ਪਿੰਡ ਰੱਬੋਂ ਉੱਚੀ ਵਿਖੇ ਬਾਬਾ ਮਹਾਰਾਜ ਸਿੰਘ ਜੀ ਦੇ ਬੁਤ ਦਾ ਮੁੱਖ ਮੰਤਰੀ ਚੰਨੀ ਨੇ ਕੀਤਾ ਉਦਘਾਟਨ

ਏਜੰਸੀ

ਖ਼ਬਰਾਂ, ਪੰਜਾਬ

ਪਿੰਡ ਰੱਬੋਂ ਉੱਚੀ ਵਿਖੇ ਬਾਬਾ ਮਹਾਰਾਜ ਸਿੰਘ ਜੀ ਦੇ ਬੁਤ ਦਾ ਮੁੱਖ ਮੰਤਰੀ ਚੰਨੀ ਨੇ ਕੀਤਾ ਉਦਘਾਟਨ

image

ਰਾੜਾ ਸਾਹਿਬ/ਮਲੌਦ, ਲੁਧਿਆਣਾ, ਪਾਇਲ, 9 ਦਸੰਬਰ (ਬਲਜੀਤ ਸਿੰਘ ਜੀਰਖ, ਹਰਪ੍ਰੀਤ ਸਿੰਘ ਮੱਕੜ/ਧਰਮਿੰਦਰ ਸਿੰਘ): ਅੱਜ ਤਹਿਸੀਲ ਪਾਇਲ ਦੇ ਪਿੰਡ ਰੱਬੋਂ ਉੱਚੀ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਜੰਗ-ਏ-ਆਜ਼ਾਦੀ ਦੇ ਪਹਿਲੇ ਸ਼ਹੀਦ ਬਾਬਾ ਮਹਾਰਾਜ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੇ ਬੁੱਤ ਦਾ ਉਦਘਾਟਨ ਅਪਣੇ ਕਰ ਕਮਲਾਂ ਨਾਲ ਕੀਤਾ ਗਿਆ। ਉਸ ਤੋਂ ਬਾਅਦ ਉਨ੍ਹਾਂ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਵੀ ਟੇਕਿਆ। ਇਸ ਮੌਕੇ ਸੰਸਦ ਮੈਂਬਰ ਡਾ. ਅਮਰ ਸਿੰਘ, ਵਿਧਾਇਕ ਲਖਵੀਰ ਸਿੰਘ ਲੱਖਾ, ਚੇਅਰਮੈਨ ਯਾਦਵਿੰਦਰ ਸਿੰਘ ਜੰਡਿਆਲੀ, ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਕਈ ਹੋਰ ਪਤਵੰਤੇ ਵੀ ਹਾਜ਼ਰ ਸਨ।
ਇਸ ਮੌਕੇ ਅਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਨੇ ਲੋਕਾਂ ਨੂੰ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਜੂਝਣ ਹਿਤ ਪ੍ਰੇਰਦੇ ਹੋਏ ਆਜ਼ਾਦੀ ਦੀ ਜੰਗ ਦੇ ਇਸ ਪਹਿਲੇ ਸ਼ਹੀਦ ਦੁਆਰਾ ਦਿਖਾਏ ਰਸਤੇ ਉਤੇ ਚਲਣ ਲਈ ਕਿਹਾ, ਜੋ ਇਕ ਮਹਾਨ ਕ੍ਰਾਂਤੀਕਾਰੀ ਸਨ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੀ ਖ਼ਾਤਰ ਅਪਣੀ ਜਾਨ ਕੁਰਬਾਨ ਕਰ ਦਿਤੀ। ਉਨ੍ਹਾਂ ਅੱਗੇ ਕਿਹਾ ਕਿ 1857 ਦੇ ਵਿਦਰੋਹ ਨੂੰ ਦੇਸ਼ ਦੀ ਆਜ਼ਾਦੀ ਦੀ ਜੰਗ ਦੀ ਸ਼ੁਰੂਆਤ ਵਜੋਂ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਪਰ ਇਤਿਹਾਸ ਨੇ ਇਹ ਸਾਬਤ ਕਰ ਦਿਤਾ ਕਿ ਬਾਬਾ ਮਹਾਰਾਜ ਸਿੰਘ ਨੇ ਉਸੇ ਸਮੇਂ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸੰਘਰਸ਼ ਸ਼ੁਰੂ ਕਰ ਦਿਤਾ ਸੀ ਜਦੋਂ ਉਨ੍ਹਾਂ ਨੇ ਆਖ਼ਰੀ ਸਿੱਖ ਹੁਕਮਰਾਨ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ਾਂ ਦੇ ਚੁੰਗਲ ਤੋਂ ਛੁਡਾਉਣ ਦੀ ਕੋਸ਼ਿਸ਼ ਕੀਤੀ ਸੀ। ਪਰ, ਅੰਗਰੇਜ਼ਾਂ ਨੂੰ ਬਾਬਾ ਮਹਾਰਾਜ ਸਿੰਘ ਵਲੋਂ ਅਪਣੇ ਸਾਥੀਆਂ ਨਾਲ ਮਿਲ ਕੇ ਕੀਤੀ ਗਈ ਯੋਜਨਾਬੰਦੀ ਦੀ ਸੂਹ ਮਿਲ ਗਈ ਜਿਸ ਦੇ ਸਿੱਟੇ ਵਜੋਂ ਉਨ੍ਹਾਂ ਨੇ ਬਾਬਾ ਮਹਾਰਾਜ ਸਿੰਘ ਨੂੰ ਕੈਦ ਕਰ ਕੇ ਸਿੰਗਾਪੁਰ ਭੇਜ ਦਿਤਾ ਜਿਥੇ ਬਾਬਾ ਮਹਾਰਾਜ ਸਿੰਘ ਜੀ ਕਈ ਤੰਗੀਆਂ ਨਾਲ ਜੂਝਦੇ ਹੋਏ 5 ਜੁਲਾਈ, 1856 ਨੂੰ ਸ਼ਹੀਦ ਹੋ ਗਏ।
ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਮੁੱਖ ਮੰਤਰੀ ਨੇ ਕੋਵਿਡ-19 ਦੀ ਮਹਾਂਮਾਰੀ ਦੌਰਾਨ ਸ਼ਲਾਘਾਯੋਗ ਕੰਮ ਕਰਨ ਲਈ ਧਾਰਮਕ ਸ਼ਖ਼ਸੀਅਤਾਂ ਨੂੰ ਪ੍ਰਮਾਣ ਪੱਤਰ ਦੇ ਕੇ ਸਨਮਾਨਤ ਵੀ ਕੀਤਾ। ਵਾਪਸ ਜਾਂਦੇ ਸਮੇਂ ਮੁੱਖ ਮੰਤਰੀ ਨੂੰ ਸੜਕ ਨਾਲ ਖੜੇ ਕੁੱਝ ਲੋਕ ਦਿਸੇ। ਅਪਣੇ ਕਾਫ਼ਲੇ ਨੂੰ ਕੁੱਝ ਦੇਰ ਲਈ ਰੁਕਣ ਦਾ ਇਸ਼ਾਰਾ ਕਰਦੇ ਹੋਏ ਮੁੱਖ ਮੰਤਰੀ ਨੇ ਇਨ੍ਹਾਂ ਨਿਵਾਸੀਆਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਉਨ੍ਹਾਂ ਦੀ ਤਸੱਲੀ ਮੁਤਾਬਕ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦਾ ਭਰੋਸਾ ਵੀ ਦਿਵਾਇਆ।