ਭਾਈ ਹਵਾਰਾ ਨੇ ਕੀਤਾ ਪੰਜ ਮੈਂਬਰੀ ਕਮੇਟੀ ਦਾ ਗਠਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਈ ਜਗਤਾਰ ਸਿੰਘ ਹਵਾਰਾ ਨੇ ਤਿਹਾੜ ਜੇਲ ਤੋਂ ਇਕ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਸੀ.......

Jagtar Singh Hawara

ਤਰਨ ਤਾਰਨ, ਅੰਮ੍ਰਿਤਸਰ  : ਭਾਈ ਜਗਤਾਰ ਸਿੰਘ ਹਵਾਰਾ ਨੇ ਤਿਹਾੜ ਜੇਲ ਤੋਂ ਇਕ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਸੀ ਜਿਸ ਦੇ ਕੁੱਝ ਘੰਟੇ ਬਾਅਦ ਹੀ ਕਮੇਟੀ ਦੇ ਮੈਂਬਰ ਭਾਈ ਨਰੈਣ ਸਿੰਘ ਚੌੜਾ ਨੇ 'ਅਜਿਹੀ ਕਿਸੇ ਵੀ ਕਮੇਟੀ ਦਾ ਮੈਂਬਰ ਹਾਂ, ਇਹ ਮੇਰੀ ਜਾਣਕਾਰੀ ਵਿਚ ਨਹੀ' ਕਹਿ ਕੇ ਪੱਲਾ ਝਾੜ ਲਿਆ। ਉਨ੍ਹਾਂ ਕਿਹਾ ਕਿ ਮੇਰੇ ਨਾਲ ਨਾ ਤਾਂ ਕਿਸੇ ਨੇ ਸੰਪਰਕ ਕੀਤਾ ਹੈ ਤੇ ਨਾ ਹੀ ਮੈਨੂੰ ਅਜਿਹੀ ਕੋਈ ਜਾਣਕਾਰੀ ਹੈ। ਜਦਕਿ ਕਮੇਟੀ ਦੇ ਇਕ ਹੋਰ ਮੈਂਬਰ ਪ੍ਰੋਫ਼ੈਸਰ ਬਲਜਿੰਦਰ ਸਿੰਘ ਨੇ ਸਪੋਕਸਮੈਨ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਜਲਦ ਹੀ ਕਮੇਟੀ ਮੈਂਬਰਾਂ ਦੀ ਮੀਟਿੰਗ ਬੁਲਾ ਕੇ ਅਗਲੇਰੀ ਰੂਪ ਰੇਖਾ ਤਹਿ ਕਰਨਗੇ। 

ਜਾਣਕਾਰੀ ਮੁਤਾਬਕ ਦਿੱਲੀ ਦੀ ਤਿਹਾੜ ਜੇਲ ਵਿਚ ਨਜ਼ਰਬੰਦ ਭਾਈ ਜਗਤਾਰ ਸਿੰਘ ਹਵਾਰਾ ਦਾ ਇਕ ਪੱਤਰ ਸੋਸ਼ਲ ਸਾਈਟਾਂ 'ਤੇ ਚਰਚਿਤ ਹੋਇਆ ਜਿਸ ਵਿਚ ਉਨ੍ਹਾਂ ਇਕ ਪੰਜ ਮੈਂਬਰੀ ਕਮੇਟੀ ਦੇ ਗਠਨ ਕੀਤੇ ਜਾਣ ਦਾ ਐਲਾਨ ਕੀਤਾ। ਇਸ ਕਮੇਟੀ ਵਿਚ ਪ੍ਰਸਿੱਧ ਕਾਨੂੰਨਦਾਨ ਐਡਵੋਕੇਟ ਅਮਰ ਸਿੰਘ ਚਾਹਲ, ਪ੍ਰੋਫ਼ੈਸਰ ਬਲਜਿੰਦਰ ਸਿੰਘ, ਭਾਈ ਨਰੈਣ ਸਿੰਘ ਚੌੜਾ, ਮਾਸਟਰ ਸੰਤੋਖ ਸਿੰਘ ਤੋਂ ਇਲਾਵਾ ਇਕ ਪੰਜਾਬੀ ਅਖ਼ਬਾਰ ਦੇ ਸੰਪਾਦਕ ਨੂੰ ਸ਼ਾਮਲ ਕੀਤਾ ਗਿਆ ਹੈ। ਅਪਣੇ ਪੱਤਰ ਵਿਚ ਭਾਈ ਹਵਾਰਾ ਨੇ ਲਿਖਿਆ ਹੈ ਕਿ ਬਰਗਾੜੀ ਮੋਰਚੇ ਦੀ ਸਮਾਪਤੀ ਤੋਂ ਬਾਅਦ ਸੰਗਤਾਂ ਵਿਚ ਨਿਰਾਸ਼ਾ ਤੇ 'ਜਥੇਦਾਰਾਂ' ਵਿਚ ਵਿਵਾਦ ਹੈ।

ਇਸ ਸਥਿਤੀ ਵਿਚ ਦਾਸ ਸਰੱਬਤ ਖ਼ਾਲਸਾ ਵਲੋਂ ਸੌਂਪੀ ਜ਼ਿੰਮੇਵਾਰੀ ਨੂੰ ਮਹਿਸੂਸ ਕਰਦਿਆਂ ਪੰਥਕ ਰਵਾਇਤਾਂ ਤੋਂ ਸੇਧ ਲੈਂਦਿਆਂ ਮੁਢਲੇ ਕਦਮ ਵਜੋਂ ਮੈਂ ਆਰਜ਼ੀ ਪੰਜ ਮੈਂਬਰੀ ਕਮੇਟੀ ਦੇ ਗਠਨ ਦਾ ਕਰ ਰਿਹਾ ਹਾਂ। ਇਹ ਕਮੇਟੀ ਭਵਿੱਖ ਦੀ ਰਣਨੀਤੀ ਉਲੀਕਣ ਲਈ ਛੇਤੀ ਹੀ ਪੰਥਕ ਨੁਮਾਇੰਦਿਆਂ ਦਾ ਇੱਕਠ ਬੁਲਾਏਗੀ। ਇਹ ਆਰਜ਼ੀ ਕਮੇਟੀ ਦੀ ਗ਼ੈਰ ਹਾਜ਼ਰੀ ਵਿਚ ਪੰਥਕ ਨੁਮਇੰਦਿਆਂ ਦੀ ਇੱਕਤਰਤਾ ਵਿਚ ਵਿਚਾਰ ਮੰਥਨ ਕਰਨ ਉਪਰੰਤ ਸੰਘਰਸ਼ ਦੀ ਰੂਪਰੇਖਾ ਉਲੀਕੇਗੀ।