IELTS ਪਾਸ ਘਰਵਾਲੀ ਨੂੰ 20 ਲੱਖ ਦਾ ਖ਼ਰਚਾ ਕਰ ਭੇਜਿਆ ਕੈਨੇਡਾ, ਵਿਦੇਸ਼ ਜਾ ਕੇ ਮੁਕਰੀ
ਘਰਵਾਲੇ ਦਾ ਨੰਬਰ ਕੀਤਾ ਬਲੌਕ, ਮੁੰਡਾ ਮਾਨਸਿਕ ਤੌਰ 'ਤੇ ਹੋਇਆ ਪ੍ਰੇਸ਼ਾਨ
ਸਮਰਾਲਾ (ਬਲਜੀਤ ਸਿੰਘ ਬਘੌਰ, ਦੀਪਕ ਖੁੱਲਰ, ਦੀਪਕ ਮਰਵਾਹਾ): ਵਿਆਹੁਤਾ ਲੜਕੀਆਂ ਵਲੋਂ ਸਹੁਰੇ ਪਰਵਾਰ ਦਾ ਖ਼ਰਚਾ ਕਰਵਾ ਕੇ ਵਿਦੇਸ਼ ਜਾ ਕੇ ਮੁਕਰਨ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਅਜਿਹੀ ਹੀ ਘਟਨਾ ਪਿੰਡ ਬਰਧਾਲਾਂ ਦੇ ਪ੍ਰੇਮ ਸਿੰਘ ਦੇ ਪਰਵਾਰ ਨਾਲ ਵਾਪਰੀ। ਪੀੜਤ ਪ੍ਰੇਮ ਸਿੰਘ ਨੇ ਦਸਿਆ ਕਿ ਉਸਦੇ ਲੜਕੇ ਦਾ ਰਿਸ਼ਤਾ ਪਿੰਡ ਸੇਹ ਦੀ ਰਹਿਣ ਵਾਲੀ ਹਰਮਨਪ੍ਰੀਤ ਕੌਰ ਨਾਲ ਹੋਇਆ ਸੀ।
ਲੜਕੀ ਆਈਲਟਸ ਪਾਸ ਸੀ ਅਤੇ ਰਿਸ਼ਤਾ ਕਰਨ ਵੇਲੇ ਦੋਨਾਂ ਪ੍ਰਵਾਰਾਂ ਵਲੋਂ ਅੱਧਾ-ਅੱਧਾ ਖ਼ਰਚਾ ਕਰਨ ਦੀ ਗੱਲ ਤੈਅ ਹੋਈ ਸੀ,ਜਿਸਦੇ ਚਲਦਿਆਂ ਪ੍ਰੇਮ ਸਿੰਘ ਵਲੋਂ ਲੜਕੀ ਨੂੰ ਕੈਨੇਡਾ ਭੇਜਣ ਲਈ ਕਰੀਬ 20 ਲੱਖ ਰੁਪਏ ਦਿਤੇ ਗਏ, ਪਰ ਵਿਆਹੁਤਾ ਵਲੋਂ ਵਿਦੇਸ਼ ਜਾਂਦਿਆਂ ਹੀ ਤੇਵਰ ਬਦਲ ਲਏ ਅਤੇ ਉਸ ਦੇ ਲੜਕੇ ਦਾ ਨੰਬਰ ਬਲੌਕ ਲਿਸਟ ਵਿਚ ਪਾ ਦਿਤਾ, ਜਿਸ ਕਾਰਨ ਲੜਕਾ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋ ਗਿਆ।
ਮਾਮਲੇ ਵਿਚ ਸਮਰਾਲਾ ਪੁਲਿਸ ਵਲੋਂ ਵਿਆਹੁਤਾ ਹਰਮਨਪ੍ਰੀਤ ਕੌਰ, ਉਸਦੇ ਭਰਾ ਸ਼ਗਨਪ੍ਰੀਤ ਸਿੰਘ, ਮਾਤਾ ਸਰਬਜੀਤ ਕੌਰ ਤੇ ਵਿਚੋਲੇ ਹਰਵਿੰਦਰ ਸਿੰਘ ਵਿਰੁਧ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਹਰਵਿੰਦਰ ਸਿੰਘ ਨੇ ਦਸਿਆ ਕਿ ਕੇਸ ਵਿਚ ਨਾਮਜਦ ਵਿਅਕਤੀਆਂ ਦੀ ਗਿ੍ਰਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਲਦ ਹੀ ਇਨ੍ਹਾਂ ਨੂੰ ਗਿ੍ਰਫ਼ਤਾਰ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।