10 ਨੂੰ ਕਿਸਾਨ ਸੰਘਰਸ਼ ਦੀ ਕਾਮਯਾਬੀ ਲਈ ਸਮੁੱਚਾ ਸਿੱਖ ਪੰਥ ਗੁਰੂ ਘਰਾਂ 'ਚ ਅਰਦਾਸ ਕਰੇ: ਖਾਲੜਾ ਮਿਸ਼ਨ
10 ਨੂੰ ਕਿਸਾਨ ਸੰਘਰਸ਼ ਦੀ ਕਾਮਯਾਬੀ ਲਈ ਸਮੁੱਚਾ ਸਿੱਖ ਪੰਥ ਗੁਰੂ ਘਰਾਂ 'ਚ ਅਰਦਾਸ ਕਰੇ: ਖਾਲੜਾ ਮਿਸ਼ਨ
ਅੰਮ੍ਰਿਤਸਰ, 8 ਦਸੰਬਰ (ਸੁਰਜੀਤ ਸਿੰਘ ਖ਼ਾਲਸਾ): ਪਰਮਜੀਤ ਕੌਰ ਖਾਲੜਾ, ਸਤਵੰਤ ਸਿੰਘ ਮਾਣਕ, ਵਿਰਸਾ ਸਿੰਘ ਬਹਿਲਾ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ, ਗੁਰਬਚਨ ਸਿੰਘ ਮਨੁੱਖੀ ਅਧਿਕਾਰ ਸੰਗਠਨ, ਬਾਬਾ ਦਰਸ਼ਨ ਸਿੰਘ ਪ੍ਰਧਾਨ ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਨੇ ਸਾਂਝੇ ਬਿਆਨ ਰਾਹੀਂ ਅਪੀਲ ਕਰਦਿਆਂ ਕਿਹਾ ਹੈ ਕਿ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਨੂੰ ਸਮਰਪਿਤ 10 ਦਸੰਬਰ ਵਾਲੇ ਦਿਨ ਜਿਥੇ ਵੀ ਕੋਈ ਗੁਰੂ ਕਾ ਸਿੱਖ ਬੈਠਾ ਹੈ ਗੁਰੂ ਘਰਾਂ ਵਿਚ ਕਿਸਾਨ ਸੰਘਰਸ਼ ਦੀ ਕਾਮਯਾਬੀ ਲਈ ਅਰਦਾਸ ਕਰੇ।
ਉਨ੍ਹਾਂ ਕਿਹਾ ਕਿ ਉਹ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਤੇ 10 ਦਸੰਬਰ ਨੂੰ ਅਕਾਲ ਤਖ਼ਤ ਸਹਿਬ ਤੇ ਕਿਸਾਨ ਸੰਘਰਸ਼ ਦੀ ਸਫ਼ਲਤਾ ਲਈ ਅਤੇ ਗੁਰੂਆਂ ਦੇ ਨਾਮ ਤੇ ਵਸਦੇ ਪੰਜਾਬ ਦੀ ਸਫ਼ਲਤਾ ਲਈ ਅਰਦਾਸ ਕਰਨਗੇ। ਕਿਸਾਨਾਂ ਵਲੋਂ ਕੀਤੇ ਗਏ ਭਾਰਤ ਬੰਦ ਦੀ ਹਮਾਇਤ ਕਰਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੂੰ ਖੇਤੀ ਵਿਰੋਧੀ ਕਾਲੇ ਕਨੂੰਨ ਤੁਰਤ ਵਾਪਸ ਲੈਣੇ ਚਾਹੀਦੇ ਹਨ। ਗੁਰੂ ਤੇਗ ਬਹਾਦਰ ਸਾਹਿਬ ਦੇ ਵਾਰਸ ਦਿੱਲੀ ਜਾ ਕੇ ਔਰੰਗ਼ਜ਼ੇਬ ਦੇ ਵਾਰਸਾਂ ਵਿਰੁਧ ਸੰਘਰਸ਼ ਕਰ ਰਹੇ ਹਨ। ਇਸ ਸ਼ਾਂਤਮਈ ਸੰਘਰਸ਼ ਵਿਚ ਔਰੰਗ਼ਜ਼ੇਬ ਦੇ ਵਾਰਸਾਂ ਦੀ ਹਾਰ ਅਟਲ ਹੋਵੇਗੀ। ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਲੀ ਵਿਚ ਅਪਣੀ ਸ਼ਹਾਦਤ ਦੇ ਕੇ ਮਨੁੱਖੀ ਅਧਿਕਾਰਾਂ ਦਾ ਘਾਣ ਹੋਣ ਤੋਂ ਰੋਕਿਆ ਪਰ ਅਫ਼ਸੋਸ ਇਸੇ ਗੱਲ ਦਾ ਹੈ ਕਿ ਜਿਨ੍ਹਾਂ ਲੋਕਾਂ ਦੇ ਮਨੁੱਖੀ ਅਧਿਕਾਰ ਬਚਾਏ ਉਨ੍ਹਾਂ ਦੇ ਵਾਰਸ ਹੀ ਅੱਜ ਗ਼ਰੀਬ ਕਿਸਾਨਾਂ, ਘੱਟ ਗਿਣਤੀਆਂ ਦੇ ਮਨੁੱਖੀ ਅਧਿਕਾਰਾਂ ਤੇ ਹਮਲੇ ਕਰ ਰਹੇ ਹਨ।