'ਆਪ' ਮੈਂਬਰ ਪਾਰਲੀਮੈਂਟ ਰਾਘਵ ਚੱਢਾ ਨੇ ਸੰਸਦ 'ਚ ਚੁੱਕਿਆ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਮੁੱਦਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਰਸ਼ਨਾਂ ਲਈ ਸੰਗਤ ਨੂੰ ਦਰਪੇਸ਼ 3 ਮੁੱਖ ਮੁਸ਼ਕਿਲਾਂ ਦਾ ਕੀਤਾ ਜ਼ਿਕਰ

Image

 

ਨਵੀਂ ਦਿੱਲੀ - ਆਮ ਆਦਮੀ ਪਾਰਟੀ ਆਗੂ ਅਤੇ ਮੈਂਬਰ ਪਾਰਲੀਮੈਂਟ ਰਾਘਵ ਚੱਢਾ ਨੇ ਸੰਸਦ 'ਚ ਆਪਣੇ ਸੰਬੋਧਨ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਯਾਦਗਾਰੀ ਪਾਵਨ ਅਸਥਾਨ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਬੜੀਆਂ ਅਰਦਾਸਾਂ ਬਾਅਦ ਖੁੱਲ੍ਹੇ ਲਾਂਘੇ ਬਾਰੇ ਅਵਾਜ਼ ਚੁੱਕੀ, ਅਤੇ ਜਨਤਾ ਦੇ ਪੱਖ ਨੂੰ ਸੰਸਦ 'ਚ ਰੱਖਿਆ। 

ਸੰਬੋਧਨ ਕਰਦੇ ਹੋਏ ਰਾਘਵ ਨੇ ਕਿਹਾ ਕਿ ਜਦੋਂ ਅੱਜ ਤੋਂ ਕੁਝ ਸਾਲ ਪਹਿਲਾਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਗਿਆ, ਤਾਂ ਸਿਰਫ਼ ਪੰਜਾਬੀ ਭਾਈਚਾਰਾ ਹੀ ਨਹੀਂ, ਬਲਕਿ ਪੂਰਾ ਦੇਸ਼ ਪੂਰੀ ਦੁਨੀਆ ਬਾਬਾ ਨਾਨਕ ਦੇ ਰੰਗ 'ਚ ਰੰਗੀ ਗਈ। ਉਨ੍ਹਾਂ ਕਿਹਾ ਕਿ ਦੇਸ਼ ਦਾ ਹਰ ਨੌਜਵਾਨ, ਬੱਚਾ, ਬਜ਼ੁਰਗ ਹਰ ਕੋਈ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨਾ ਅਤੇ ਮੱਥਾ ਟੇਕਣਾ ਚਾਹੁੰਦਾ ਹੈ, ਤੇ ਕੋਈ ਵੀ ਇਸ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਕਿਹਾ ਕਿ ਅਸੀਂ ਤਾਂ ਵਾਰ-ਵਾਰ ਉਸ ਥਾਂ 'ਤੇ ਜਾ ਕੇ ਮੱਥਾ ਟੇਕਣਾ ਚਾਹੁੰਦੇ ਹਾਂ, ਪਰ ਇਸ ਬਾਰੇ 'ਚ ਹਰ ਸ਼ਰਧਾਲੂ ਨੂੰ ਤਿੰਨ ਮੁਸ਼ਕਿਲਾਂ ਝੱਲਣੀਆਂ ਪੈਂਦੀਆਂ ਹਨ। 

ਇਨ੍ਹਾਂ ਮੁਸ਼ਕਿਲਾਂ ਬਾਰੇ ਜ਼ਿਕਰ ਕਰਦੇ ਹੋਏ ਰਾਘਵ ਨੇ ਕਿਹਾ ਕਿ ਪਹਿਲੀ ਸਮੱਸਿਆ ਹੈ ਪਾਸਪੋਰਟ ਦੀ। ਤੁਹਾਡੇ ਕੋਲ ਪਾਸਪੋਰਟ ਹੋਣਾ ਲਾਜ਼ਮੀ ਹੈ। ਜੇਕਰ ਪਾਸਪੋਰਟ ਨਹੀਂ ਹੈ, ਤਾਂ ਤੁਸੀਂ ਉਹ ਲਾਂਘਾ ਪਾਰ ਕਰਕੇ ਦਰਸ਼ਨਾਂ ਲਈ ਜਾ ਨਹੀਂ ਸਕਦੇ, ਤੁਹਾਨੂੰ ਇਜਾਜ਼ਤ ਨਹੀਂ ਦਿੱਤੀ ਜਾਂਦੀ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਜੇਕਰ ਭਾਰਤ ਸਰਕਾਰ ਇਸ ਵਿਸ਼ੇ 'ਤੇ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰੇ, ਕਿਉਂ ਕਿ ਜਦੋਂ ਸੰਗਤ ਦੇ ਦਰਸ਼ਨਾਂ ਵਾਸਤੇ ਲਈ ਇਹ ਲਾਂਘਾ ਬਣਾਇਆ ਗਿਆ ਹੈ ਤੇ ਖੋਲ੍ਹ ਵੀ ਦਿੱਤਾ ਗਿਆ ਹੈ, ਤਾਂ ਪਾਸਪੋਰਟ ਦੀ ਸ਼ਰਤ ਨੂੰ ਹਟਾ ਦੇਣਾ ਚਾਹੀਦਾ ਹੈ, ਅਤੇ ਆਧਾਰ ਕਾਰਡ ਵਰਗੇ ਕਿਸੇ ਪਛਾਣ-ਪੱਤਰ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। 

ਦੂਜੀ ਸਮੱਸਿਆ ਬਾਰੇ ਦੱਸਦੇ ਹੋਏ ਰਾਘਵ ਨੇ ਕਿਹਾ ਕਿ ਅੱਜ ਹਰ ਸ਼ਰਧਾਲੂ ਨੂੰ 20 ਡਾਲਰ ਦੀ ਫ਼ੀਸ ਦੇਣੀ ਪੈਂਦੀ ਹੈ। ਰਾਘਵ ਨੇ ਕਿਹਾ ਕਿ ਸਾਡੀ ਸਰਕਾਰ ਦੀਆਂ ਆਰਥਿਕ ਨੀਤੀਆਂ ਦੇ ਚੱਲਦੇ ਡਾਲਰ 80 ਰੁਪਏ ਤੋਂ ਪਾਰ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਇੱਕ ਵਿਅਕਤੀ ਨੂੰ 20 ਡਾਲਰ ਦੀ ਫ਼ੀਸ ਦੇ ਕੇ ਦਰਸ਼ਨ ਕਰਨ ਲਈ ਜਾਣਾ ਪਵੇ, ਤਾਂ ਉਸ ਦੀ ਜੇਬ 'ਚੋਂ 1600 ਰੁਪਏ ਦੇ ਕਰੀਬ ਰਕਮ ਲੱਗਦੀ ਹੈ। ਉਦਾਹਰਣ ਦਿੰਦੇ ਹੋਏ ਰਾਘਵ ਨੇ ਕਿਹਾ ਕਿ ਮੰਨ ਲਾਓ ਕਿ ਇੱਕ ਪਰਿਵਾਰ 'ਚ 5 ਮੈਂਬਰ ਹਨ, ਤੇ ਉਹ ਹਰ ਸਾਲ ਜਾਣਾ ਚਾਹੁੰਦੇ ਹਨ। ਤਾਂ ਇੱਕ ਪਰਿਵਾਰ ਦੇ ਹਰ ਸਾਲ 8 ਹਜ਼ਾਰ ਰੁਪਏ ਖ਼ਰਚ ਹੋਣਗੇ। ਉਨ੍ਹਾਂ ਕਿਹਾ ਕਿ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ 20 ਡਾਲਰ ਦੀ ਫ਼ੀਸ ਹਟਾਈ ਜਾਵੇ, ਅਤੇ ਹਰ ਸ਼ਰਧਾਲੂ ਨੂੰ ਉੱਥੇ ਜਾਣ ਦੀ ਇਜਾਜ਼ਤ ਦਿੱਤੀ ਜਾਵੇ। 

ਅੱਗੇ ਬੋਲਦੇ ਹੋਏ ਰਾਘਵ ਨੇ ਤੀਜੀ ਮੁਸ਼ਕਿਲ ਆਨਲਾਈਨ ਰਜਿਸਟਰੇਸ਼ਨ ਨੂੰ ਦੱਸਿਆ ਅਤੇ ਕਿਹਾ ਕਿ ਆਨਲਾਈਨ ਰਜਿਸਟਰੇਸ਼ਨ ਦੀ ਪ੍ਰਕਿਰਿਆ ਬੜੀ ਗੁੰਝਲਦਾਰ ਹੈ, ਅਤੇ ਉਸ ਨੂੰ ਸਰਲ ਬਣਾਇਆ ਜਾਵੇ, ਤਾਂ ਜੋ ਸੰਗਤ ਅਤੇ ਗੁਰੂ ਘਰ ਵਿਚਕਾਰਲੀਆਂ ਸਾਰੀਆਂ ਦੂਰੀਆਂ ਹਟਾਈਆਂ ਜਾ ਸਕਣ। ਇਹ ਕਹਿ ਕੇ ਧੰਨਵਾਦ ਕਰਦੇ ਹੋਏ ਰਾਘਵ ਚੱਢਾ ਨੇ ਆਪਣਾ ਸੰਬੋਧਨ ਸਮਾਪਤ ਕੀਤਾ।