ਸ਼ਡਿਊਲ ਕਾਸਟ ਅਲਾਇੰਸ ਦੀ ਭੁੱਖ ਹੜਤਾਲ 21ਵੇਂ ਦਿਨ 'ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਪਿਛਲੇ 12 ਸਾਲਾਂ ਤੋਂ ਅਨੁਸੂਚਿਤ ਜਾਤੀ ਦੇ ਲੋਕਾਂ ਦੀ ਭਲਾਈ ਵਾਸਤੇ ਸੰਘਰਸ਼ ਕਰ ਰਹੇ ਅਤੇ ਪੀੜਤ ਪ੍ਰਵਾਰਾਂ ਵਾਸਤੇ ਸਰਕਾਰ.........

Scheduled Caste Alliance Hunger Strike

ਚੰਡੀਗੜ੍ਹ : ਪੰਜਾਬ ਵਿਚ ਪਿਛਲੇ 12 ਸਾਲਾਂ ਤੋਂ ਅਨੁਸੂਚਿਤ ਜਾਤੀ ਦੇ ਲੋਕਾਂ ਦੀ ਭਲਾਈ ਵਾਸਤੇ ਸੰਘਰਸ਼ ਕਰ ਰਹੇ ਅਤੇ ਪੀੜਤ ਪ੍ਰਵਾਰਾਂ ਵਾਸਤੇ ਸਰਕਾਰ ਦੀ ਅਫ਼ਸਰਸ਼ਾਹੀ ਅਤੇ ਪੁਲਿਸ ਤੰਤਰ ਨਾਲ ਆਢਾ ਲੈ ਰਹੇ ਨੈਸ਼ਨਲ ਸ਼ੈਡਿਊਲਡ ਕਾਸਟ ਅਲਾਇੰਸ ਨੇ ਪਿਛਲੇ 3 ਹਫ਼ਤੇ ਤੋਂ ਭੁੱਖ ਹੜਤਾਲ 'ਤੇ ਧਰਨਾ ਲਾਉਣ ਦਾ ਸ਼ਾਂਤਮਈ ਰਾਹ ਅਖ਼ਤਿਆਰ ਕੀਤਾ ਹੋਇਆ ਹੈ। ਰਾਜਧਾਨੀ ਚੰਡੀਗੜ੍ਹ ਦੇ ਸੈਕਟਰ 25 ਦੀ ਰੈਲੀ ਗਰਾਊਂਡ ਵਿਚ ਲਗਾਤਾਰ ਕੜਾਕੇ ਦੀ ਸਰਦੀ ਵਿਚ ਇਹ ਕਾਰਕੁੰਨ ਅਨੁਸੂਚਿਤ ਜਾਤੀ ਪੀੜਤਾਂ ਦੀ ਪੁਕਾਰ ਕਰਨ ਅਤੇ ਸਰਕਾਰ ਕੋਲੋਂ ਉਨ੍ਹਾਂ ਦੇ ਦੁੱਖ, ਸੰਤਾਪ ਤੇ ਮੁਸ਼ਕਲਾਂ ਦਾ ਹੱਲ ਲੱਭਣ ਵਾਸਤੇ ਹਠ ਧਰਮੀ ਨਾਲ ਬੈਠੇ ਹਨ।

ਅੱਜ ਕੁੱਝ ਦੇਰ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਲੋਕ ਸਭਾ ਸੀਟ ਤੋਂ ਮੈਂਬਰ ਡਾ. ਧਰਮਬੀਰ ਗਾਂਧੀ ਨੇ ਧਰਨਾਕਾਰੀਆਂ ਨਾਲ ਬੈਠ ਕੇ ਹਮਦਰਦੀ ਪ੍ਰਗਟਾਈ, ਪੀੜਤ ਅਨੁਸੂਚਿਤ ਜਾਤੀ ਪ੍ਰਵਾਰਾਂ ਦੇ ਦੁੱਖ ਵਿਚ ਸ਼ਰੀਕ ਹੋਏ ਅਤੇ ਪੰਜਾਬ ਸਰਕਾਰ ਕੋਲ ਵੀ ਆਵਾਜ਼ ਉਠਾਉਣ ਦਾ ਭਰੋਸਾ ਦਿਤਾ। ਸ਼ਡਿਊਲਡ ਕਾਸਟ ਅਲਾਇੰਸ ਦੇ ਪ੍ਰਧਾਨ ਸ. ਪਰਮਜੀਤ ਸਿੰਘ ਕੈਂਥ ਜੋ ਪਿਛਲੇ 20 ਦਿਨਾਂ ਤੋਂ ਖ਼ੁਦ ਵੀ ਲਗਾਤਾਰ ਧਰਨੇ 'ਤੇ ਭੁੱਖ ਹੜਤਾਲ 'ਤੇ ਬੈਠੇ ਹਨ, ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਪਿੰਡ ਅਤਾਲਾ ਤੇ ਸ਼ੇਰਗੜ੍ਹ ਤੋਂ ਕਈ ਅਨੁਸੂਚਿਤ ਜਾਤੀ ਦੇ ਪ੍ਰਵਾਰ,

ਪੁਲਿਸ ਤੇ ਅਫ਼ਸਰਸ਼ਾਹੀ ਦੇ ਤਸ਼ੱਦਦ ਕਾਰਨ ਉਥੋਂ ਉਜੜ ਕੇ ਚਲੇ ਗਏ ਹਨ। ਕੈਂਥ ਦਾ ਕਹਿਣਾ ਹੈ ਕਿ 35 ਫ਼ੀ ਸਦੀ ਅਨੁਸੂਚਿਤ ਜਾਤੀ ਅਬਾਦੀ ਵਾਲੇ ਇਸ ਸਰਹੱਦੀ ਸੂਬੇ ਪੰਜਾਬ ਵਿਚ 4 ਐਮ.ਪੀ., 34 ਵਿਧਾਇਕਾਂ ਦੇ ਹੁੰਦਿਆਂ ਹੋਇਆਂ ਗ਼ਰੀਬ ਪਰਵਾਰਾਂ ਨੂੰ ਧੱਕੇਸ਼ਾਹੀ, ਸਰਕਾਰੀ ਬੇਇਨਸਾਫ਼ੀ ਤੇ ਪੁਲਿਸ ਦੀ ਗੁੰਡਾਗਰਦੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਅਤਾਲਾ ਤੇ ਸ਼ੇਰਗੜ੍ਹ ਦੋਵੇਂ ਪਿੰਡ ਪਾਤੜਾਂ ਸਬ ਡਵੀਜ਼ਨ ਅਤੇ ਜ਼ਿਲ੍ਹਾ ਪਟਿਆਲਾ ਵਿਚ ਪੈਂਦੇ ਹਨ ਜਿਥੋਂ ਕਾਂਗਰਸੀ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਵਿਰੋਧੀ ਧਿਰ ਜੱਟ ਜਿੰਮੀਦਾਰ ਗਰੁਪ ਦਾ ਸਾਥ ਦੇ ਰਹੇ ਹਨ।

ਇਨ੍ਹਾਂ ਪਿੰਡਾਂ ਵਿਚ ਇਨ੍ਹਾਂ ਅਨੁਸੂਚਿਤ ਜਾਤੀ ਪ੍ਰਵਾਰਾਂ ਦੇ ਗੁਜ਼ਾਰੇ ਵਾਸਤੇ ਲਾਲ ਲਕੀਰ ਅੰਦਰ ਕੁੱਝ ਜ਼ਮੀਨ ਹੈ ਜਿਸ 'ਤੇ ਉਹ ਖੇਤੀ ਕਰ ਕੇ ਨਿਰਵਾਹ ਕਰਦੇ ਹਨ ਅਤੇ ਉਥੋਂ ਉਨ੍ਹਾਂ ਨੂੰ ਉਜਾੜਿਆ ਜਾ ਰਿਹਾ ਹੈ।  ਕੈਂਥ ਦਾ ਕਹਿਣਾ ਹੈ ਕਿ ਇਨ੍ਹਾਂ ਪੀੜਤ ਪ੍ਰਵਾਰਾਂ ਵਿਰੁਧ ਕੇਸ ਵੀ ਪੁਲਿਸ ਨੇ ਕੀਤੇ ਹਨ ਅਤੇ ਪੁਲਿਸ ਅਮੀਰ ਜੱਟ ਜਿੰਮੀਦਾਰਾਂ ਦਾ ਸਾਥ ਦੇ ਰਹੀ ਹੈ। ਡਾ. ਗਾਂਧੀ ਨੇ ਕਿਹਾ ਕਿ ਕੈਪਟਨ ਸਰਕਾਰ ਵਿਚ ਸਰਮਾਏਦਾਰੀ ਅਤੇ ਭ੍ਰਿਸ਼ਟਾਚਾਰੀਆਂ ਦਾ ਬੋਲਬਾਲਾ ਹੈ,

ਗ਼ਰੀਬ ਦੀ ਕੋਈ ਸੁਣਵਾਈ ਨਹੀਂ ਹੈ। ਲਗਾਤਾਰ ਦਿਨ ਰਾਤ ਭੁੱਖ ਹੜਤਾਲ ਤੇ ਧਰਨੇ 'ਤੇ ਬੈਠੇ ਪੀੜਤ ਪ੍ਰਵਾਰਾਂ ਵਿਚ ਸ. ਪਰਮਜੀਤ ਕੈਂਥ ਤੋਂ ਇਲਾਵਾ ਗੁਰਸੇਵਕ ਸਿੰਘ ਮੈਣਮਾਜਰੀ, ਅਮਰ ਸਿੰਘ ਤਲਾਣੀਆਂ, ਹਰਮੀਤ ਬਰਾੜ, ਪਲਵਿੰਦਰ ਕੌਰ ਹਰਿਆਉ, ਅਵਤਾਰ ਸਿੰਘ, ਕਾਲਾ ਸਿੰਘ, ਜਗਸੀਰ ਸਿੰਘ, ਸੂਬਾ ਰਾਮ, ਊਮਾ ਰਾਮ, ਗੁਰਤੇਜ ਸਿੰਘ, ਬਲਿਹਾਰ ਸਿੰਘ, ਅੰਗਰੇਜ਼ ਸਿੰਘ, ਮੂਰਤੀ ਦੇਵੀ, ਕਮਲਾ ਰਾਣੀ, ਰੌਸ਼ਨੀ ਰਾਣੀ ਤੇ ਹੋਰ ਸ਼ਾਮਲ ਹਨ।