8 ਦੀ ਗੱਲਬਾਤ ਫ਼ੇਲ ਹੋਣ ਮਗਰੋਂ ਕਿਸਾਨਾਂ ਅੰਦਰ ਗੁੱਸਾ ਤੇ ਤਲਖ਼ੀ ਵਧੀ

ਏਜੰਸੀ

ਖ਼ਬਰਾਂ, ਪੰਜਾਬ

8 ਦੀ ਗੱਲਬਾਤ ਫ਼ੇਲ ਹੋਣ ਮਗਰੋਂ ਕਿਸਾਨਾਂ ਅੰਦਰ ਗੁੱਸਾ ਤੇ ਤਲਖ਼ੀ ਵਧੀ

image


ਚੰਡੀਗੜ੍ਹ, 9 ਜਨਵਰੀ (ਗੁਰਉਪਦੇਸ਼ ਭੁੱਲਰ): ਇਕ ਪਾਸੇ ਦਿੱਲੀ ਦੀਆਂ ਹੱਦਾਂ 'ਤੇ ਲੱਗਾ ਕਿਸਾਨ ਮੋਰਚਾ ਭਾਰੀ ਮੀਂਹ ਤੇ ਠੰਢ ਦੇ ਬਾਵਜੂਦ ਜਿਥੇ ਸਿਖਰਾਂ ਵਲ ਵੱਧ ਚੁਕਾ ਹੈ ਉਥੇ ਦੂਜੇ ਪਾਸੇ ਕੇਂਦਰ ਸਰਕਾਰ ਵਲੋਂ 8ਵੇਂ ਗੇੜ ਦੀ ਮੀਟਿੰਗ ਵਿਚ ਤਿੰਨ ਖੇਤੀ ਕਾਨੂੰਨ ਰੱਦ ਕਰਨ ਤੋਂ ਸਾਫ਼ ਨਾਂਹ ਕਰ ਦੇਣ ਤੋਂ ਬਾਅਦ ਦੀਆ ਸਥਿਤੀਆਂ ਨੂੰ ਦੇਖ ਕੇ ਲਗਦਾ ਹੈ ਕਿ ਹੁਣ ਆਉਣ ਵਾਲੇ ਦਿਨਾਂ ਵਿਚ ਬਹੁਤ ਕੁੱਝ ਵੱਡਾ ਵਾਪਰਨ ਵਾਲਾ ਹੈ | ਇਸ ਪ੍ਰਸੰਗ ਵਿਚ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਪ੍ਰਮੁੱਖ ਆਗੂ ਬਲਬੀਰ ਸਿੰਘ ਰਾਜੇਵਾਲ ਦਾ 8ਵੇਂ ਗੇੜ ਦੀ ਮੀਟਿੰਗ ਬਾਅਦ ਕਿਸਾਨ ਮੋਰਚੇ ਦੇ ਮੰਚ 'ਤੇ ਆ ਕੇ ਦਿਤਾ ਭਾਸ਼ਨ ਵੀ ਵੱਡੇ ਸੰਕੇਤ ਦੇ ਰਿਹਾ ਹੈ | ਖ਼ਾਸ ਤੌਰ ਤੇ ਨੋਟ ਕੀਤਾ ਗਿਆ ਹੈ ਕਿਸਾਨਾਂ ਅੰਦਰ 'ਤਰੀਕ ਤੇ ਤਰੀਕ' ਦੇਣ ਵਾਲਿਆਂ ਅਤੇ ਅਸਲ ਮੰਗ ਨੂੰ ਟਰਕਾਈ ਜਾਣ ਵਾਲਿਆਂ ਵਿਰੁਧ ਗੁੱਸਾ ਚਰਮ ਸੀਮਾ ਤੇ ਪੁਜ ਗਿਆ ਹੈ ਜੋ ਉਨ੍ਹਾਂ ਦੀ ਜ਼ੁਬਾਨ ਤੇ ਵੀ ਆਉਣਾ ਸ਼ੁਰੂ ਹੋ ਗਿਆ ਹੈ | ਅੱਜ ਬਲਬੀਰ ਸਿੰਘ ਰਾਜੇਵਾਲ ਨੇ ਮੋਦੀ ਸਰਕਾਰ ਦੇ ਨਾਲ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਅਤੇ ਸੁਖਬੀਰ ਬਾਦਲ, ਹਰਸਿਮਰਤ ਕੌਰ ਬਾਦਲ ਪ੍ਰਤੀ ਵੀ ਤਿੱਖੀ ਸ਼ਬਦਾਵਲੀ ਵਰਤੀ ਤੇ ਸਾਰੇ ਹੀ ਸਿਆਸਤਦਾਨਾਂ ਨੂੰ ਜ਼ੋਰ ਨਾਲ ਕਿਹਾ ਕਿ ਉਹ ਕਿਸਾਨ ਅੰਦੋਲਨ ਨੂੰ ਕਿਸਾਨਾਂ ਦਾ ਅੰਦੋਲਨ ਹੀ ਰਹਿਣ ਦੇਣ ਤੇ ਉਨ੍ਹਾਂ ਤੋਂ ਦੂਰ ਰਹਿਣ, ਅਪਣੀਆਂ ਰੋਟੀਆਂ ਸੇਕਣ ਦੀ ਕੋਸ਼ਿਸ਼ ਨਾ ਕਰਨ |
ਰਾਜੇਵਾਲ ਨੇ ਬੜੇ ਹੀ ਸਪੱਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ 26 ਜਨਵਰੀ ਦਾ ਪ੍ਰੋਗਰਾਮ ਅਜਿਹਾ ਬੇਮਿਸਾਲ ਹੋਵੇਗਾ ਕਿ ਮੋਦੀ ਨੂੰ ਕਿਤੇ ਮੂੰਹ ਦਿਖਾਉਣ ਜੋਗਾ ਨਹੀਂ ਛੱਡਾਂਗੇ | 26 ਜਨਵਰੀ ਨੂੰ ਦਿੱਲੀ ਵਲ ਕੂਚ ਕਰ ਕੇ ਲੱਖਾਂ ਟਰੈਕਟਰਾਂ ਨਾਲ ਕਿਸਾਨ ਪਰੇਡ ਦੇ ਕੀਤੇ ਜਾ ਚੁੱਕੇ ਐਲਾਨ ਬਾਰੇ ਉਨ੍ਹਾਂ ਕਿਹਾ ਕਿ ਇਹ ਐਕਸ਼ਨ ਪ੍ਰੋਗਰਾਮ ਇਕ ਨਵਾਂ ਇਤਿਹਾਸ ਸਿਰਜੇਗਾ | ਉਨ੍ਹਾਂ ਸੱਦਾ ਦਿਤਾ ਕਿ ਦਿੱਲੀ ਦੇ 300 ਤੋਂ 400 ਕਿਲੋਮੀਟਰ ਦੇ ਘੇਰੇ ਵਾਲੇ ਰਾਜਾਂ ਦੇ ਕਿਸਾਨ ਅਪਣਾ ਹਰ ਸਾਧਨ ਭਾਵੇਂ ਟਰੈਕਟਰ ਹੋਵੇ, ਕਾਰ ਹੋਵੇ ਜਾਂ ਕੈਬ, ਲੈ ਕੇ ਦਿੱਲੀ ਹੱਦਾਂ 'ਤੇ ਪੁੱਜਣ ਅਤੇ ਬਾਕੀ ਦੂਰ ਦੂਰਾਡੇ ਰਾਜਾਂ ਵਾਲੇ ਕਿਸਾਨ ਆਪੋ ਅਪਣੇ ਰਾਜਾਂ ਵਿਚ ਹੀ ਰਾਜ ਭਵਨਾਂ ਵਲ ਮਾਰਚ ਕਰ ਕੇ ਗਵਰਨਰਾਂ ਦਾ ਜੀਣਾ ਹਰਾਮ ਕਰ ਦੇਣ | ਉਨ੍ਹਾਂ ਕਿਹਾ ਕਿ ਮੋਦੀ ਨੂੰ ਪਤਾ ਲੱਗ ਜਾਵੇ ਕਿ ਇਸ ਅੰਦੋਲਨ ਦੀ ਅੱਗ ਹੁਣ ਪੂਰੇ ਦੇਸ਼ ਵਿਚ ਵੀ ਫੈਲ ਚੁੱਕੀ ਹੈ | 
ਇਸ ਦਾ ਸੇਕ 26 ਨੂੰ ਮੋਦੀ ਦੇ ਘਰ ਤਕ ਪਹੰੁਚਣਾ ਚਾਹੀਦਾ ਹੈ |
ਰਾਜੇਵਾਲ ਨੇ 26 ਜਨਵਰੀ ਦੇ ਪ੍ਰੋਗਰਾਮ ਲਈ ਮੋਰਚੇ ਵਿਚ ਸ਼ਾਮਲ ਬੀਬੀਆਂ ਨੂੰ ਵੀ ਸੰਕਲਪ ਲੈਣ ਅਤੇ ਮਾਈ ਭਾਗੋ ਦੀ ਭੂਮਿਕਾ ਨਿਭਾਉਣ ਲਈ ਤਿਆਰੀ ਕਰਨ ਦਾ ਸੱਦਾ ਵੀ ਦਿਤਾ | ਉਨ੍ਹਾਂ ਕਿਹਾ ਕਿ 26 ਦੇ ਪ੍ਰੋਗਰਾਮ ਲਈ ਰਿਸ਼ਟ ਪੁਸ਼ਟ ਨੌਜਵਾਨਾਂ ਦੀਆਂ ਟੀਮਾਂ ਵੀ ਤਿਆਰ ਹੋਣ ਅਤੇ ਅਜਿਹੇ ਨੌਜਵਾਨ ਹੋਣ ਜੋ ਜੋਸ਼ ਨਾਲ ਹੋਸ਼ ਵਾਲੇ ਵੀ ਹੋਣ | 26 ਦੇ ਪ੍ਰੋਗਰਾਮ ਦੀ ਸਫ਼ਲਤਾ ਦੀ ਜ਼ਿੰਮੇਵਾਰੀ ਨੌਜਵਾਨਾਂ 'ਤੇ ਹੀ ਹੋਵੇਗੀ ਅਤੇ ਕਿਸਾਨ ਆਗੂ ਵੀ ਸ਼ਾਂਤਮਈ ਰਹਿ ਕੇ ਅੱਗੇ ਹੋ ਕੇ ਕੁਰਬਾਨੀ ਦੇਣਗੇ |