ਸਾਬਕਾ ਡੀਜੀਪੀ ਦੇ ਪੁੱਤਰ ਦਾ ਹੋਇਆ ਐਕਸੀਡੈਂਟ, ਤੇਜ਼ ਰਫ਼ਤਾਰ ਕਾਰ ਨੇ ਮਾਰੀ ਟੱਕਰ
ਕਾਰ ਦੇ ਉੱਡੇ ਪਰਖੱਚੇ
Former DGP Siddharth Chattopadhyay Son accident: ਪੰਜਾਬ ਦੇ ਸਾਬਕਾ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਸਿਧਾਰਥ ਚਟੋਪਾਧਿਆਏ ਦੇ ਪੁੱਤਰ ਦਾ ਲੁਧਿਆਣਾ ਵਿਚ ਭਿਆਨਕ ਐਕਸੀਡੈਂਟ ਹੋ ਗਿਆ। ਉਨ੍ਹਾਂ ਦਾ ਪੁੱਤਰ ਸਿਧਾਂਤ ਆਪਣੀ ਕਾਰ, ਨੰਬਰ CH04K0433 ਵਿੱਚ ਨਿੱਜੀ ਕੰਮ ਲਈ ਜਾ ਰਿਹਾ ਸੀ ਕਿ ਉਸੇ ਵੇਲੇ ਸਾਹਮਣੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।
ਕਾਰ ਵਿੱਚ ਸਵਾਰ ਪਰਿਵਾਰਕ ਮੈਂਬਰ ਵੀ ਜ਼ਖ਼ਮੀ ਹੋ ਗਏ। ਪਰਿਵਾਰ ਦੇ ਸਾਰੇ ਮੈਂਬਰ ਇਸ ਵੇਲੇ ਸੁਰੱਖਿਅਤ ਹਨ। ਡਿਵੀਜ਼ਨ ਨੰਬਰ 8 ਪੁਲਿਸ ਸਟੇਸ਼ਨ ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ, ਖੰਨਾ ਦੇ ਰਹਿਣ ਵਾਲੇ ਦੀਵਾਨਸ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 281, 125, 324(4), ਅਤੇ 351(3) ਤਹਿਤ ਮਾਮਲਾ ਦਰਜ ਕੀਤਾ ਗਿਆ।
ਸਿਧਾਂਤ ਚਟੋਪਾਧਿਆਏ ਨੇ ਪੁਲਿਸ ਨੂੰ ਦੱਸਿਆ ਕਿ ਉਹ ਪ੍ਰਵਾਰ ਸਮੇਤ ਕਿਸੇ ਕੰਮ ਲਈ ਡਾਂਡੀ ਸਵਾਮੀ ਰੋਡ 'ਤੇ ਯਾਤਰਾ ਕਰ ਰਿਹਾ ਸੀ ਉਦੋਂ ਇੱਕ ਵਿਅਕਤੀ ਆਈ 20 ਕਾਰ ਵਿਚ ਸਾਹਮਣੇ ਤੋਂ ਤੇਜ਼ ਰਫ਼ਤਾਰ ਨਾਲ ਆਇਆ ਅਤੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਸਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।
ਕਾਰ ਦਾ ਬੋਨਟ ਪੂਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। ਕਾਰ ਵਿੱਚ ਬੈਠੇ ਪਰਿਵਾਰਕ ਮੈਂਬਰ ਵੀ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ। ਪੁਲਿਸ ਨੇ ਖੰਨਾ ਨਿਵਾਸੀ ਦੀਵਾਨਸ ਵਿਰੁੱਧ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਏਐਸਆਈ ਜਨਕ ਰਾਜ ਮਾਮਲੇ ਦੀ ਜਾਂਚ ਕਰ ਰਹੇ ਹਨ।