ਨਵਜੋਤ ਸਿੱਧੂ ਨੂੰ ਮਿਲ ਸਕਦਾ ਹੈ ਸੀ.ਏ.ਪੀ.ਐੱਫ਼. ਦਾ ਸੁਰੱਖਿਆ ਘੇਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੁਣ ਪੰਜਾਬ ਸਰਕਾਰ ਨੇ ਸੂਬੇ ਦੇ ਕੈਬਨਿਟ ਮੰਤਰੀ ਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਦੀ ਜਾਨ ਨੂੰ ਖ਼ਤਰਾ ਦਸ ਕੇਂਦਰ ਤੋਂ ਉਨ੍ਹਾਂ ਨੂੰ ਸੁਰੱਖਿਆ ਵਧਾਉਣ..

ਨਵਜੋਤ ਸਿੰਘ ਸਿੱਧੂ

ਚੰਡੀਗੜ੍ਹ : ਹੁਣ ਪੰਜਾਬ ਸਰਕਾਰ ਨੇ ਸੂਬੇ ਦੇ ਕੈਬਨਿਟ ਮੰਤਰੀ ਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਦੀ ਜਾਨ ਨੂੰ ਖ਼ਤਰਾ ਦਸ ਕੇਂਦਰ ਤੋਂ ਉਨ੍ਹਾਂ ਨੂੰ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ। ਪੰਜਾਬ ਦੇ ਗ੍ਰਹਿ ਸਕੱਤਰ ਐੱਨਐੱਸ ਕਲਸੀ ਨੇ ਕੇਂਦਰੀ ਗ੍ਰਹਿ ਸਕੱਤਰ ਰਾਜੀਵ ਗੌਬਾ ਨੂੰ ਬੀਤੀ 3 ਜਨਵਰੀ ਨੂੰ ਇਹ ਵੀ ਲਿਖਿਆ ਹੈ ਕਿ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਸੀ.ਏ.ਪੀ.ਐੱਫ਼ ਦਾ ਸੁਰੱਖਿਆ ਘੇਰਾ ਪ੍ਰਦਾਨ ਕੀਤਾ ਜਾਣਾ ਚਾਹੀਦਾ ਹੈ ਤੇ ਜੇ ਅਜਿਹਾ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ਼) ਰਾਹੀਂ ਕੀਤਾ ਜਾਵੇ, ਤਾਂ ਬਹੁਤ ਵਧੀਆ ਹੈ।

ਕਲਸੀ ਵੱਲੋਂ ਕੇਂਦਰ ਨੂੰ ਲਿਖੀ ਚਿੱਠੀ ‘ਚ ਲਿਖਿਆ ਗਿਆ ਹੈ, ‘ਨਵਜੋਤ ਸਿੰਘ ਸਿੱਧੂ ਹੁਰੀਂ ਜਦੋਂ ਇਮਰਾਨ ਖ਼ਾਨ ਦੇ ਸਹੁੰ-ਚੁਕਾਈ ਸਮਾਰੋਹ ‘ਚ ਸ਼ਾਮਲ ਹੋਣ ਲਈ ਪਾਕਿਸਤਾਨ ਗਏ ਸਨ, ਤਦ ਤੋਂ ਹੀ ਉਨ੍ਹਾਂ ਦੀ ਸੁਰੱਖਿਆ ਲਈ ਖ਼ਤਰਾ ਵਧ ਗਿਆ ਸੀ ਕਿਉਂਕਿ ਉੱਥੇ ਉਨ੍ਹਾਂ ਪਾਕਿਸਤਾਨੀ ਫ਼ੌਜ ਦੇ ਮੁਖੀ ਨੂੰ ਜੱਫੀ ਪਾ ਲਈ ਸੀ। ਫਿਰ ਜੁਲਾਈ 2018 ‘ਚ ਉਹ ਡੇਰਾ ਸੱਚਾ ਸੌਦਾ ਦੇ ਮੁਖੀ ਵਿਰੁੱਧ ਬੋਲੇ ਸਨ, ਇਸ ਲਈ ਉਸ ਡੇਰੇ ਦੇ ਸ਼ਰਧਾਲੂਆਂ ਤੋਂ ਵੀ ਉਨ੍ਹਾਂ ਨੂੰ ਹੁਣ ਖ਼ਤਰਾ ਹੈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਖਿਲਾਫ਼ ਟਿੱਪਣੀ ਕਰਨ ‘ਤੇ ਵੀ ਆਗਰਾ ਦੇ ਇੱਕ ਕੱਟੜ-ਪੰਥੀ ਸੰਗਠਨ ‘ਹਿੰਦੂ ਯੁਵਾ ਵਾਹਿਨੀ ਨੇ ਸਿੱਧੂ ਦੇ ਸਿਰ ‘ਤੇ ਇੱਕ ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ।

ਜ਼ਿਕਰ ਏ ਖਾਸ ਹੈ ਕਿ ਇਸੇ ਹਫ਼ਤੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੀਆਂ ਖ਼ੁਦ ਦੀਆਂ ਕਾਰਾਂ ‘ਚੋਂ ਇੱਕ ਬੁਲੇਟ-ਪਰੁਫ਼ ਟੋਯੋਟਾ ਲੈਂਡ ਕਰੂਜ਼ਰ ਗੱਡੀ ਨਵਜੋਤ ਸਿੰਘ ਸਿੱਧੂ ਨੂੰ ਭੇਜੀ ਹੈ। ਦਰਅਸਲ, ਇਹ ਗੱਡੀ ਪੰਜਾਬ ਦੇ ਗ੍ਰਹਿ ਵਿਭਾਗ ਨੇ ਭੇਜੀ ਹੈ ਤੇ ਇਹ ਵਿਭਾਗ ਖ਼ੁਦ ਮੁੱਖ ਮੰਤਰੀ ਕੋਲ ਹੈ। ਸਿੱਧੂ ਦਾ ਸੁਰੱਖਿਆ ਘੇਰਾ ਵੀ ਵਧਾ ਕੇ ‘ਜ਼ੈੱਡ-ਪਲੱਸ ਕਰ ਦਿੱਤਾ ਗਿਆ ਹੈ।