ਕਿਸਾਨ ਹੱਦਾਂ ਤੋਂ ਸਮਾਨ ਸਮੇਟਣ ਲੱਗੇ, ਵੱਡੇ ਫ਼ਤਿਹ ਮਾਰਚ ਦੀ ਤਿਆਰੀ
10 ਦਸੰਬਰ ਨੂੰ ਰਸਮੀ ਐਲਾਨ ਬਾਅਦ ਕਿਸਾਨਾਂ ਦੇ ਵੱਡੇ ਕਾਫ਼ਲੇ ਭੰਗੜੇ ਪਾਉਂਦੇ ਪੂਰੇ ਜੋਸ਼ ਨਾਲ ਘਰਾਂ ਵਲ ਕੂਚ ਕਰਨਗੇ।
ਚੰਡੀਗੜ੍ਹ (ਭੁੱਲਰ) : ਭਾਵੇਂ ਇਕ ਸਾਲ ਤੋਂ ਦਿੱਲੀ ਦੀਆਂ ਹੱਦਾਂ ਉਪਰ ਚੱਲ ਰਹੇ ਕਿਸਾਨ ਮੋਰਚੇ ਨੂੰ ਫ਼ਿਲਹਾਲ ਖ਼ਤਮ ਕਰ ਕੇ ਘਰਾਂ ਨੂੰ ਵਾਪਸ ਜਾਣ ਦਾ ਅੱਜ ਰਸਮੀ ਐਲਾਨ ਨਹੀਂ ਹੋਇਆ ਪਰ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ’ਚ ਸੰਘਰਸ਼ ਮੁਲਤਵੀ ਕਰਨ ਲਈ ਬਣੀ ਸਹਿਮਤੀ ਬਾਅਦ ਕਿਸਾਨਾਂ ਨੇ ਅਪਣਾ ਸਮਾਨ ਸਮੇਟਣਾ ਸ਼ੁਰੂ ਕਰ ਦਿਤਾ ਹੈ। ਜ਼ਿਕਰਯੋਗ ਹੈ ਕਿ ਕਿਸਾਨਾਂ ਨੇ ਦਿੱਲੀ ਦੀਆਂ ਹੱਦਾਂ ਉਪਰ ਅਪਣੇ ਕੱਚੇ ਘਰ ਤੰਬੂਆਂ ’ਚ ਬਣਾ ਕੇ ਰੱਖੇ ਸਨ, ਜਿਥੇ ਪੱਖੇ, ਕੂਲਰ, ਟੀ.ਵੀ. ਫ਼ਰਿੱਜ ਸਮੇਤ ਹੋਰ ਸੱਭ ਸਹੂਲਤਾਂ ਸਨ।
ਪਿਛਲੇ ਸਮੇਂ ’ਚ ਤਾਂ ਵਾਟਰ ਪਰੂਫ਼ ਵੱਡੇ ਪੰਡਾਲ ਵੀ ਬਣ ਚੁੱਕੇ ਸਨ। ਇਸ ਕਰ ਕੇ ਸਾਰਾ ਸਮਾਨ ਸਮੇਟਣ ਲਈ ਸਮਾਂ ਵੀ ਚਾਹੀਦਾ ਹੈ, ਸ਼ਾਇਦ ਇਸੇ ਕਰ ਕੇ ਅੱਜ ਮੋਰਚੇ ਨੇ ਸਹਿਮਤੀ ਬਣਨ ਦੇ ਬਾਵਜੂਦ ਇਕ ਦਮ ਘਰ ਵਾਪਸੀ ਦਾ ਐਲਾਨ ਨਹੀਂ ਕੀਤਾ। ਦਿੱਲੀ ਦੀਆਂ ਹੱਦਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਿਸਾਨ ਆਗੂਆਂ ਨੇ ਉਥੇ ਮੌਜੂਦ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੂੰ ਸਮਾਨ ਬੰਨਣ ਲਈ ਅੰਦਰਖਾਤੇ ਇਸ਼ਾਰਾ ਕਰ ਦਿਤਾ ਹੈ ਅਤੇ 10 ਦਸੰਬਰ ਬਾਅਦ ਦੁਪਹਿਰ ਰਸਮੀ ਐਲਾਨ ਬਾਅਦ ਵੱਡੇ ਫ਼ਤਿਹ ਮਾਰਚ ਦੀ ਤਿਆਰੀ ਹੈ।
ਭਾਰਤੀ ਕਿਸਾਨ ਯੁੂਨੀਅਨ ਏਕਤਾ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦਾ ਕਹਿਣਾ ਹੈ ਕਿ 10 ਦਸੰਬਰ ਨੂੰ ਰਸਮੀ ਐਲਾਨ ਬਾਅਦ ਕਿਸਾਨਾਂ ਦੇ ਵੱਡੇ ਕਾਫ਼ਲੇ ਭੰਗੜੇ ਪਾਉਂਦੇ ਪੂਰੇ ਜੋਸ਼ ਨਾਲ ਘਰਾਂ ਵਲ ਕੂਚ ਕਰਨਗੇ।
ਉਨ੍ਹਾਂ ਕਿਹਾ ਕਿ ਕੋਸ਼ਿਸ਼ ਇਹੀ ਰਹੇਗੀ ਕਿ ਫ਼ਤਿਹ ਮਾਰਚ ’ਚ ਕਿਸਾਨ ਇਕੱਠੇ ਹੀ ਪੰਜਾਬ ਵਲ ਨੂੰ ਹਰਿਆਣਾ ਦੇ ਉਨ੍ਹਾਂ ਹੀ ਰਸਤਿਆਂ ਉਪਰ ਦੀ ਵੱਡੇ ਫ਼ਤਿਹ ਮਾਰਚ ’ਚ ਵਾਪਸੀ ਕਰਨ ਜਿਨ੍ਹਾਂ ਰਸਤਿਆਂ ਰਾਹੀਂ ਸਰਕਾਰ ਦੇ ਜਬਰ-ਜ਼ੁਲਮ ਦਾ ਟਾਕਰਾ ਕਰਦੇ ਦਿੱਲੀ ਦੀਆਂ ਹੱਦਾਂ ਤਕ ਪਹੁੰਚੇ ਸਨ। ਥਾਂ-ਥਾਂ ਭਾਰੀ ਸਵਾਗਤ ਲਈ ਵੀ ਆਮ ਲੋਕਾਂ ’ਚ ਉਤਸ਼ਾਹ ਹੈ।