ਆਰ.ਟੀ.ਆਈ. ਕਮਿਸ਼ਨ ਵਲੋਂ ਪੀ.ਸੀ.ਐਸ.ਅਧਿਕਾਰੀ ਦੇ ਵਰਤਾਉ ਸਬੰਧੀ ਨਰਾਜ਼ਗੀ ਦਾ ਪ੍ਰਗਟਾਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰੀਜਨਲ ਟਰਾਂਸਪੋਰਟ ਅਧਿਕਾਰੀ ਅੰਮ੍ਰਿਤਸਰ ਨੂੰ ਬਾਰ ਬਾਰ ਤਲਬ ਕੀਤਾ ਗਿਆ ਸੀ

RTI Commission expresses displeasure over the conduct of PCS officer

ਚੰਡੀਗੜ੍ਹ: ਪੰਜਾਬ ਰਾਜ ਸੂਚਨਾ ਕਮਿਸ਼ਨ ਨੇ ਸੂਬੇ ਦੇ ਇਕ ਪੀ.ਸੀ.ਐਸ. ਅਧਿਕਾਰੀ ਦੇ ਵਰਤਾਉ ਸਬੰਧੀ ਨਰਾਜ਼ਗੀ ਦਾ ਪ੍ਰਗਟਾਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਰਾਜ ਸੂਚਨਾ ਕਮਿਸ਼ਨਰ ਸ੍ਰੀਮਤੀ ਪੂਜਾ ਗੁਪਤਾ ਦੀ ਕੋਰਟ ਵਿੱਚ ਸੁਣਵਾਈ ਲਈ ਲੱਗੇ ਕੇਸ ਨੰਬਰ 5555/2023 ਵਿਚ ਰੀਜਨਲ ਟਰਾਂਸਪੋਰਟ ਅਧਿਕਾਰੀ ਅੰਮ੍ਰਿਤਸਰ ਨੂੰ ਬਾਰ ਬਾਰ ਤਲਬ ਕੀਤਾ ਗਿਆ ਸੀ ਪ੍ਰੰਤੂ ਉਹ ਇਕ ਵਾਰ ਵੀ ਕਮਿਸ਼ਨ ਅੱਗੇ ਪੇਸ਼ ਨਹੀਂ ਹੋਇਆ।

ਬੁਲਾਰੇ ਨੇ ਦੱਸਿਆ ਇਸ ਅਧਿਕਾਰੀ ਖਿਲਾਫ਼ ਜ਼ਮਾਨਤੀ ਵਾਰੰਟ ਵੀ ਜਾਰੀ ਕੀਤੇ ਗਏ ਸਨ ਪ੍ਰੰਤੂ ਇਹ ਅਧਿਕਾਰੀ ਫਿਰ ਵੀ ਕਮਿਸ਼ਨ ਅੱਗੇ ਪੇਸ਼ ਨਹੀਂ ਹੋਇਆ। ਬੁਲਾਰੇ ਨੇ ਦੱਸਿਆ ਕਿ ਕਮਿਸ਼ਨ ਦੇ ਹੁਕਮਾਂ ਦੀ ਪਾਲਣਾ ਨਾ ਕਰਨ 'ਤੇ ਰਾਜ ਸੂਚਨਾ ਕਮਿਸ਼ਨਰ ਸ੍ਰੀਮਤੀ ਪੂਜਾ ਗੁਪਤਾ ਨੇ ਤਤਕਾਲੀਨ ਅਧਿਕਾਰੀ ਜਿਸ ਦੇ ਕਾਰਜਕਾਲ ਦੌਰਾਨ ਇਹ ਆਰ ਟੀ ਆਈ ਦਾਖਲ ਹੋਈ ਸੀ ਨੂੰ ਪਹਿਲਾਂ ਲਗਾਏ ਗਏ ਜੁਰਮਾਨੇ ਨੂੰ 10 ਹਜ਼ਾਰ ਰੁਪਏ ਤੋਂ ਵਧਾ ਕੇ 25 ਹਜ਼ਾਰ ਰੁਪਏ ਕਰਨ ਦੇ ਹੁਕਮ ਦਿੱਤੇ ਹਨ ।

ਇਸ ਤੋਂ ਇਲਾਵਾ ਮੌਜੂਦਾ ਰੀਜਨਲ ਟਰਾਂਸਪੋਰਟ ਅਧਿਕਾਰੀ ਖੁਸ਼ਦਿਲ ਸਿੰਘ ਸੰਧੂ ਪੀ.ਸੀ.ਐਸ. ਵਲੋਂ ਉਕਤ ਮਾਮਲੇ ਸਬੰਧੀ  ਰਾਜ ਸੂਚਨਾ ਕਮਿਸ਼ਨ ਵਲੋਂ ਜਾਰੀ ਹੁਕਮਾਂ ਦੀ ਪਾਲਣਾ ਨਾ ਕਰਨ ਅਤੇ ਗ਼ੈਰ ਜ਼ਿੰਮੇਵਾਰਨਾ ਵਰਤਾਉ ਸਬੰਧੀ ਨਰਾਜ਼ਗੀ ਦਾ ਪ੍ਰਗਟਾਵਾ ਕਰਨ ਅਤੇ ਟਰਾਂਸਪੋਰਟ ਵਿਭਾਗ ਦੇ ਆਰ.ਟੀ.ਆਈ. ਵਿੰਗ ਵਲੋਂ ਕਮਿਸ਼ਨ ਦੇ ਹੁਕਮਾਂ ਪ੍ਰਤੀ ਵਰਤੀ ਜਾਂਦੀ ਢਿੱਲਮੱਠ ਪ੍ਰਤੀ ਨਰਾਜ਼ਗੀ ਜ਼ਾਹਰ ਕਰਨ ਲਈ ਪ੍ਰਮੁੱਖ ਸਕੱਤਰ ਟਰਾਂਸਪੋਰਟ ਨੂੰ ਸੂਚਿਤ ਕੀਤਾ ਗਿਆ ਹੈ।