ਤਾਮਿਲਨਾਡੂ ਵਿਚ ਵਾਪਰੇ ਹਾਦਸੇ 'ਚ ਤਰਨਤਾਰਨ ਦੇ ਜਵਾਨ ਦੀ ਵੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਰੱਖਿਆ ਟੀਮ ਦਾ ਮੈਂਬਰ ਸੀ ਗੁਰਸੇਵਕ ਸਿੰਘ

Gursewak Singh

 

ਤਰਨਤਾਰਨ: ਤਾਮਿਲਨਾਡੂ ਦੇ ਕੂੰਨੂਰ ਨੇੜੇ ਭਾਰਤੀ ਹਵਾਈ ਸੈਨਾ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਕਾਰਨ 13 ਵਿੱਚੋਂ 12 ਲੋਕਾਂ ਦੀ ਮੌਤ ਹੋ ਗਈ। ਚੀਫ ਆਫ ਡਿਫੈਂਸ ਸਟਾਫ (ਸੀਡੀਐਸ) ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਅਤੇ ਕਈ ਹੋਰ ਅਧਿਕਾਰੀ ਹੈਲੀਕਾਪਟਰ ਵਿੱਚ ਸਵਾਰ ਸਨ।

 

 

ਜਾਣਕਾਰੀ ਮੁਤਾਬਕ MI-17V5 ਹੈਲੀਕਾਪਟਰ ਚਾਲਕ ਦਲ ਦੇ ਨਾਲ ਸੁਲੂਰ ਤੋਂ ਵੈਲਿੰਗਟਨ ਲਈ ਰਵਾਨਾ ਹੋਇਆ ਸੀ। ਸੀਡੀਐਸ ਵੈਲਿੰਗਟਨ ਵਿੱਚ ਡਿਫੈਂਸ ਸਟਾਫ ਕਾਲਜ ਜਾ ਰਿਹਾ ਸੀ। ਭਾਰਤੀ ਹਵਾਈ ਸੈਨਾ ਨੇ ਕਿਹਾ ਕਿ ਹਾਦਸੇ ਦੀ ‘ਕੋਰਟ ਆਫ ਇਨਕੁਆਰੀ’ ਦੇ ਹੁਕਮ ਦੇ ਦਿੱਤੇ ਗਏ ਹਨ।

 

 

 

ਇਸ ਹਾਦਸੇ ਵਿੱਚ ਪੰਜਾਬ ਦੇ ਤਰਨਤਾਰਨ ਦੇ ਰਹਿਣ ਵਾਲੇ ਨਾਇਕ ਗੁਰਸੇਵਕ ਦੀ ਵੀ ਜਾਨ ਚਲੀ ਗਈ। 30 ਸਾਲਾ ਗੁਰਸੇਵਕ ਸਿੰਘ ਦੀ ਸ਼ਹਾਦਤ ਦੀ ਖ਼ਬਰ ਮਿਲਦਿਆਂ ਹੀ ਪਿੰਡ ਦੋਦੇ ਸੋਢੀਆਂ ਵਿੱਚ ਸੋਗ ਦੀ ਲਹਿਰ ਦੌੜ ਗਈ।

 

ਦੱਸ ਦੇਈਏ ਕਿ ਗੁਰਸੇਵਕ ਸਿੰਘ ਫੌਜ ਦੀ 9 ਪੈਰਾ ਸਪੈਸ਼ਲ ਫੋਰਸ ਯੂਨਿਟ ਵਿੱਚ ਤਾਇਨਾਤ ਸੀ। ਗੁਰਸੇਵਕ ਸਿੰਘ ਦੋ ਬੱਚਿਆਂ ਦਾ ਪਿਤਾ ਸੀ। ਉਨ੍ਹਾਂ ਦੀ ਸ਼ਹਾਦਤ ਦੀ ਸੂਚਨਾ ਮਿਲਦਿਆਂ ਹੀ ਪਿੰਡ ਦੇ ਸਰਪੰਚ ਗੁਰਬਾਜ਼ ਸਿੰਘ ਪਰਿਵਾਰ ਨਾਲ ਪੁੱਜੇ। ਜ਼ਿਲ੍ਹੇ ਦੇ ਡੀਸੀ ਨੇ ਫ਼ੌਜ ਦੀ ਤਰਫ਼ੋਂ ਰਾਤ ਕਰੀਬ 9:45 ਵਜੇ ਗੁਰਸੇਵਕ ਦੇ ਪਰਿਵਾਰ ਨੂੰ ਉਨ੍ਹਾਂ ਦੀ ਸ਼ਹਾਦਤ ਬਾਰੇ ਅਧਿਕਾਰਤ ਜਾਣਕਾਰੀ ਦਿੱਤੀ।ਨਾਇਕ ਗੁਰਸੇਵਕ ਸਿੰਘ ਦੇ ਪਿਤਾ ਕਾਬਲ ਸਿੰਘ (Kabal Singh) ਨੂੰ ਆਪਣੇ ਪੁੱਤਰ ਦੀ ਸ਼ਹਾਦਤ ਦੀ ਸੂਚਨਾ ਮਿਲਦਿਆਂ ਹੀ ਸੁਧ-ਬੁਧ ਖੋਹ ਬੈਠੇ। ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਹਲਕਾ ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਦੱਸਿਆ ਕਿ ਨਾਇਕ ਗੁਰਸੇਵਕ ਸਿੰਘ (Gursewak Singh) ਦੀ ਮ੍ਰਿਤਕ ਦੇਹ ਵੀਰਵਾਰ ਨੂੰ ਪਿੰਡ ਪਹੁੰਚੇਗੀ। ਦੂਜੇ ਪਾਸੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Channi), ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ, ਡੀਸੀ ਕੁਲਵੰਤ ਸਿੰਘ, ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਨਾਇਕ ਗੁਰਸੇਵਕ ਸਿੰਘ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।