ਪੰਜਾਬ 'ਚ ਵੀ ਭਾਰਤ ਬੰਦ ਦਾ ਵਿਆਪਕ ਅਸਰ ਰਿਹਾ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ 'ਚ ਵੀ ਭਾਰਤ ਬੰਦ ਦਾ ਵਿਆਪਕ ਅਸਰ ਰਿਹਾ

image

ਬਾਜ਼ਾਰ, ਟਰਾਂਸਪੋਰਟ ਤੇ ਹੋਰ ਕਾਰੋਬਾਰ ਮੁਕੰਮਲ ਠੱਪ ਰਹੇ, ਆਮ ਲੋਕਾਂ ਦਾ ਵੀ ਮਿਲਿਆ ਭਰਵਾਂ ਸਮਰਥਨ

ਚੰਡੀਗੜ੍ਹ, 8 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ): ਕੇਂਦਰੀ ਖੇਤੀ ਕਾਨੂੰਨਾਂ ਵਿਰੁਧ ਕਿਸਾਨ ਜਥੇਬੰਦੀਆਂ ਵਲੋਂ ਦਿਤੇ ਭਾਰਤ ਬੰਦ ਦੇ ਸੱਦੇ ਨੂੰ ਅੱਜ ਜਿਥੇ ਹੋਰਨਾਂ ਕਈ ਰਾਜਾਂ ਵਿਚ ਭਰਵਾਂ ਹੁੰਗਾਰਾ ਮਿਲਿਆ ਉਥੇ ਪੰਜਾਬ ਵਿਚ ਇਸ ਦਾ ਵਿਆਪਕ ਅਸਰ ਦੇਖਣ ਨੂੰ ਮਿਲਿਆ। ਹਰਿਆਣਾ ਵਿਚ ਬੰਦ ਦਾ ਹੁੰਗਾਰਾ ਰਲਵਾਂ ਮਿਲਵਾ ਰਿਹਾ। ਪੰਜਾਬ ਭਰ ਵਿਚੋਂ ਪ੍ਰਾਪਤ ਰੀਪੋਰਟਾਂ ਮੁਤਾਬਕ ਲੰਬੇ ਅਰਸੇ ਬਾਅਦ ਅਜਿਹਾ ਸਫ਼ਲ ਬੰਦ ਹੋਇਆ ਹੈ। ਆਮ ਲੋਕ ਵੀ ਖੁਲ੍ਹ ਕੇ ਕਿਸਾਨਾਂ ਦੇ ਸਮਰਥਨ ਵਿਚ ਆ ਗਏ ਅਤੇ ਬਿਨਾਂ ਕਿਸੇ ਦਬਾਅ ਦੇ ਪੂਰੇ ਪੰਜਾਬ ਵਿਚ ਮੁਕੰਮਲ ਬੰਦ ਹੋਇਆ। ਜ਼ਿਕਰਯੋਗ ਗੱਲ ਇਹ ਵੀ ਹੈ ਕਿ ਬੰਦ ਪੂਰੀ ਤਰ੍ਹਾਂ ਸ਼ਾਂਤਮਈ ਰਿਹਾ। ਜਿਥੇ ਸੂਬੇ ਭਰ ਵਿਚ ਬੰਦ ਕਾਰਨ ਬਾਜ਼ਾਰ, ਵਪਾਰਕ ਅਦਾਰੇ, ਸਕੂਲ, ਕਾਲਜ ਬੰਦ ਰਹੇ ਉਥੇ 3 ਵਜੇ ਤਕ ਹਰ ਤਰ੍ਹਾਂ ਦੇ ਵਾਹਨਾਂ ਦਾ ਚੱਕਾ ਵੀ ਪੂਰੀ ਤਰ੍ਹਾਂ ਜਾਮ ਰਿਹਾ। ਕਈ ਮੁੱਖ ਮਾਰਗਾਂ 'ਤੇ ਰੇਲ ਪਟੜੀਆਂ 'ਤੇ ਲੱਗੇ ਧਰਨਿਆਂ ਕਾਰਨ ਰੇਲ ਸੇਵਾ ਵੀ ਪ੍ਰਭਾਵਤ ਹੋਈ। ਪੰਜਾਬ ਦੇ ਸਾਰੇ ਮੁੱਖ ਸੜਕੀ ਮਾਰਗ ਜਾਮ ਰਹੇ। ਥਾਂ-ਥਾਂ ਕਿਸਾਨਾਂ ਤੇ ਹੋਰ ਵੱਖ ਵੱਖ ਵਰਗਾਂ ਦੇ ਲੋਕਾਂ ਨੇ ਮਿਲ ਕੇ ਮੁੱਖ ਸੜਕਾਂ 'ਤੇ ਧਰਨੇ ਲਾ ਕੇ ਕੇਂਦਰ ਸਰਕਾਰ ਵਿਰੁਧ ਰੋਸ ਦਰਜ ਕਰਵਾਇਆ। ਨਿਜੀ ਤੇ ਸਰਕਾਰੀ ਬੱਸ ਸੇਵਾ ਵੀ ਪੂਰੀ ਤਰ੍ਹਾਂ ਠੱਪ ਰਹੀ। ਸਰਕਾਰੀ ਦਫ਼ਤਰਾਂ ਵਿਚ ਵੀ ਹਾਜ਼ਰੀ ਬਹੁਤ ਘੱਟ ਰਹੀ ਅਤੇ ਮੁਲਾਜ਼ਮ ਵੀ ਕਿਸਾਨਾਂ ਦੇ ਧਰਨਿਆਂ ਵਿਚ ਸ਼ਾਮਲ ਹੋਏ। ਪੁਲਿਸ ਵਲੋਂ ਵੀ ਕਿਸੇ ਤਰ੍ਹਾਂ ਦੇ ਟਕਰਾਅ ਨੂੰ ਰੋਕਣ ਲਈ ਹਰ ਥਾਂ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।