ਪੰਜਾਬ ਦੀ ਧੀ ਨੇ 'ਕੌਣ ਬਣੇਗਾ ਕਰੋੜਪਤੀ' ਵਿੱਚ ਜਿੱਤੇ 25 ਲੱਖ ਅੰਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

18 ਸਾਲ ਪੂਰੇ ਹੋਣ 'ਤੇ ਮਾਨਿਆ ਨੂੰ ਮਿਲੇਗੀ 25 ਲੱਖ ਦੀ ਰਾਸ਼ੀ

photo

 

ਜ਼ੀਰਕਪੁਰ: ਕਹਿੰਦੇ ਹਨ ਕਿ ਮੰਜ਼ਿਲ  ਉਹਨਾਂ ਨੂੰ ਹੀ ਮਿਲਦੀ ਹੈ, ਜਿਨ੍ਹਾਂ ਦੇ ਸੁਪਨਿਆਂ ਵਿਚ ਜਾਨ ਹੁੰਦੀ ਹੈ, ਖੰਭਾਂ ਨਾਲ ਕੁਝ ਨਹੀਂ ਹੁੰਦਾ, ਹੌਂਸਲਿਆਂ ਨਾਲ ਉਡਾਣ ਭਰੀ ਜਾ ਸਕਦੀ ਹੈ। ਜ਼ੀਰਕਪੁਰ ਦੀ ਰਹਿਣ ਵਾਲੀ ਛੇਵੀਂ ਜਮਾਤ ਦੀ ਵਿਦਿਆਰਥਣ ਮਾਨਿਆ ਨੇ ਅਜਿਹਾ ਹੀ ਕੁਝ ਕੀਤਾ ਹੈ। ਮਾਨਿਆ ਨੇ ਨਾ ਸਿਰਫ਼ ਦੇਸ਼-ਵਿਦੇਸ਼ ਵਿੱਚ ਜ਼ੀਰਕਪੁਰ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ, ਸਗੋਂ ਛੋਟੀ ਉਮਰ ਵਿੱਚ ਹੀ ਮਾਂ-ਅਰਚਨਾ ਦੇ ਸੁਪਨੇ ਨੂੰ ਵੀ ਪੂਰਾ ਕੀਤਾ ਹੈ। ਮਾਨਿਆ ਨੇ ਕੌਣ ਬਣੇਗਾ ਕਰੋੜਪਤੀ ਵਿੱਚ ਹਿੱਸਾ ਲੈ ਕੇ 25 ਲੱਖ  ਪੁਆਇੰਟ ਜਿੱਤੇ ਹਨ।

ਮਾਨਿਆ ਨੂੰ 18 ਸਾਲ ਪੂਰੇ ਹੋਣ 'ਤੇ 25 ਲੱਖ ਦੀ ਰਾਸ਼ੀ ਮਿਲੇਗੀ। ਮਾਨਿਆ ਨੇ ਆਪਣੇ ਆਪ ਨੂੰ ਕੇਬੀਸੀ ਲਈ ਰਜਿਸਟਰ ਕੀਤਾ ਅਤੇ ਪਹਿਲੀ ਕੋਸ਼ਿਸ਼ ਵਿੱਚ ਹੀ ਹਾਟ ਸੀਟ ਲਈ ਕੁਆਲੀਫਾਈ ਕੀਤਾ। ਮਾਨਿਆ ਦੇ ਪਿਤਾ ਵਿਨੈ ਇੱਕ ਡਾਕਟਰ ਹਨ ਜਦਕਿ ਮਾਂ ਅਰਚਨਾ ਇੱਕ ਘਰੇਲੂ ਔਰਤ ਹੈ। ਮਾਨਿਆ ਦੀ ਮਾਂ ਅਰਚਨਾ ਨੇ ਸਾਲ 2017 ਵਿੱਚ ਕੇਬੀਸੀ ਲਈ ਕੁਆਲੀਫਾਈ ਕੀਤਾ ਪਰ ਹੌਟ ਸੀਟ ਤੱਕ ਨਹੀਂ ਪਹੁੰਚ ਸਕੀ। ਮਾਂ ਅਰਚਨਾ ਨੇ ਦੱਸਿਆ ਕਿ ਉਹ ਕੇਬੀਸੀ ਦੀ ਹੌਟ ਸੀਟ 'ਤੇ ਨਾ ਪੁੱਜਣ ਤੋਂ ਨਰਾਜ਼ ਸੀ, ਜਿਸ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਮਾਨਿਆ ਨੂੰ ਕੇਬੀਸੀ ਲਈ ਤਿਆਰ ਕੀਤਾ।

ਮਾਨਿਆ ਸਾਧਾਰਨ ਬੱਚਿਆਂ ਨਾਲੋਂ ਸਭ ਕੁਝ ਤੇਜ਼ੀ ਨਾਲ ਸਮਝਦੀ ਅਤੇ ਯਾਦ ਰੱਖਦੀ ਹੈ। ਸਕੂਲ ਦੀ ਪ੍ਰਿੰਸੀਪਲ ਅਨੀਲਾ ਨੇ ਦੱਸਿਆ ਕਿ ਮਾਨਵ ਮੰਗਲ ਸਮਾਰਟ ਵਰਲਡ ਸਕੂਲ ਜ਼ੀਰਕਪੁਰ ਲਈ ਇਹ ਮਾਣ ਵਾਲੀ ਗੱਲ ਹੈ ਕਿ ਮਾਨਿਆ ਨੇ ਕੇਬੀਸੀ ਦੀ ਹੌਟ ਸੀਟ ’ਤੇ ਪਹੁੰਚ ਕੇ 25 ਲੱਖ ਅੰਕ ਹਾਸਲ ਕੀਤੇ ਹਨ। ਮਾਨਿਆ ਨੇ ਸਾਬਤ ਕਰ ਦਿੱਤਾ ਹੈ ਕਿ ਲਗਨ ਅਤੇ ਮਿਹਨਤ ਦੇ ਸਾਹਮਣੇ ਕੋਈ ਮੁਸ਼ਕਿਲ ਨਹੀਂ ਆਉਂਦੀ। ਪਹਿਲੀ ਵਾਰ ਆਪਣੇ ਆਪ ਨੂੰ, ਆਪਣੇ ਮਾਤਾ-ਪਿਤਾ ਅਤੇ ਆਪਣੇ ਸਕੂਲ ਨੂੰ  ਇੰਨੇ ਵੱਡੇ ਪਲੇਟਫਾਰਮ 'ਤੇ ਪੇਸ਼ ਕਰਨਾ ਬਹੁਤ ਵੱਡੀ ਪ੍ਰਾਪਤੀ ਹੈ।