ਪੁਲਿਸ ਨੇ ਲਾਪਤਾ ਚਾਰ ਬੱਚਿਆਂ ਵਿੱਚੋਂ ਤਿੰਨਾਂ ਨੂੰ ਚੰਡੀਗੜ੍ਹ ਮੌਲੀ ਜਾਂਗਰਾ ਤੋਂ ਕੀਤਾ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

14 ਸਾਲਾਂ ਦਾ ਚੌਥਾ ਬੱਚਾ ਹੋਇਆ ਫ਼ਰਾਰ

Police recovered three of the four missing children from Molly Jangra, Chandigarh

 

ਡੇਰਾਬੱਸੀ: ਇਥੋਂ ਦੇ ਪਿੰਡ ਕਕਰਾਲੀ ਤੋਂ ਮੰਗਲਵਾਰ ਲਾਪਤਾ ਹੋਏ ਚਾਰ ਬੱਚਿਆਂ ਵਿੱਚੋਂ ਤਿੰਨ ਚੰਡੀਗੜ੍ਹ ਦੇ ਮੌਲੀ ਜਾਗਰਾਂ ਤੋਂ ਮਿਲ ਗਏ ਹਨ। ਜਦਕਿ ਚੌਥਾ 14 ਸਾਲਾਂ ਦਾ ਬੱਚਾ ਮੌਲੀ ਜਾਂਗਰਾ ਦੇ ਜੰਗਲੀ ਖੇਤਰ ਵਿੱਚ ਫ਼ਰਾਰ ਹੋ ਗਿਆ। ਪੁਲਿਸ ਨੇ ਕਾਗਜੀ ਕਾਰਵਾਈ ਪੂਰੀ ਕਰਨ ਮਗਰੋਂ ਇਹ ਬੱਚੇ ਮਾਪਿਆਂ ਦੇ ਹਵਾਲੇ ਕਰ ਦਿੱਤੇ ਹਨ।

ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਏ.ਐਸ.ਪੀ. ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਉੱਕਤ ਬੱਚਿਆਂ ਨੂੰ 14 ਸਾਲਾਂ ਦਾ ਬੱਚਾ ਵਿਸ਼ਾਲ ਪੁੱਤਰ ਸੋਹਿਬ ਰਾਮ ਗੁੰਮਰਾਹ ਕਰ ਆਪਣੇ ਨਾਲ ਲੈ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਚਾਰੇ ਬੱਚਿਆਂ ਨੇ ਦੋ ਰਾਤਾਂ ਮੌਲੀ ਜਾਂਗਰਾ ਦੇ ਜੰਗਲੀ ਖੇਤਰ ਵਿੱਚ ਕੱਟੀਆਂ ਹਨ। ਉਥੇ ਉਨ੍ਹਾਂ ਨੇ ਇਕ ਔਰਤ ਤੋਂ ਸਮੌਸੇ ਵੀ ਖਾਂਦੇ ਹਨ ਜਿਸ ਔਰਤ ਨੇ ਬੱਚਿਆਂ ਦੀ ਫੋਟੋਆਂ ਦੇਖ ਕੇ ਇਸਦੀ ਪੁਸ਼ਟੀ ਵੀ ਕੀਤੀ ਹੈ।

ਉਨ੍ਹਾਂ ਨੇ ਦੱਸਿਆ ਕਿ ਉੱਕਤ 14 ਸਾਲਾਂ ਬੱਚਾ ਨਾ ਤਾਂ ਸਕੂਲ ਵਿੱਚ ਪੜ੍ਹਾਈ ਕਰਦਾ ਸੀ ਅਤੇ ਜਿਸਦਾ ਪਿਛਲਾ ਰਿਕਾਰਡ ਵੀ ਮਾੜਾ ਹੈ। ਇਹ ਬੱਚਾ ਗਲਤ ਕੰਮਾਂ ਵਿੱਚ ਸ਼ਾਮਲ ਹੈ। ਇਹ ਬੱਚਾ ਹੀ ਤਿੰਨੇ ਬੱਚਿਆਂ ਨੂੰ ਚੰਡੀਗੜ੍ਹ ਹੀ ਰਹਿਣ ਅਤੇ ਘੁੰਮਾਉਣ ਦਾ ਲਾਲਚ ਦੇ ਕੇ ਆਪਣੇ ਨਾਲ ਗੁੰਮਰਾਹ ਕਰ ਲੈ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਹਾਲੇ ਮਾਮਲੇ ਦੀ ਜਾਂਚ ਚਲ ਰਹੀ ਹੈ ਕਿ 14 ਸਾਲਾਂ ਦੇ ਬੱਚੇ ਦੀ ਯੋਜਨਾ ਕੀ ਸੀ ਜਾਂ ਉਸ ਦੇ ਪਿੱਛੇ ਕੋਈ ਵੀ ਹੋਰ ਵੀ ਸੀ। ਉਨ੍ਹਾਂ ਨੇ ਕਿਹਾ ਕਿ ਬੱਚਿਆਂ ਦੇ ਮੁਤਾਬਕ ਉੱਕਤ 14 ਸਾਲਾਂ ਦਾ ਬੱਚਾ ਆਪਣੇ ਨਾਲ ਕੁਝ ਵਾਹਨਾਂ ਦੀ ਨਕਲੀ ਚਾਬੀਆਂ ਵੀ ਲੈ ਗਿਆ ਸੀ ਜਿਸ ਨਾਲ ਉਹ ਚੰਡੀਗੜ੍ਹ ਤੋਂ ਵਾਹਨ ਚੋਰੀ ਕਰਨ ਦੀ ਯੋਜਨਾ ਬਣਾ ਰਿਹਾ ਸੀ।

ਜ਼ਿਕਰਯੋਗ ਹੈ ਕਿ ਮੰਗਲਵਾਰ ਪਿੰਡ ਕਕਰਾਲੀ ਦੇ ਵਸਨੀਕ ਚਾਰ ਬੱਚੇ ਸ਼ੱਕੀ ਹਾਲਤ ਵਿੱਚ ਲਾਪਤਾ ਹੋ ਗਏ। ਇਨ੍ਹਾਂ ਵਿੱਚੋਂ ਤਿੰਨ ਬੱਚੇ ਪਿੰਡ ਕਕਰਾਲੀ ਦੇ ਸਰਕਾਰੀ ਸਕੂਲ ਵਿੱਚ ਚੌਥੀ ਜਮਾਤ ਦੀ ਪੜ੍ਹਾਈ ਕਰ ਰਹੇ ਸੀ ਜਦਕਿ ਇਕ 14 ਸਾਲਾਂ ਦਾ ਬੱਚਾ ਵਿਹਲਾ ਰਹਿੰਦਾ ਸੀ। ਤਿੰਨਾਂ ਬੱਚੇ ਦੁਪਹਿਰ ਤਿੰਨ ਵਜੇ ਸਕੂਲ ਤੋਂ ਛੁੱਟੀ ਮਗਰੋਂ ਆਪਣੇ ਘਰ ਆਏ ਅਤੇ ਮੁੜ ਤੋਂ ਸਕੂਲ ਜਾਣ ਦਾ ਗੱਲ ਆਖ ਕੇ 14 ਸਾਲਾਂ ਦੇ ਬੱਚੇ ਨਾਲ ਲਾਪਤਾ ਹੋ ਗਏ। ਪਿੰਡ ਵਿੱਚ ਲੱਗੇ ਸੀਸੀਟੀਵੀ ਕੈਮਰੇ ਤੋਂ ਸਾਹਮਣੇ ਆਇਆ ਸੀ ਕਿ ਉਹ ਚਾਰੇ ਚੰਡੀਗੜ੍ਹ ਵਾਲੇ ਪਾਸੇ ਗਏ ਹਨ।