਤੇ ਇਜਾਜ਼ਤ ਦਿੱਤੀ ਜਾਵੇ।

ਪ੍ਰੈਸ ਕਾਨਫਰੰਸ 'ਚ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦੋਆਬਾ ਕਿਸਾਨ ਕਮੇਟੀ ਪੰਜਾਬ ਵਲੋਂ ਇੱਕ ਹਫਤਾ ਪਹਿਲਾਂ ਅਖ਼ਬਾਰ ਰਾਹੀਂ ਇਹ ਜਾਣਕਾਰੀ ਦਿੱਤੀ ਸੀ ਜੇਕਰ ਸਰਕਾਰ ਅਤੇ ਮਿੱਲਾਂ ਵਲੋਂ 10 ਤਰੀਕ ਤੱਕ ਕੋਈ ਤਰੀਕ ਦਾ ਐਲਾਨ ਨਹੀਂ ਕੀਤਾ ਜਾਂਦਾ ਤਾਂ ਸਾਡੀ ਜਥੇਬੰਦੀ ਐਮ.ਐਲ.ਏ ਦੇ ਘਰਾਂ ਸਾਹਮਣੇ ਅਤੇ ਮਿੱਲ ਵਿੱਚ ਗੰਨਾ ਲਿਜਾ ਕੇ ਰੋਸ ਪ੍ਰਦਰਸ਼ਨ ਕਰੇਗੀ ਪਰ ਸਰਕਾਰ ਤੋਂ ਮਿੱਲਾਂ ਦੇ ਕੰਨ ਤੇ ਜੂੰ ਨਹੀਂ ਸਰਕੀ। ਉਨ੍ਹਾਂ ਐਲਾਨ ਕੀਤਾ ਕਿ ਐਮਐਲਏ ਟਾਂਡਾ ਜਸਵੀਰ ਸਿੰਘ ਰਾਜਾ ਤੇ ਐਮ ਐਲ ਏ ਦਸੂਹਾ ਕਰਮਵੀਰ ਸਿੰਘ ਘੁੰਮਣ ਦੇ ਘਰ ਸਾਹਮਣੇ 11 ਤਰੀਕ ਠੀਕ 11 ਵਜੇ ਗੰਨੇ ਦੀਆਂ ਲੱਦੀਆਂ ਟਰਾਲੀਆਂ ਲਿਜਾ ਕੇ ਰੋਸ ਪ੍ਰਦਰਸ਼ਨ ਕਰਾਂਗੇ ਜੇਕਰ ਫਿਰ ਵੀ ਮਸਲੇ ਦਾ ਹੱਲ ਨਹੀਂ ਹੋਇਆ ਤਾਂ ਨਾਲ ਹੀ ਮਿੱਲਾਂ ਵਿੱਚ ਟਰਾਲੀਆਂ ਲਿਜਾ ਕੇ ਪ੍ਰਦਰਸ਼ਨ ਕੀਤਾ ਜਾਵੇਗਾ।