10 ਸਾਲ ਬਾਅਦ ਪਟਿਆਲਾ ਦੇ ਚੰਗੇ ਦਿਨ ਆਏ: ਬ੍ਰਹਮ ਮਹਿੰਦਰਾ

ਖ਼ਬਰਾਂ, ਪੰਜਾਬ

ਪਟਿਆਲਾ, 17 ਦਸੰਬਰ (ਬਲਵਿੰਦਰ ਸਿੰਘ ਭੁੱਲਰ, ਜਸਵਿੰਦਰ ਸਿੰਘ ਦਾਖਾ) ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਹੁਕਮਾਂ 'ਤੇ ਪਟਿਆਲਾ ਨਗਰ ਨਿਗਮ ਚੋਣਾਂ ਦੀ ਨਿਗਰਾਨੀ ਕਰ ਰਹੇ ਅਤੇ ਸਟਾਰ ਪ੍ਰਚਾਰਕ ਰਹੇ ਕੈਬਨਿਟ ਮੰਤਰੀ  ਬ੍ਰਹਮ ਮਹਿੰਦਰਾ ਨੇ ਐਤਵਾਰ ਨੂੰ ਹੋਈਆਂ ਨਗਰ ਨਿਗਮ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਮਿਲੀ ਹੂੰਝਾ ਫੇਰੂ ਜਿੱਤ 'ਤੇ ਸਮੁੱਚੇ ਪਟਿਆਲਵੀਆਂ ਦਾ ਧਨਵਾਦ ਕਰਦਿਆਂ ਕਿਹਾ ਕਿ 10 ਸਾਲ ਬਾਅਦ ਪਟਿਆਲਵੀਆਂ ਨੂੰ ਲੋਕਾਂ ਦੇ ਨੁਮਾਇੰਦੇ ਮਿਲੇ ਹਨ। ਇੰਜ ਪਟਿਆਲਾ ਦੇ ਚੰਗੇ ਦਿਨ ਆ ਗਏ ਜਦਕਿ ਅਕਾਲੀ ਭਾਜਪਾ ਦੇ 10 ਸਾਲਾਂ ਦੇ ਰਾਜ ਵਿਚ ਅਕਾਲੀ ਭਾਜਪਾ ਦੇ ਜੋ ਕੌਂਸਲਰ ਚੁਣੇ ਸਨ, ਉਹ ਬੂਥ ਲੁੱਟ ਕੇ ਕੌਂਸਲਰ ਬਣੇ ਸਨ। ਕੈਪਟਨ ਸਰਕਾਰ ਨੇ ਪੰਜਾਬ ਵਿਚ ਬਿਲਕੁਲ ਨਿਰਪੱਖ ਚੋਣਾਂ ਕਰਵਾਈਆਂ ਜਿਸ ਕਰ ਕੇ ਲੋਕਾਂ ਨੂੰ ਅਪਣੀ ਵੋਟ ਦਾ ਇਸਤੇਮਾਲ ਕਰਨ ਦਾ ਹੱਕ ਮਿਲਿਆ ਅਤੇ ਲੋਕਾਂ ਨੇ ਪਟਿਆਲਾ ਦੇ ਵਡਮੁੱਲੇ ਹਿੱਤਾਂ ਅਤੇ ਪਟਿਆਲਾ ਦੇ ਸਰਬਪੱਖੀ ਵਿਕਾਸ ਨੂੰ ਧਿਆਨ ਵਿਚ ਰੱਖਦੇ ਹੋਏ ਕਾਂਗਰਸ ਪਾਰਟੀ ਦੇ ਹੱਕ ਵਿਚ ਜੰਮ ਕੇ ਵੋਟਿੰਗ ਕੀਤੀ।
ਚੋਣ ਤੋਂ ਬਾਅਦ ਪਟਿਆਲਾ ਦਿਹਾਤੀ ਹਲਕੇ ਦੇ ਜਿੱਤੇ ਸਮੁੱਚੇ ਕਾਂਗਰਸੀ ਕੌਂਸਲਰਾਂ ਨੂੰ ਮਿਲਣ ਤੋਂ ਬਾਅਦ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਇਸ ਨਾਲ ਲੋਕਤੰਤਰ ਹੋਰ ਮਜ਼ਬੂਤ ਹੋਇਆ ਹੈ।
ਉਨ੍ਹਾਂ ਕਿਹਾ ਕਿ ਜਿਹੜੇ ਕੌਂਸਲਰ ਲੋਕਾਂ ਤੋਂ ਵੋਟਾਂ ਲੈ ਕੇ ਚੋਣਾਂ ਜਿੱਤ ਕੇ ਆਏ ਹਨ, ਉਹ ਜਨਤਾ ਨੂੰ ਜਵਾਬਦੇਹ ਹੋਣਗੇ ਜਿਸ ਕਰ ਕੇ ਆਪੋ ਆਪਣੇ ਵਾਰਡ ਦਾ ਵਿਕਾਸ ਕਰਵਾਉਣਗੇ।