ਜਲੰਧਰ: ਨਗਰ ਨਿਗਮ ਜਲੰਧਰ ਦੀਆਂ 17 ਦਸੰਬਰ ਨੂੰ ਹੋਈਆਂ ਚੋਣਾਂ ਦੌਰਾਨ ਕਾਂਗਰਸ ਦੀ ਜ਼ਬਰਦਸਤ ਲਹਿਰ ਦੇਖਣ ਨੂੰ ਮਿਲੀ। ਇਸ ਸਾਲ ਦੇ ਸ਼ੁਰੂ 'ਚ ਪੰਜਾਬ ਦੀ ਸੱਤਾ 'ਤੇ ਕਬਜ਼ਾ ਜਮਾਉਣ ਵਾਲੀ ਕਾਂਗਰਸ ਨੇ ਜਲੰਧਰ ਨਗਰ ਨਿਗਮ ਦੀ ਸੱਤਾ ਨੂੰ ਵੀ ਖੋਹ ਲਈ ਹੈ। ਪਿਛਲੇ 10 ਸਾਲਾਂ ਤੋਂ ਜਲੰਧਰ ਨਿਗਮ ਦੀ ਸੱਤਾ 'ਤੇ ਕਾਬਜ਼ ਅਕਾਲੀ-ਭਾਜਪਾ ਗੱਠਜੋੜ ਨੂੰ ਜਿੱਥੇ ਕਰਾਰੀ ਹਾਰ ਮਿਲੀ ਹੈ, ਉਥੇ ਹੀ ਕਾਂਗਰਸ ਦੀ ਤੇਜ਼ ਲਹਿਰ 'ਚ ਇਸ ਦੇ ਜ਼ਿਆਦਾਤਰ ਉਮੀਦਵਾਰਾਂ ਦੀ ਬੇੜੀ ਪਾਰ ਹੋ ਗਈ ਹੈ ਅਤੇ 80 'ਚੋਂ ਕਾਂਗਰਸ ਨੇ 66 ਸੀਟਾਂ 'ਤੇ ਜਿੱਤ ਹਾਸਲ ਕੀਤੀ।
ਜ਼ਿਕਰੇਯੋਗ ਹੈ ਕਿ 5 ਸਾਲ ਪਹਿਲਾਂ 2012 'ਚ ਹੋਈਆਂ ਜਲੰਧਰ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਅਕਾਲੀ-ਭਾਜਪਾ ਗੱਠਜੋੜ ਨੇ ਜਿੱਤ ਪ੍ਰਾਪਤ ਕੀਤੀ ਸੀ। ਉਦੋਂ ਕਾਂਗਰਸ ਦੇ 22 ਕੌਂਸਲਰ ਜਿੱਤੇ ਸਨ ਜਦਕਿ ਭਾਜਪਾ ਦੇ 19 ਅਤੇ ਅਕਾਲੀ ਦਲ ਦੇ 12 ਕੌਂਸਲਰਾਂ ਨੇ ਜਿੱਤ ਪ੍ਰਾਪਤ ਕੀਤੀ ਸੀ। ਉਦੋਂ ਪੰਜਾਬ ਪੀਪਲਸ ਪਾਰਟੀ ਦਾ ਇਕ ਉਮੀਦਵਾਰ ਅਤੇ 7 ਆਜ਼ਾਦ ਉਮੀਦਵਾਰ ਜਿੱਤੇ ਸਨ। ਉਸ ਸਮੇਂ ਅਕਾਲੀ-ਭਾਜਪਾ ਗੱਠਜੋੜ ਨੇ ਆਜ਼ਾਦ ਜਿੱਤੇ ਜ਼ਿਆਦਾਤਰ ਕੌਂਸਲਰਾਂ ਨੂੰ ਆਪਣੇ ਨਾਲ ਮਿਲਾ ਕੇ ਆਪਣਾ ਮੇਅਰ ਬਣਾਇਆ ਸੀ।
ਹੁਣ ਜਲੰਧਰ ਨਿਗਮ 'ਚ 10 ਸਾਲਾਂ ਬਾਅਦ ਕਾਂਗਰਸ ਦਾ ਮੇਅਰ ਬਣਨ ਜਾ ਰਿਹਾ ਹੈ। ਚੋਣਾਂ ਤੋਂ ਬਾਅਦ ਹੁਣ ਸਰਕਾਰ ਨੇ ਮੇਅਰ ਅਹੁਦੇ ਦੀ ਚੋਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਅਗਲੇ ਕੁੱਝ ਦਿਨਾਂ ਅੰਦਰ ਜਲੰਧਰ ਦੇ ਨਵੇਂ ਮੇਅਰ ਦਾ ਨਾਂ ਸਾਹਮਣੇ ਆ ਜਾਵੇਗਾ।
ਨਵੇਂ ਮੇਅਰ ਸਾਹਮਣੇ ਚੁਣੌਤੀਆਂ
1. ਵਧ ਰਹੀ ਕੂੜੇ ਦੀ ਸਮੱਸਿਆ
2. ਨਿਗਮ 'ਚ ਵੱਧ ਰਿਹਾ ਭ੍ਰਿਸ਼ਟਾਚਾਰ
3. ਨਿਗਮ ਦੀ ਆਮਦਨ 'ਚ ਲਗਾਤਾਰ ਹੋ ਰਹੀ ਕਮੀ
4. ਵਿੱਤੀ ਸੰਕਟ ਕਾਰਨ ਲਟਕੇ ਹੋਏ ਪ੍ਰਾਜੈਕਟ
5. ਕੇਂਦਰ ਵਲੋਂ ਐਲਾਨ ਜ਼ਿਆਦਾਤਰ ਸਕੀਮਾਂ 'ਚ ਹੋ ਰਹੀ ਦੇਰੀ
6. ਸ਼ਹਿਰ ਦਾ ਵੱਧ ਰਿਹਾ ਪ੍ਰਦੂਸ਼ਣ ਅਤੇ ਘੱਟ ਰਹੀ ਹਰਿਆਲੀ
7. ਸਟਾਰਮ ਵਾਟਰ ਸੀਵਰ ਨਾ ਹੋਣ ਕਾਰਨ ਬਰਸਾਤੀ ਪਾਣੀ ਦੀ ਸਮੱਸਿਆ
8. 20 ਵਾਰਡ ਵਧਣ ਨਾਲ ਨਿਗਮ ਸਟਾਫ ਨੂੰ ਨਵੇਂ ਸਿਰੇ ਤੋਂ ਕੰਮ ਦੀ ਵੰਡ
ਮੇਅਰ ਅਹੁਦੇ 'ਚ ਕਈ ਚਿਹਰੇ ਸ਼ਾਮਲ
ਨਗਰ ਨਿਗਮ ਦੀ ਸੱਤਾ 'ਤੇ ਬਹੁਮਤ ਨਾਲ ਕਬਜ਼ਾ ਕਰਨ ਵਾਲੀ ਕਾਂਗਰਸ ਦੇ ਜਿੱਤੇ ਹੋਏ ਕੌਂਸਲਰ ਕੁੱਝ ਦਿਨਾਂ ਬਾਅਦ ਸ਼ਹਿਰ ਦੇ ਨਵੇਂ ਮੇਅਰ ਦੀ ਚੋਣ ਕਰਨਗੇ। ਨਤੀਜਾ ਆਉਣ ਤੋਂ ਬਾਅਦ ਸ਼ਹਿਰ 'ਚ ਚਰਚਾ ਸ਼ੁਰੂ ਹੋ ਗਈ ਹੈ ਕਿ ਅਗਲਾ ਮੇਅਰ ਕੌਣ ਹੋਵੇਗਾ?
ਫਿਲਹਾਲ ਕਾਂਗਰਸੀ ਸੂਤਰਾਂ ਨੇ ਇਸ ਮੁੱਦੇ 'ਤੇ ਚੁੱਪ ਧਾਰਨ ਕੀਤੀ ਹੋਈ ਹੈ ਪਰ ਮੇਅਰ ਅਹੁਦੇ ਦੀ ਦੌੜ 'ਚ ਜਗਦੀਸ਼ ਰਾਜਾ ਦਾ ਨਾਂ ਸਭ ਤੋਂ ਉਪਰ ਚੱਲ ਰਿਹਾ ਹੈ। ਰਾਜਾ ਦੇ ਇਲਾਵਾ ਕਾਂਗਰਸ ਦੇ ਹੋਰ ਕੌਂਸਲਰਾਂ ਦਾ ਨਾਂ ਵੀ ਮੇਅਰ ਅਹੁਦੇ ਲਈ ਲਿਆ ਜਾ ਰਿਹਾ ਹੈ। ਜਿਸ ਵਿਚ ਬਲਰਾਜ ਠਾਕੁਰ, ਸੁਰਿੰਦਰ ਕੌਰ ਅਤੇ ਡਾ. ਸੁਨੀਤਾ ਰਿੰਕੂ ਦਾ ਨਾਂ ਗਿਣਿਆ ਜਾ ਰਿਹਾ ਹੈ।
ਜ਼ਿਕਰੇਯੋਗ ਹੈ ਕਿ ਜਲੰਧਰ ਨਿਗਮ ਦੇ ਜ਼ਿਆਦਾਤਰ ਵਾਰਡ 4 ਕਾਂਗਰਸੀ ਵਿਧਾਇਕਾਂ ਪ੍ਰਗਟ ਸਿੰਘ, ਰਾਜਿੰਦਰ ਬੇਰੀ, ਬਾਵਾ ਹੈਨਰੀ ਅਤੇ ਸੁਸ਼ੀਲ ਰਿੰਕੂ ਦੇ ਇਲਾਕਿਆਂ 'ਚ ਆਉਂਦੇ ਹਨ। ਰਜਿੰਦਰ ਬੇਰੀ ਅਤੇ ਬਾਵਾ ਹੈਨਰੀ ਜਿੱਥੇ ਜਗਦੀਸ਼ ਰਾਜਾ ਦੇ ਸਮਰਥਨ 'ਚ ਸਾਹਮਣੇ ਆ ਸਕਦੇ ਹਨ, ਉਥੇ ਹੀ ਰਾਣਾ ਗੁਰਜੀਤ ਸਿੰਘ ਦੇ ਸਮਰਥਕ ਮੰਨੇ ਜਾਂਦੇ ਸੁਸ਼ੀਲ ਰਿੰਕੂ ਮੇਅਰ ਅਹੁਦੇ ਲਈ ਆਪਣੀ ਧਰਮ ਪਤਨੀ ਜਾਂ ਕਿਸੇ ਹੋਰ ਸਮਰਥਕ ਦਾ ਨਾਂ ਅੱਗੇ ਵਧਾ ਸਕਦੇ ਹਨ। ਵਿਧਾਇਕ ਪ੍ਰਗਟ ਸਿੰਘ ਵੱਲੋਂ ਵੀ ਮੇਅਰ ਅਹੁਦੇ ਲਈ ਕਿਸੇ ਹੋਰ ਦਾ ਨਾਂ ਅੱਗੇ ਕੀਤੇ ਜਾਣ ਦੀਆਂ ਸੰਭਾਵਨਾਵਾਂ ਬਣ ਸਕਦੀਆਂ ਹਨ ਪਰ ਹਾਲੇ ਤੱਕ ਕਾਂਗਰਸੀ ਵਿਧਾਇਕ ਪੱਤੇ ਨਹੀਂ ਖੋਲ੍ਹ ਰਹੇ। ਆਉਣ ਵਾਲੇ ਦਿਨਾਂ 'ਚ ਮੇਅਰ ਲਈ ਲਾਬਿੰਗ ਹੋਣੀ ਸ਼ੁਰੂ ਹੋ ਜਾਵੇਗੀ।
ਮੇਅਰ ਅਹੁਦੇ ਲਈ ਸਾਰੇ ਅਧਿਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪੇ ਜਾਣ ਦੀ ਸੰਭਾਵਨਾ ਹੈ ਅਤੇ ਉਮੀਦ ਹੈ ਕਿ ਮੁੱਖ ਮੰਤਰੀ ਦੀ ਇੱਛਾ ਨਾਲ ਹੀ ਜਲੰਧਰ ਦੇ ਨਵੇਂ ਮੇਅਰ ਦਾ ਨਾਂ ਐਲਾਨ ਹੋਵੇਗਾ।