Election Commission ਵੱਲੋਂ ਤਰਨ ਤਾਰਨ ਜ਼ਿਮਨੀ ਚੋਣ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ : ਮੁੱਖ ਚੋਣ ਅਧਿਕਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰੀ ਬਲਾਂ ਦੀਆਂ 12 ਕੰਪਨੀਆਂ ਤਾਇਨਾਤ, ਕਿਸੇ ਵੀ ਜ਼ਿਮਨੀ ਚੋਣ ’ਚ ਚੋਣ ਕਮਿਸ਼ਨ ਵੱਲੋਂ ਸਭ ਤੋਂ ਵੱਡੀ ਤਾਇਨਾਤੀ

Election Commission makes elaborate security arrangements for Tarn Taran by-election: Chief Electoral Officer

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਹਲਕਾ ਤਰਨ ਤਾਰਨ ਵਿੱਚ 11 ਨਵੰਬਰ ਨੂੰ ਜ਼ਿਮਨੀ ਚੋਣ ਲਈ ਵੋਟਾਂ ਪੈਣੀਆਂ ਹਨ। ਇਸ ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਨੇ ਕੌਮਾਂਤਰੀ ਸਰਹੱਦ ਨਾਲ ਲੱਗਦੇ ਜ਼ਿਲ੍ਹੇ ਤਰਨਤਾਰਨ ਦੀ ਸੰਵੇਦਨਸ਼ੀਲਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਚੋਣ ਮਸ਼ੀਨਰੀ ਰਾਹੀਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹਨ ਅਤੇ ਚੋਣ ਕਮਿਸ਼ਨ ਵੱਲੋਂ ਤਾਇਨਾਤ ਕੀਤੇ ਗਏ ਅਬਜ਼ਰਵਰਾਂ ਨਾਲ ਸਲਾਹ-ਮਸ਼ਵਰਾ ਕਰਕੇ ਚੋਣ ਯੋਜਨਾ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ।
ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਵਿਧਾਨ ਸਭਾ ਹਲਕੇ ਵਿੱਚ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀਆਂ 12 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ, ਜੋ ਕਿ ਕਿਸੇ ਵੀ ਜ਼ਿਮਨੀ ਚੋਣ ਵਿੱਚ ਚੋਣ ਕਮਿਸ਼ਨ ਵੱਲੋਂ ਹੁਣ ਤੱਕ ਦੀ ਸਭ ਤੋਂ ਵੱਡੀ ਤਾਇਨਾਤੀਆਂ ਵਿੱਚੋਂ ਇੱਕ ਹੈ।

ਮੁੱਖ ਚੋਣ ਅਧਿਕਾਰੀ ਨੇ ਇਹ ਵੀ ਕਿਹਾ ਕਿ ਤਾਇਨਾਤੀ ਯੋਜਨਾ ਅਨੁਸਾਰ 222 ਪੋਲਿੰਗ ਸਟੇਸ਼ਨਾਂ ਨੂੰ ਕਵਰ ਕਰਦੇ ਹੋਏ, ਸਾਰੇ 114 ਪੋਲਿੰਗ ਸਟੇਸ਼ਨ ਸਥਾਨਾਂ ਉੱਤੇ ਕੇਂਦਰੀ ਬਲਾਂ ਦੇ ਜਵਾਨ ਤਾਇਨਾਤ ਰਹਿਣਗੇ। ਕੇਂਦਰੀ ਬਲਾਂ ਤੋਂ ਇਲਾਵਾ ਸਾਰੇ ਪੋਲਿੰਗ ਸਟੇਸ਼ਨਾਂ ਉੱਤੇ ਸੀਸੀਟੀਵੀ ਕੈਮਰੇ ਅਤੇ ਵੈਬਕਾਸਟਿੰਗ ਦੀ ਵਿਵਸਥਾ ਹੋਵੇਗੀ, ਜਿਨ੍ਹਾਂ ਦੀ ਨਿਗਰਾਨੀ ਰੀਟਰਨਿੰਗ ਅਧਿਕਾਰੀ, ਜ਼ਿਲ੍ਹਾ ਚੋਣ ਅਧਿਕਾਰੀ ਅਤੇ ਮੁੱਖ ਚੋਣ ਅਧਿਕਾਰੀ ਪੱਧਰ ’ਤੇ ਚੋਣ ਕਮਿਸ਼ਨ ਦੀ ਦੇਖਰੇਖ ਹੇਠ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਸਾਰੇ ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਸਥਾਨਾਂ ਨੂੰ 46 ਮਾਈਕ੍ਰੋ ਅਬਜ਼ਰਵਰ ਵੀ ਕਵਰ ਕਰਨਗੇ।

 ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਸਾਰੇ 222 ਪੋਲਿੰਗ ਸਟੇਸ਼ਨਾਂ ‘ਤੇ ਲਾਜ਼ਮੀ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ ਅਤੇ ਭਰੋਸਾ ਦਿੱਤਾ ਕਿ ਚੋਣ ਮਸ਼ੀਨਰੀ ਵੱਲੋਂ ਕਾਨੂੰਨ ਅਤੇ ਵਿਵਸਥਾ ਦੀ ਕਿਸੇ ਵੀ ਉਲੰਘਣਾ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 11 ਨਵੰਬਰ ਨੂੰ ਸਵੇਰੇ 7.00 ਵਜੇ ਤੋਂ ਸ਼ਾਮ 6.00 ਵਜੇ ਤੱਕ ਹੋਣ ਵਾਲੀ ਵੋਟਿੰਗ ਦੌਰਾਨ ਨਿਡਰਤਾ ਨਾਲ ਅੱਗੇ ਆ ਕੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ।