ਕਾਨੂੰਨ ਵਾਪਸ ਨਹੀਂ ਲਏ ਜਾਣਗੇ ਪਰ ਜੋ ਵੀ ਫ਼ੈਸਲਾ ਹੋਵੇਗਾ ਕਿਸਾਨਾਂ ਦੇ ਹੱਕ 'ਚ ਹੋਵੇਗਾ : ਗਰੇਵਾਲ
ਕਾਨੂੰਨ ਵਾਪਸ ਨਹੀਂ ਲਏ ਜਾਣਗੇ ਪਰ ਜੋ ਵੀ ਫ਼ੈਸਲਾ ਹੋਵੇਗਾ ਕਿਸਾਨਾਂ ਦੇ ਹੱਕ 'ਚ ਹੋਵੇਗਾ : ਗਰੇਵਾਲ
ਨਵੀਂ ਦਿੱਲੀ, 8 ਦਸੰਬਰ (ਨਿਮਰਤ ਕੌਰ) : ਅੱਜ ਕਿਸਾਨੀ ਸੰਘਰਸ਼ ਨੂੰ ਸਾਰੇ ਵਰਗਾਂ ਵੱਲੋਂ ਸਮਰਥਨ ਮਿਲ ਰਿਹਾ ਹੈ ਤੇ ਕਿਸਾਨ ਲਗਾਤਾਰ ਆਪਣੀਆਂ ਮੰਗਾਂ 'ਤੇ ਡਟੇ ਹੋਏ ਹਨ। ਇਸ ਦੌਰਾਨ ਸਮੋਕਸਮੈਨ ਦੀ ਮੈਨੇਜਿੰਗ ਐਡੀਟਰ ਨਾਲ ਭਾਗੂ ਆਗੂ ਹਰਜੀਤ ਸਿੰਘ ਗਰੇਵਾਲ ਨੇ ਖਾਸ ਗੱਲਬਾਤ ਕੀਤੀ।
ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਅਸੀਂ ਤੇ ਸਾਡੀ ਭਾਰਤੀ ਜਨਤਾ ਪਾਰਟੀ ਹਮੇਸ਼ਾਂ ਕਿਸਾਨਾਂ ਦੇ ਨਾਲ ਹੈ ਤੇ ਅੱਗੇ ਵੀ ਰਹੇਗੀ, ਉਸ ਨੇ ਹਮੇਸ਼ਾਂ ਕਿਸਾਨਾਂ ਦੇ ਹੱਕ ਵਿਚ ਫ਼ੈਸਲਾ ਲਿਆ ਹੈ ਤੇ ਉਹ ਵੀ ਕਿਸਾਨਾਂ ਦਾ ਭਲਾ ਹੀ ਚਾਹੁੰਦੀ ਹੈ। ਗਰੇਵਾਲ ਨੇ ਕਿਹਾ ਕਿ ਜੇ ਮੈਂ ਕਿਸਾਨਾਂ ਦੇ ਹਿੱਤ ਵਿਚ ਹਾਂ ਤਾਂ ਜਿਆਣੀ ਤੇ ਸਾਡੇ ਪ੍ਰਧਾਨ ਮੰਤਰੀ ਵੀ ਕਿਸਾਨਾਂ ਦੇ ਹਿੱਤ ਵਿਚ ਹੀ ਹੋਣਗੇ। ਜਦੋਂ ਉਹਨਾਂ ਨੂੰ ਇਹ ਸਵਾਲ ਕੀਤਾ ਗਿਆ ਕਿ ਜੋ ਦਿੱਲੀ ਪੁਲਿਸ ਵਲੋਂ ਬਿਆਨ ਦਿਤਾ ਗਿਆ ਹੈ ਕਿ ਜੋ ਵੀ ਆਪਣੀ ਹੱਦ ਪਾਰ ਕਰੇਗਾ ਉਸ ਤੇ ਲਾਠੀਚਾਰਜ ਹੋਵੇਗਾ ਤਾਂ ਗਰੇਵਾਲ ਨੇ ਕਿਹਾ ਕਿ ਪੁਲਿਸ ਨੂੰ ਇਸ ਲਈ ਤੈਨਾਤ ਕੀਤਾ ਗਿਆ ਹੈ ਕਿ ਉਹ ਕਿਸਾਨਾਂ ਨੂੰ ਮੁਸ਼ਕਿਲ ਤੋਂ ਬਚਾ ਸਕੇ ਨਾ ਕਿ ਉਹਨਾਂ ਨਾਲ ਧੱਕਾ ਕਰਨ ਲਈ ਪੁਲਿਸ ਨੂੰ ਤੈਨਾਤ ਕੀਤਾ ਗਿਆ ਹੈ। ਹਰਜੀਤ ਗਰੇਵਾਲ ਨੇ ਕਿਸਾਨਾਂ ਨੂੰ ਖਾਲਿਸਤਾਨ ਕਹਿਣ ਵਾਲਿਆਂ ਦੇ ਬਿਆਨ 'ਤੇ ਕਿਹਾ ਕਿ ਧਰਨੇ 'ਚ ਬੈਠੇ ਕਿਸਾਨ ਖ਼ਾਲਿਸਤਾਨੀ ਨਹੀਂ ਹਨ ਪਰ ਉਹਨਾਂ ਵਿਚ ਕੋਈ ਨਾ ਕੋਈ ਅਜਿਹੇ ਸ਼ਰਾਰਤੀ ਅਨਸਰ ਮੌਜੂਦ ਹਨ ਜੋ ਮਾਹੌਲ ਖ਼ਰਾਬ ਕਰਦੇ ਹਨ ਤੇ ਅਸੀਂ ਕਿਸਾਨ ਆਗੂਆਂ ਦੇ ਧਨਵਾਦੀ ਹਾਂ ਜੋ ਉਹਨਾਂ ਨੇ ਕਿਸਾਨਾਂ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਤੇ ਕਿਸਾਨਾਂ ਨੇ ਵੀ ਉਸ ਗੱਲ 'ਤੇ ਅਮਲ ਕੀਤਾ ਹੈ। ਹਰਜੀਤ ਗਰੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਪਤਾ ਹੈ ਕਿ ਸਾਡੇ ਦੇਸ਼ ਦੀ ਆਰਥਕਤਾ ਅੰਨਦਾਤੇ ਕਰ ਕੇ ਹੀ ਹੈ ਤੇ ਉਹ ਜਰੂਰ ਕਿਸਾਨਾਂ ਦੀਆਂ ਇਹਨਾਂ ਮੁਸ਼ਕਲਾਂ ਦਾ ਹੱਲ ਕਰਨਗੇ ਤੇ ਜੋ ਵੀ ਫ਼ੈਸਲਾ ਕਰਨਗੇ ਕਿਸਾਨਾਂ ਦੇ ਹੱਕ ਵਿਚ ਕਰਨਗੇ। ਉਹਨਾਂ ਕਿਹਾ ਕਿ ਕਾਨੂੰਨ ਵਾਪਸ ਨਹੀਂ ਲਏ ਜਾਣਗੇ ਪਰ ਜੋ ਵੀ ਫ਼ੈਸਲਾ ਹੋਵੇਗਾ ਸਹਿਮਤੀ ਨਾਲ ਹੀ ਹੋਵੇਗਾ। ਗਰੇਵਾਲ ਨੂੰ ਉਹਨਾਂ ਦੀ ਭਾਈਵਾਲ ਪਾਰਟੀ ਬਾਰੇ ਪੁਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਭਾਈਵਾਲ ਪਾਰਟੀ ਸਾਡੇ ਤੋਂ ਅਲੱਗ ਹੋ ਗਈ ਹੈ ਤੇ ਉਹਨਾਂ ਨੇ ਜੋ ਕੀਤਾ ਉਹ ਭੁਗਤੇਗੀ ਤੇ ਅਸੀਂ ਬਾਬੇ ਨਾਨਕ, ਤੇ ਭਗਵਾਨ ਰਾਮ ਦੇ ਦੱਸੇ ਮਾਰਗ ਤੇ ਚੱਲਦੇ ਹਾਂ ਤੇ ਸਾਡਾ ਭਾਈਵਾਲ ਪਾਰਟੀ ਨਾਲ ਕੋਈ ਤਾਲੁਕ ਨਹੀਂ ਹੈ। ਉਹਨਾਂ ਨੂੰ ਪੁਛਿਆ ਗਿਆ ਕਿ ਸ਼ਾਇਦ ਭਾਈਵਾਲ ਪਾਰਟੀ ਫਿਰ ਤੋਂ ਉਹਨਾਂ ਨਾਲ ਆ ਜਾਵੇ ਤਾਂ ਉਹਨਾਂ ਕਿਹਾ ਕਿ ਅਸੀਂ ਪਰਵਾਰਕ ਪਾਰਟੀਆਂ ਨੂੰ ਬਹੁਤ ਪਸੰਦ ਨਹੀਂ ਕਰਦੇ ਤੇ ਜਦੋਂ ਪਰਵਾਰ ਜਦੋਂ ਸੱਤਾ ਵਿਚ ਆਉਂਦੀ ਹੈ ਤਾਂ ਉਹ ਦੇਸ਼ ਦਾ ਨੁਕਸਾਨ ਕਰਦੀ ਹੈ ਤੇ ਅਪਣੇ ਸੂਬੇ ਦਾ ਵੀ ਤੇ ਜਦੋਂ ਕੋਈ ਵਿਚਾਰਧਾਰਕ ਪਾਰਟੀ ਸੱਤਾ ਵਿਚ ਆਉਂਦੀ ਹੈ ਤਦ ਹੀ ਦੇਸ਼ ਦਾ ਵਿਕਾਸ ਹੁੰਦਾ ਹੈ ਤੇ ਅਸੀਂ ਵਿਚਾਰਧਾਰਕ ਤੌਰ ਤੇ ਉਹਨਾਂ ਦੇ ਨਾਲ ਨਹੀਂ ਹਾਂ। ਗਰੇਵਾਲ ਨੇ ਬਰਗਾੜੀ ਕਾਂਡ 'ਤੇ ਕਿਹਾ ਕਿ ਜਦੋਂ ਸਾਡੀ ਸਰਕਾਰ ਮਹਾਰਾਸ਼ਟਰ ਵਿਚ ਜਾਂ ਯੂਪੀ ਵਿਚ ਆਈ ਤਾਂ ਉੱਥੇ ਵੀ ਗੁੰਡਾਗਰਦੀ ਦਾ ਖਾਤਮਾ ਹੋਇਆ ਹੈ ਤੇ ਜਦੋਂ ਸਾਡੀ ਸਰਕਾਰ ਪੰਜਾਬ ਵਿਚ ਵੀ ਆਈ ਤਾਂ ਪੰਜਾਬ ਵਿਚ ਵੀ ਖਾਤਮਾ ਹੋਵੇਗਾ ਤੇ ਬਰਗਾੜੀ ਕਾਂਡ ਵਿਚ ਜਿਸ ਦਾ ਨਾਮ ਆਇਆ ਉਸ ਨੂੰ ਸਜ਼ਾ ਵੀ ਮਿਲੇਗੀ।