ਉਗਰਾਹਾਂ ਜਥੇਬੰਦੀ ਨੇ ਅਮਿਤ ਸ਼ਾਹ ਨਾਲ ਕਿਸਾਨ ਆਗੂਆਂ ਦੀ ਮੀਟਿੰਗ 'ਤੇ ਇਤਰਾਜ਼ ਪ੍ਰਗਟਾਇਆ
ਉਗਰਾਹਾਂ ਜਥੇਬੰਦੀ ਨੇ ਅਮਿਤ ਸ਼ਾਹ ਨਾਲ ਕਿਸਾਨ ਆਗੂਆਂ ਦੀ ਮੀਟਿੰਗ 'ਤੇ ਇਤਰਾਜ਼ ਪ੍ਰਗਟਾਇਆ
ਅਜਿਹੀ ਗ਼ੈਰ ਰਸਮੀ ਮੀਟਿੰਗ 'ਚ ਕਿਸਾਨ ਆਗੂਆਂ ਨਹੀਂ ਜਾਣਾ ਚਾਹੀਦਾ : ਉਗਰਾਹਾਂ
ਚੰਡੀਗੜ੍ਹ, 8 ਦਸੰਬਰ (ਗੁਰਉਪਦੇਸ਼ ਭੁੱਲਰ): ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਕੁੱਝ ਕਿਸਾਨਾਂ ਜਥੇਬੰਦੀਆਂ ਨੂੰ ਮੀਟਿੰਗ ਲਈ 9 ਦਸੰਬਰ ਦੀ ਮੀਟਿੰਗ ਤੋਂ ਪਹਿਲਾਂ ਸੱਦੇ ਜਾਣ ਦੇ ਮਾਮਲੇ ਨੂੰ ਲੈ ਕੇ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵਿਚ ਮਤਭੇਦ ਉਭਰ ਆਏ ਹਨ। ਸੰਘਰਸ਼ ਦੀ ਸੱਭ ਤੋਂ ਵੱਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਨੇ ਇਸ ਮੀਟਿੰਗ 'ਤੇ ਅਪਣਾ ਇਤਰਾਜ਼ ਪ੍ਰਗਟਾਇਆ ਹੈ।
ਇਸ ਸਬੰਧ ਵਿਚ ਸਪੋਕਸਮੈਨ ਨਾਲ ਗੱਲਬਾਤ ਵਿਚ ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਹਾਲਾਂਕਿ ਕੁੱਝ ਦਿਨ ਪਹਿਲਾਂ ਉਨ੍ਹਾਂ ਦੀ ਜਥੇਬੰਦੀ ਤਕ ਗ਼ੈਰ ਰਸਮੀ ਗੱਲ ਕਰਨ ਲਈ ਪਹੁੰਚ ਕੀਤੀ ਗਈ ਸੀ ਪਰ ਉਨ੍ਹਾਂ ਨੇ ਇਕੱਲਿਆਂ ਅਜਿਹੀ ਕੋਈ ਵੀ ਗ਼ੈਰ-ਰਸਮੀ ਗੱਲਬਾਤ ਕਰਨ ਤੋਂ ਇਨਕਾਰ ਕਰ ਦਿਤਾ ਸੀ। ਉਨ੍ਹਾਂ ਕਿਹਾ ਕਿ ਹੁਣ ਬਾਕੀ ਜਥੇਬੰਦੀਆਂ ਨੂੰ ਅਜਿਹੀ ਕਿਸੇ ਵੀ ਗ਼ੈਰ ਰਸਮੀ ਗੱਲਬਾਤ ਵਿਚ ਇਕੱਲਿਆਂ ਨਹੀਂ ਸੀ ਜਾਣਾ ਚਾਹੀਦਾ ਜਿਸ ਨਾਲ ਲੋਕਾਂ ਵਿਚ ਵੱਖ ਵੱਖ ਤਰ੍ਹਾਂ ਦੇ ਭੁਲੇਖੇ ਪੈਦਾ ਹੋਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਕਾਨੂੰਨਾਂ ਦੀ ਮੁਕੰਮਲ ਵਾਪਸੀ ਅਤੇ ਸਭਨਾਂ ਫ਼ਸਲਾਂ ਤੇ ਸਾਰੇ ਮੁਲਕ ਵਿਚ ਘੱਟੋ ਘੱਟ ਸਮਰਥਨ ਮੁਲ 'ਤੇ ਸਰਕਾਰੀ ਖ਼ਰੀਦ ਕਰਨ ਦਾ ਕਾਨੂੰਨ ਬਣਾਉਣ ਅਤੇ ਜਨਤਕ ਵੰਡ ਪ੍ਰਣਾਲੀ ਮਜ਼ਬੂਤ ਕਰਨ ਦੀ ਮੰਗ 'ਤੇ ਖੜੀ ਹੈ। ਸੰਘਰਸ਼ ਵਿਚ ਕੁੱਦੇ ਹੋਏ ਲੋਕ ਇਨ੍ਹਾਂ ਮੰਗਾਂ ਤੋਂ ਘੱਟ ਕੁੱਝ ਵੀ ਸਵੀਕਾਰ ਨਹੀਂ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਦੀ ਮੀਟਿੰਗ ਲਈ ਸਾਨੂੰ ਕੋਈ ਸੱਦਾ ਨਹੀਂ ਮਿਲਿਆ।