ਬੇਅਦਬੀ ਅਤੇ ਡਰੱਗ ਰੈਕੇਟ ਦੇ ਅਸਲੀ ਦੋਸ਼ੀ ਜਲਦ ਹੀ ਸਲਾਖਾਂ ਦੇ ਪਿੱਛੇ ਹੋਣਗੇ- ਮੁੱਖ ਮੰਤਰੀ ਚੰਨੀ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅਕਾਲੀ ਦਲ ਪਾਰਟੀ ਮਾੜੀ ਨਹੀਂ ਹੈ ਪਰ ਇਸ ਦੇ ਆਗੂਆਂ ਨੇ ਪਾਰਟੀ ਦਾ ਬੇੜਾ ਗਰਕ ਕਰ ਦਿੱਤਾ।
ਪਾਇਲ(ਧਰਮਿੰਦਰ ਸਿੰਘ)- ਵਿਧਾਨ ਸਭਾ ਹਲਕਾ ਪਾਇਲ ’ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅਕਾਲੀ ਦਲ ਪਾਰਟੀ ਮਾੜੀ ਨਹੀਂ ਹੈ ਪਰ ਇਸ ਦੇ ਆਗੂਆਂ ਨੇ ਪਾਰਟੀ ਦਾ ਬੇੜਾ ਗਰਕ ਕਰ ਦਿੱਤਾ। ਜਿੰਨਾ ਚਿਰ ਸੁਖਬੀਰ ਤੇ ਮਜੀਠੀਆ ਇਸ ਪਾਰਟੀ ਨੂੰ ਲੀਡ ਕਰਦੇ ਰਹਿਣਗੇ ਇਹ ਪਾਰਟੀ ਮੁੜ ਨਹੀਂ ਉੱਠ ਸਕਦੀ। ਇਸ ਦੇ ਨਾਲ ਹੀ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ’ਚ ਸੌਦਾ ਸਾਧ ਨੂੰ ਠੋਕਦੇ ਹੋਏ ਕਿਹਾ ਕਿ ਉਸ ਨੂੰ ਪੁੱਛਗਿੱਛ ਲਈ ਸੱਦਿਆ ਗਿਆ ਸੀ, ਉਹ ਆਇਆ ਨਹੀਂ। ਹੁਣ ਜੇਲ੍ਹ ’ਚ ਜਾ ਕੇ ਪੁੱਛਗਿੱਛ ਕੀਤੀ ਗਈ ਹੈ। ਡੇਰੇ ਅੰਦਰ ਜਾ ਕੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਬੇਅਦਬੀ ਅਤੇ ਡਰੱਗ ਰੈਕੇਟ ਦੇ ਅਸਲੀ ਦੋਸ਼ੀ ਛੇਤੀ ਹੀ ਸਲਾਖਾਂ ਪਿੱਛੇ ਹੋਣਗੇ। ਇਹਨਾਂ ਨੂੰ ਕਿਸੇ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ।
ਚੰਨੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕਾਰਜ ਕਾਲ ਦੌਰਾਨ ਤਾਂ ਕੁੱਝ ਕੀਤਾ ਨਹੀਂ ਤੇ ਹੁਣ ਪੰਜਾਬ ਦੀ ਦੁਸ਼ਮਣ ਜਮਾਤ ਭਾਜਪਾ ਨਾਲ ਰਲ ਕੇ ਮੁੜ ਸੱਤਾ ਦੇ ਸੁਪਨੇ ਦੇਖ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਬਦਲ ਲੋਕਾਂ ਨੂੰ ਮੂਰਖ ਬਣਾਉਂਦੇ ਹਨ। ਅਕਾਲੀ ਦਲ, ਭਾਜਪਾ ਤੇ ਅਮਰਿੰਦਰ ਸਿੰਘ ਇਕੱਠੇ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਪੰਜਾਬ ਨੂੰ ਰੱਜ ਕੇ ਲੁੱਟਿਆ ਤੇ ਕੁੱਟਿਆ ਅਤੇ ਬਾਦਲ ਪਰਿਵਾਰ ਤੇ ਮਜੀਠੀਆ ਦੀਆਂ ਆਪ ਹੁਦਰੀਆਂ ਕਰ ਕੇ ਅਕਾਲੀ ਦਲ ਹਾਸ਼ੀਏ ਉੱਤੇ ਪੁੱਜ ਗਿਆ ਹੈ। ਉਹਨਾਂ ਅਰਵਿੰਦ ਕੇਜਰੀਵਾਲ ਦੀ ਤੁਲਨਾ ਅੰਗਰੇਜ਼ਾਂ ਦੇ ਨਾਲ ਕਰਦੇ ਹੋਏ ਕਿਹਾ ਕਿ ਪੰਜਾਬ ਨੂੰ ਕਿਸੇ ਬਾਹਰੀ ਤਾਕਤ ਦਾ ਗੁਲਾਮ ਨਹੀਂ ਹੋਣ ਦਿੱਤਾ ਜਾਵੇਗਾ। ਪੰਜਾਬ ਨੂੰ ਸ਼ਾਮਲਾਟ ਸਮਝ ਕੇ ਦਿੱਲੀ ਵਾਲੇ ਇੱਥੇ ਕਬਜ਼ਾ ਕਰਨ ਨੂੰ ਫਿਰਦੇ ਹਨ। ਇੱਥੇ ਰਾਜ ਪੰਜਾਬ ਦੇ ਆਮ ਲੋਕ ਕਰਨਗੇ। ਇਹ ਲੋਕਾਂ ਦੇ ਪਿਆਰ ਦਾ ਹੀ ਨਤੀਜਾ ਹੈ ਕਿ ਉਹ ਜਿੱਥੇ ਵੀ ਜਾਂਦੇ ਹਨ ਉੱਥੇ ਆਮ ਲੋਕ ਵੱਧ ਚੜ੍ਹ ਕੇ ਉਹਨਾਂ ਨੂੰ ਮਿਲਣ ਪੁੱਜ ਜਾਂਦੇ ਹਨ ਜਦਕਿ ਕੇਜਰੀਵਾਲ ਤੇ ਅਕਾਲੀ ਦਲ ਦੀਆਂ ਰੈਲੀਆਂ ਵਿੱਚ ਲੋਕ ਇਸ ਤਰ੍ਹਾਂ ਜਾਂਦੇ ਹਨ ਜਿਵੇਂ ਕਿਸੇ ਮਰਗ ਦੇ ਭੋਗ ’ਤੇ ਜਾਂਦੇ ਹੋਣ।
ਚੰਨੀ ਨੇ ਕਿਹਾ ਕਿ ਪੰਜਾਬ ਵਿੱਚ ਦੋ ਢਾਈ ਮਹੀਨੇ ਵਿਚ ਯੁੱਗ ਪਰਿਵਰਤਨ ਹੋ ਰਿਹਾ ਹੈ। ਲੋਕਾਂ ਵੱਲੋਂ ਸੌਂਪੀ ਸੇਵਾ ਤੋਂ ਬਾਅਦ ਉਨਾਂ ਨੇ ਉਹ ਮਸਲੇ ਹੱਲ ਕੀਤੇ ਹਨ, ਜਿਹੜੇ ਉਹਨਾਂ ਨੇ ਖੁਦ ਪਿੰਡ ਉੱਪਰ ਹੰਢਾਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨੀ ਸੰਘਰਸ਼ ਨੂੰ ਸਲਾਮ ਹੈ, ਜਿਸ ਵਿਚ 700 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਪਰ ਮੋਦੀ ਦਾ ਹੰਕਾਰ ਟੁੱਟ ਗਿਆ ਤੇ ਕਾਲੇ ਕਾਨੂੰਨ ਰੱਦ ਹੋਏ। ਉਹਨਾਂ ਕਿਹਾ ਕਿ ਉਹ ਪੰਜਾਬ ਦੇ ਵਿਕਾਸ ਲਈ ਦਿਨ ਰਾਤ ਇੱਕ ਕਰ ਕੇ ਕੰਮ ਕਰ ਰਹੇ ਹਨ ਤੇ ਹਲਕਾ ਪਾਇਲ ਦੇ ਵਿਕਾਸ ਸਬੰਧੀ ਵੀ ਕੋਈ ਕਸਰ ਨਹੀਂ ਛੱਡੀ ਜਾਵੇਗੀ। ਮੁੱਖ ਮੰਤਰੀ ਨੇ ਪਾਇਲ ਤੇ ਮਲੌਦ ਦੇ ਵਿਕਾਸ ਲਈ ਦੋ-ਦੋ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ।
ਸਿਵਲ ਹਸਪਤਾਲ ਪਾਇਲ ਵਿਚ ਪੋਸਟ ਮਾਰਟਮ ਦੀ ਸਹੂਲਤ, ਗੰਦੇ ਪਾਣੀ ਦੇ ਨਿਕਾਸ ਲਈ 40 ਲੱਖ ਰੁਪਏ, ਪਾਇਲ ਬੀਜਾ ਸੜਕ ਦੀ ਵਿਸ਼ੇਸ਼ ਮੁਰੰਮਤ, ਨੰਬਰਦਾਰੀ ਜੱਦੀ ਪੁਸ਼ਤੀ ਸਰਬਰਾਹੀ ਤਹਿਤ ਨਵੀਂ ਸ਼ਰਤ ਨਾਲ ਦੇਣ, ਪਾਇਲ ਮੰਡੀ ਦੇ ਸ਼ੈਡ ਲਈ ਗਰਾਂਟ, ਅਹਿਮਦਗੜ੍ਹ ਤੋਂ ਚੰਡੀਗੜ੍ਹ ਬਾਰਸਤਾ ਪਾਇਲ ਅਤੇ ਚਿੰਤਪੂਰਨੀ ਤੱਕ ਦਾ ਬੱਸ ਰੂਟ ਬਹਾਲ ਕਰਨ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੇ ਅਮਨ ਸ਼ਾਂਤੀ ਲਈ ਕੁਰਬਾਨੀ ਕੀਤੀ ਤੇ ਉਹਨਾਂ ਦੇ ਖੇਤਰ ਵਿਚ ਵਿਕਾਸ ਦੀ ਕੋਈ ਕਮੀ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਸ ਜਲਸੇ ਵਿਚ ਪੰਜਾਬ ਦੀ ਬਦਲਦੀ ਤਕਦੀਰ ਨਜ਼ਰ ਆ ਰਹੀ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਪੰਜਾਬ ਦੇ ਲੋਕ ਖੁਸ਼ ਨਹੀਂ ਹੋ ਜਾਂਦੇ ਓਦੋਂ ਤੱਕ ਕਾਂਗਰਸ ਪਾਰਟੀ ਟਿੱਕ ਕੇ ਨਹੀਂ ਬੈਠੇਗੀ। ਇਸ ਮੌਕੇ ’ਤੇ ਉਦਯੋਗ ਮੰਤਰੀ ਗੁਰਕੀਰਤ ਸਿੰਘ ਕੋਟਲੀ, ਸਾਂਸਦ ਡਾ. ਅਮਰ ਸਿੰਘ, ਸਾਬਕਾ ਕੈਬਨਿਟ ਮੰਤਰੀ ਤੇਜ ਪ੍ਰਕਾਸ਼ ਕੋਟਲੀ, ਵਿਧਾਇਕ ਰਾਕੇਸ਼ ਪਾਂਡੇ, ਮਾਰਕੀਟ ਕਮੇਟੀ ਚੇਅਰਮੈਨ ਗੁਰਦੀਪ ਸਿੰਘ ਰਸੂਲੜਾ, ਬਲਾਕ ਸੰਮਤੀ ਸਮਰਾਲਾ ਚੇਅਰਮੈਨ ਅਜਮੇਰ ਸਿੰਘ ਪੂਰਬਾ, ਨਗਰ ਕੌਂਸਲ ਦੋਰਾਹਾ ਦੇ ਸਾਬਕਾ ਪ੍ਰਧਾਨ ਬੰਤ ਸਿੰਘ ਦੋਬੁਰਜੀ, ਨਗਰ ਕੌਂਸਲ ਪਾਇਲ ਪ੍ਰਧਾਨ ਮਲਕੀਤ ਸਿੰਘ ਗੋਗਾ ਆਦਿ ਹਾਜ਼ਰ ਸਨ।