ਪੰਜਾਬੀ ਯੂਨੀਵਰਸਿਟੀ ਨੇ ਗੁਰੂ ਜੀ ਦੇ ਨਾਂ ਉਤੇ ਦਿਤਾ ‘53 ਹਜ਼ਾਰੀ’ ਸੁਨਹਿਰੀ ਮੌਕਾ
ਫ਼ੇਲ ਤੇ ਰੀ-ਅਪੀਅਰ ਵਾਲੇ ਵਿਦਿਆਰਥੀਆਂ ਦੁਬਾਰਾ ਦੇ ਸਕਣਗੇ ਪੇਪਰ, ਵਿਦਿਆਰਥੀਆਂ ਵਲੋਂ ਵੱਧ ਫ਼ੀਸ ਦਾ ਵਿਰੋਧ
ਪਟਿਆਲਾ: ਪੰਜਾਬੀ ਯੂਨੀਵਰਸਿਟੀ ਨੇ ਅਪਣੀ ਆਰਥਕ ਸਥਿਤੀ ਨੂੰ ਮਜ਼ਬੂਤ ਕਰਨ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂ ’ਤੇ 53 ਹਜ਼ਾਰ ਦਾ ਸੁਨਹਿਰੀ ਮੌਕਾ ਦੇਣ ਦਾ ਐਲਾਨ ਕੀਤਾ ਹੈ। ਗੁਰੂ ਸਾਹਿਬ ਦੇ ਨਾਂ ’ਤੇ ਮਹਿੰਗੀ ਫੀਸ ਵਾਲੇ ਮੌਕੇ ਨੂੰ ਲੈ ਕੇ ਵਿਵਾਦ ਛਿੜ ਗਿਆ ਹੈ। ਵਿਦਿਆਰਥੀਆਂ ਵਲੋਂ ਇਸ ਫੀਸ ਦਾ ਵਿਰੋਧ ਕਰਦਿਆਂ ਸੰਘਰਸ਼ ਦੀ ਚਿਤਾਵਨੀ ਤਕ ਦੇ ਦਿਤੀ ਗਈ ਹੈ। ਦੂਸਰੇ ਯੂਨੀਵਰਸਿਟੀ ਦਾ ਤਰਕ ਹੈ ਕਿ ਇਸ ਸੁਨਹਿਰੀ ਮੌਕੇ ਦੀ ਫੀਸ ਕਈ ਸਾਲਾਂ ਤੋਂ ਚੱਲਦੀ ਆ ਰਹੀ ਹੈ ਤੇ ਇਸ ਵਿਚ ਕੋਈ ਵਾਧਾ ਕੀਤੇ ਬਿਨਾਂ ਸਿਰਫ਼ ਮੌਕਾ ਖੋਲ੍ਹਿਆ ਗਿਆ ਹੈ।ਜਾਣਕਾਰੀ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਸੰਦਰਭ ਵਿਚ ਪੰਜਾਬੀ ਯੂਨੀਵਰਸਿਟੀ ਵਲੋਂ ਅਪਣੇ ਉਨ੍ਹਾਂ ਪੁਰਾਣੇ ਵਿਦਿਆਰਥੀਆਂ ਨੂੰ ਜੋ ਅਪਣੀ ਡਿਗਰੀ ਰੀ-ਅਪੀਅਰ ਜਾਂ ਕਿਸੇ ਵਿਸ਼ੇ ਵਿਚੋਂ ਫੇਲ੍ਹ ਹੋਣ ਕਾਰਨ ਜਾਂ ਅਪਣੇ ਨੰਬਰਾਂ ਜਾਂ ਡਵੀਜ਼ਨ ਵਿਚ ਸੋਧ ਕਰਨ ਅਤੇ ਸਾਰੇ ਮੌਕੇ ਜਾਂ ਕੋਰਸ ਦੀ ਸਮਾਂ-ਸੀਮਾ ਖ਼ਤਮ ਹੋ ਚੁਕੀ ਹੈ, ਨੂੰ ਸੁਨਹਿਰੀ ਮੌਕਾ ਦਿਤਾ ਜਾ ਰਿਹਾ ਹੈ। ਇਸ ਸੁਨਹਿਰੀ ਮੌਕੇ ਦੀ ਇਮਤਿਹਾਨ ਫੀਸ 53 ਹਜ਼ਾਰ ਰੁਪਏ ਤੈਅ ਕੀਤੀ ਗਈ ਹੈ। ਜਿਸ ਦੀ ਫਾਰਮ ਭਰਨ ਦੀ ਆਖ਼ਰੀ ਤਰੀਕ 15 ਨਵੰਬਰ ਹੈ। ਸੁਨਹਿਰੀ ਮੌਕੇ ਲਈ ਓਡ ਸਮੈਸਟਰ ਭਾਵ 1,3 ਤੇ 5 ਆਦਿ ਦੇ ਵਿਸ਼ਿਆਂ ਦੇ ਪੇਪਰ ਦਸੰਬਰ-2025 ਵਿਚ ਅਤੇ ਈਵਨ ਸਮੈਸਟਰ ਭਾਵਨ 2, 4 ਤੇ 6 ਆਦਿ ਦੇ ਵਿਸ਼ਿਆਂ ਦੇ ਪੇਪਰ ਮਈ-2026 ਵਿਚ ਕਰਵਾਏ ਜਾਣਗੇ।
ਯੂਨੀਵਰਸਿਟੀ ਅਨੁਸਾਰ ਇਸ ਸੁਨਹਿਰੀ ਮੌਕੇ ਲਈ ਵਿਦਿਆਰਥੀ ਇਕ ਕੋਰਸ ਦੇ ਵੱਧ ਤੋਂ ਵੱਧ ਤਿੰਨ ਵਿਸ਼ਿਆਂ ਦੇ ਪੇਪਰ ਹੀ ਦੇ ਸਕੇਗਾ। ਇਹ ਤਿੰਨ ਪੇਪਰ ਕਿਸੇ ਕੋਰਸ ਦੇ ਵੱਖ-ਵੱਖ ਸਮੈਸਟਰਾਂ ਵਿਚੋਂ ਹੀ ਹੋ ਸਕਦੇ ਹਨ। ਇਕ ਕੋਰਸ ਦੇ ਤਿੰਨ ਵਿਸ਼ਿਆਂ ਲਈ ਸੁਨਹਿਰੀ ਮੌਕੇ ਦੀ ਫੀਸ 53 ਹਜ਼ਾਰ ਰੁਪਏ ਰੁਪਏ ਹੋਵੇਗੀ। ਕਿਸੇ ਵੀ ਵਿਸ਼ੇ ਦੇ ਸਮੈਸਟਰ ਨੂੰ ਇਕ ਪੇਪਰ ਹੀ ਮੰਨਿਆ ਜਾਵੇਗਾ। ਇਹ ਮੌਕਾ ਮਈ 2011 ਜਾਂ ਇਸ ਤੋਂ ਬਾਅਦ ਦੇ ਸੈਸ਼ਨ ਦੇ ਸਿਰਫ਼ ਸਮੈਸਟਰ ਪ੍ਰਣਾਲੀ ਤਹਿਤ ਆਉਂਦੇ ਕੋਰਸਾਂ ਲਈ ਦਿਤਾ ਜਾ ਰਿਹਾ ਹੈ। ਦਸੰਬਰ 2025 ਤੇ ਮਈ 2026 ਵਿਚ ਹੋਣ ਵਾਲੇ ਵਿਸ਼ੇਸ ਮੌਕੇ ਦੇ ਪੇਪਰ ਮੌਜੂਦਾ ਸਿਲੇਬਲ ਅਨੁਸਾਰ ਹੋਣਗੇ। ਇਹ ਸੁਨਹਿਰੀ ਮੌਕਾ ਸਿਰਫ਼ ਉਨ੍ਹਾਂ ਵਿਦਿਆਰਥੀਆਂ ਲਈ ਹੈ ਜਿਨ੍ਹਾਂ ਵਿਦਿਆਰਥੀਆਂ ਦੇ ਸਾਰੇ ਮੌਕੇ ਖ਼ਤਮ ਹੋ ਚੁਕੇ ਹਨ ਤੇ ਕੋਰਸ ਦੀ ਸਮਾਂ-ਸੀਮਾ ਵੀ ਖ਼ਤਮ ਹੋ ਚੁਕੀ ਹੈ। ਸਿਰਫ਼ ਥਿਊਰੀ ਲਈ ਉਪਲੱਬਧ ਇਸ ਮੌਕੇ ਦੇ ਪੇਪਰਾਂ ਲਈ ਇਮਤਿਹਾਨ ਕੇਂਦਰ ਸਿਰਫ਼ ਪਟਿਆਲਾ ਵਿਖੇ ਹੀ ਹੋਵੇਗਾ। ਇਸ ਲਈ ਭਰੀ ਹੋਈ ਫ਼ੀਸ ਕਿਸੇ ਵੀ ਹਾਲਤ ਵਿਚ ਰੀਫ਼ੰਡ ਨਹੀਂ ਹੋਵੇਗੀ। ਯੂਨਾਈਟਡ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਪੰਜਾਬੀ ਯੂਨੀਵਰਸਿਟੀ ਇਕਾਈ ਪ੍ਰਧਾਨ ਮਨਦੀਪ ਸਿੰਘ, ਪ੍ਰਦੀਪ ਸਿੰਘ, ਇੰਦਰ ਸਿੰਘ, ਅਮਰਿੰਦਰ ਸਿੰਘ ਅਤੇ ਨਿਰਮਲਜੀਤ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਦੇ ਨਾਂ ’ਤੇ ਪੰਜਾਬੀ ਯੂਨੀਵਰਸਿਟੀ ਵਲੋਂ ਵਿਦਿਆਰਥੀਆਂ ’ਤੇ ਬੋਝ ਪਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਜੋ ਕਿ ਮੰਦਭਾਗਾ ਹੈ। ਵਿਦਿਆਥੀਆਂ ਨੇ ਕਿਹਾ ਕਿ ਇਹ ਵਿਦਿਆਰਥੀਆਂ ਲਈ ਨਹੀਂ ਸਗੋਂ ਯੂਨੀਵਰਸਿਟੀ ਨੇ ਅਪਣੇ ਲਈ ਸੁਨਹਿਰੀ ਮੌਕਾ ਬਣਾਇਆ ਹੈ। ਯੂਨੀਵਰਸਿਟੀ ਨੂੰ ਗੁਰੂ ਸਾਹਿਬ ਦੇ ਨਾਂ ’ਤੇ ਕਮਾਈ ਕਰਨ ਦੀ ਬਜਾਏ ਵਿਦਿਆਰਥੀਆਂ ਨੂੰ ਮੁਫ਼ਤ ਵਿਚ ਅਪਣੀ ਡਿਗਰੀ ਪੂਰੀ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ। ਪ੍ਰਧਾਨ ਮਨਦੀਪ ਸਿੰਘ ਨੇ ਮੰਗ ਕੀਤੀ ਕਿ ਯੂਨੀਵਰਸਿਟੀ ਫੀਸ ਸਬੰਧੀ ਫ਼ੈਸਲਾ ਵਾਪਸ ਲਵੇ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਅਸਲ ਵਿਚ ਇਸ ਵਿਸ਼ੇਸ਼ ਮੌਕੇ ਨਾਲ ਅਪਣਾ ਭਵਿੱਖ ਸੁਨਹਿਰੀ ਕਰ ਸਕਣ।
ਪੰਜਾਬੀ ਯੂਨੀਵਰਸਿਟੀ ਉਪ ਕੁਲਪਤੀ ਡਾ. ਜਗਦੀਪ ਸਿੰਘ ਦਾ ਕਹਿਣਾ ਹੈ ਕਿ ਗੋਲਡਨ ਚਾਂਸ (ਸੁਨਹਿਰੀ ਮੌਕੇ) ਸਬੰਧੀ ਸਾਲ 2020 ਤੋਂ ਪਹਿਲਾਂ ਫੀਸ ਤੈਅ ਕੀਤੀ ਗਈ ਹੈ ਅਤੇ ਇਸ ਵਿਚ ਬਿਨਾਂ ਕਿਸੇ ਤਬਦੀਲੀ ਤੋਂ ਸਿਰਫ਼ ਵਿਦਿਆਰਥੀਆਂ ਨੂੰ ਮੌਕਾ ਦੇਣ ਦੀ ਪਹਿਲ ਕੀਤੀ ਗਈ ਹੈ। ਵੱਧ ਫੀਸ ਦਾ ਵਿਰੋਧ ਹੋਣ ਦੇ ਸਵਾਲ ’ਤੇ ਉਪ ਕੁਲਪਤੀ ਨੇ ਦਸਿਆ ਕਿ 53 ਹਜ਼ਾਰ ਰੁਪਏ ਤਿੰਨ ਪੇਪਰਾਂ ਦੀ ਫੀਸ ਹੈ ਜਦਕਿ ਹੋਰ ਯੂਨੀਵਰਸਿਟੀ ਵਿਚ ਗੋਲਡਨ ਚਾਂਸ ਦੀ ਪ੍ਰਤੀ ਪੇਪਰ ਫੀਸ 25 ਹਜ਼ਾਰ ਰੁਪਏ ਹੈ। ਇਕ ਹੋਰ ਸਵਾਲ ਦੇ ਜਵਾਬ ਵਿਚ ਡਾ. ਜਗਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਇਸ ਫੀਸ ਵਿਚ ਕੁੱਝ ਹੋਰ ਕਟੌਤੀ ਕੀਤੀ ਜਾ ਸਕੇ।