ਕੰਮਕਾਜੀ ਔਰਤਾਂ ਲਈ 7 ਹੋਸਟਲ ਦੀ ਉਸਾਰੀ ਕਰੇਗੀ ਪੰਜਾਬ ਸਰਕਾਰ: ਅਰੁਣਾ ਚੌਧਰੀ

ਏਜੰਸੀ

ਖ਼ਬਰਾਂ, ਪੰਜਾਬ

ਕੰਮਕਾਜੀ ਔਰਤਾਂ ਲਈ 7 ਹੋਸਟਲ ਦੀ ਉਸਾਰੀ ਕਰੇਗੀ ਪੰਜਾਬ ਸਰਕਾਰ: ਅਰੁਣਾ ਚੌਧਰੀ

image

ਚੰਡੀਗੜ੍ਹ, 9 ਜਨਵਰੀ (ਸੱਤੀ): ਕੰਮਕਾਜੀ ਔਰਤਾਂ ਨੂੰ ਸੁਰੱਖਿਅਤ ਅਤੇ ਸੁਵਿਧਾਜਨਕ ਰਿਹਾਇਸ਼ ਪ੍ਰਦਾਨ ਕਰਨ ਲਈ ਸਮਾਜਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵਲੋਂ ਕੰਮਕਾਜੀ ਔਰਤਾਂ ਲਈ 50 ਕਰੋੜ ਰੁਪਏ ਦੀ ਲਾਗਤ ਨਾਲ ਸੱਤ ਨਵੇਂ ਹੋਸਟਲਾਂ ਦੀ ਉਸਾਰੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ, ਜਿਸ ਵਿਚ ਉਨ੍ਹਾਂ ਦੇ ਬੱਚਿਆਂ ਲਈ ਦਿਨ ਭਰ ਸਾਂਭ-ਸੰਭਾਲ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ।  ਔਰਤਾਂ ਲਈ ਸਰਕਾਰੀ ਨੌਕਰੀਆਂ ਵਿਚ 33 ਫ਼ੀ ਸਦੀ ਰਾਖਵੇਂਕਰਨ ਤੋਂ ਬਾਅਦ ਇਸ ਫ਼ੈਸਲੇ ਨੂੰ ਮਹਿਲਾ ਸ਼ਕਤੀਕਰਨ ਵਲ ਵਿਭਾਗ ਦੀ ਦੂਜੀ ਵੱਡੀ ਪਹਿਲਕਦਮੀ ਦਸਦਿਆਂ ਸਮਾਜਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ ਦਸਿਆ ਕਿ ਇਹ ਵਿਸ਼ੇਸ਼ ਹੋਸਟਲ ਪਹਿਲੇ ਪੜਾਅ ਦੌਰਾਨ ਜਲੰਧਰ, ਪਟਿਆਲਾ, ਮੁਹਾਲੀ, ਮਾਨਸਾ, ਬਰਨਾਲਾ, ਲੁਧਿਆਣਾ ਅਤੇ ਅੰਮਿ੍ਰਤਸਰ ਵਿਖੇ ਬਣਾਏ ਜਾਣਗੇ ਅਤੇ ਇਨ੍ਹਾਂ ਹੋਸਟਲ ਵਿਚ ਰਿਹਾਇਸ਼ ਅਪਣੇ ਘਰਾਂ ਤੋਂ ਦੂਰ ਕੰਮ ਕਰਨ ਵਾਲੀਆਂ ਔਰਤਾਂ ਨੂੰ ਦਿਤੀ ਜਾਵੇਗੀ।  ਉਨ੍ਹਾਂ ਕਿਹਾ ਕਿ ਬਾਕੀ ਜ਼ਿਲ੍ਹੇ ਅਗਲੇ ਪੜਾਅ ਵਿਚ ਕਵਰ ਕੀਤੇ ਜਾਣਗੇ। ਮੁਹਾਲੀ ਦੇ ਹੋਸਟਲ ਲਈ ਜ਼ਮੀਨ ਅਲਾਟ ਕਰ ਦਿਤੀ ਗਈ ਹੈ, ਜਦਕਿ ਜਲੰਧਰ ਦੇ ਹੋਸਟਲ ਲਈ ਫ਼ੰਡ ਜਾਰੀ ਕਰ ਦਿਤੇ ਗਏ ਹਨ ਅਤੇ ਮਾਨਸਾ ਤੇ ਅੰਮਿ੍ਰਤਸਰ ਦੇ ਹੋਸਟਲਾਂ ਸਬੰਧੀ ਪ੍ਰਸਤਾਵ ਪ੍ਰਾਪਤ ਹੋ ਗਏ ਹਨ, ਜਿਨ੍ਹਾਂ ਉਤੇ ਕਾਰਵਾਈ ਚੱਲ ਰਹੀ ਹੈ। ਇਸੇ ਤਰ੍ਹਾਂ ਬਾਕੀ ਹੋਸਟਲਾਂ ਲਈ ਗ੍ਰਾਂਟਾਂ ਅਗਲੇ ਵਿੱਤੀ ਵਰ੍ਹੇ ਵਿਚ ਜਾਰੀ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮੈਟਰੋ ਸ਼ਹਿਰਾਂ ਦੀ ਤਰਜ਼ ’ਤੇ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹ੍ਹਆਂ ਵਿਚ ਇਨ੍ਹਾਂ ਹੋਸਟਲਾਂ ਦੀ ਉਸਾਰੀ ਲਈ ਅਨੁਮਾਨਤ 50 ਕਰੋੜ ਰੁਪਏ ਦਾ ਬਜਟ ਲੋੜੀਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕੰਮਕਾਜੀ ਔਰਤਾਂ ਲਈ ਪਹਿਲਾਂ ਹੀ 9 ਹੋਸਟਲ ਚੱਲ ਰਹੇ ਹਨ। ਪੰਜਾਬ ਭਵਨ ਵਿਖੇ ਅੱਜ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਚੌਧਰੀ ਨੇ ਦਸਿਆ ਕਿ ਸਰਕਾਰੀ ਬਸਾਂ ਵਿਚ ਸਾਰੀਆਂ ਔਰਤਾਂ ਨੂੰ ਕਿਰਾਏ ਵਿਚ 50 ਫ਼ੀ ਸਦੀ ਦੀ ਛੋਟ ਦਾ ਫ਼ੈਸਲਾ ਲਾਗੂ ਕਰਨ ਵਿਚ ਕੋਵਿਡ ਸੰਕਟ ਕਾਰਨ ਦੇਰੀ ਹੋਈ ਹੈ, ਹੁਣ ਇਸ ਫ਼ੈਸਲੇ ਨੂੰ ਛੇਤੀ ਲਾਗੂ ਕਰ ਦਿਤਾ ਜਾਵੇਗਾ।