ਚੋਣ ਜ਼ਾਬਤਾ ਲਗਦੇ ਹੀ ਡੇਰਾ ਪ੍ਰੇਮੀਆਂ ਨੇ ਕੀਤਾ ਸ਼ਕਤੀ ਪ੍ਰਦਰਸ਼ਨ
ਚੋਣ ਜ਼ਾਬਤਾ ਲਗਦੇ ਹੀ ਡੇਰਾ ਪ੍ਰੇਮੀਆਂ ਨੇ ਕੀਤਾ ਸ਼ਕਤੀ ਪ੍ਰਦਰਸ਼ਨ
ਬਠਿੰਡਾ, 9 ਜਨਵਰੀ (ਸੁਖਜਿੰਦਰ ਮਾਨ) : ਪਹਿਲਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਣ ਤੇ ਮੁੜ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ਾਂ ਦਾ ਸਾਹਮਣਾ ਕਰਨ ਡੇਰਾ ਸਿਰਸਾ ਦੇ ਸ਼ਰਧਾਲੂਆਂ ਵਲੋਂ ਅੱਜ ਪੰਜਾਬ ਦੇ ਸੱਭ ਤੋਂ ਵੱਡੇ ਡੇਰੇ ਸਲਾਬਤਪੁਰਾ ਵਿਖੇ ਸਤਸੰਗ ਦੇ ਨਾਂ ਹੇਠ ਅਪਣਾ ਸ਼ਕਤੀ ਪ੍ਰਦਰਸ਼ਨ ਕੀਤਾ। ਮਹੱਤਵਪੂਰਨ ਗੱਲ ਇਹ ਵੀ ਹੈ ਕਿ ਬੀਤੇ ਕੱਲ ਹੀ ਪੰਜਾਬ ਵਿਚ ਚੋਣਾਂ ਦਾ ਐਲਾਨ ਹੋਇਆ ਹੈ ਤੇ ਅੱਜ ਇਸ ਡੇਰੇ ਦੇ ਸ਼ਕਤੀ ਪ੍ਰਦਰਸ਼ਨ ਦੌਰਾਨ ਵਖ ਵਖ ਸਿਆਸੀ ਪਾਰਟੀਆਂ ਦੇ ਦਰਜ਼ਨਾਂ ਆਗੂਆਂ ਵਲੋਂ ਵੀ ਹਾਜ਼ਰੀ ਭਰੀ ਗਈ। ਸੂਤਰਾਂ ਮੁਤਾਬਕ ਮੌਸਮ ਖ਼ਰਾਬ ਹੋਣ ਤੇ ਕਰੋਨਾ ਦੇ ਵਧਦੇ ਕੇਸਾਂ ਦੇ ਬਾਵਜੂਦ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ ਵੱਡੀ ਗਿਣਤੀ ਵਿਚ ਡੇਰਾ ਪ੍ਰੇਮੀ ਪੁੱਜੇ ਹੋਏ ਸਨ। ਹਾਲਾਂਕਿ ਡੇਰੇ ਦੇ ਪ੍ਰਬੰਧਕਾਂ ਵਲੋਂ ਇਸ ਇਕੱਠ ਨੂੰ ਸ਼ਾਹ ਸਤਿਨਾਮ ਸਿੰਘ ਦਾ ਜਨਮ ਦਿਵਸ ਮਨਾਉਣ ਲਈ ਸੱਦਿਆ ਹੋਇਆ ਸੀ ਪ੍ਰੰਤੂ ਸਿਆਸਤ ਨਾਲ ਵਾਹ-ਵਾਸਤਾ ਰਖਣ ਵਾਲੇ ਇਸ ਡੇਰੇ ਦੇ ਇਕੱਠ ਦੇ ਮਾਅਨੇ ਵੀ ਸਿਆਸੀ ਕੱਢੇ ਜਾ ਰਹੇ ਹਨ। ਭਾਜਪਾ ਦੇ ਪੰਜਾਬ ਪੱਧਰ ਦੇ ਤਿੰਨ ਆਗੂ ਵਿਸੇਸ ਤੌਰ ’ਤੇ ਇਥੇ ਪੁੱਜੇ ਹੋਏ ਸਨ। ਇਸੇ ਤਰ੍ਹਾਂ ਕਾਂਗਰਸ ਪਾਰਟੀ ਦਾ ਇਕ ਸਾਬਕਾ ਮੰਤਰੀ ਅਤੇ ਸਰਕਾਰ ਦੇ ਵੱਡੇ ਆਗੂ ਦਾ ਭਰਾ ਵੀ ਹਾਜ਼ਰੀ ਭਰ ਕੇ ਗਏ। ਇਸਤੋਂ ਇਲਾਵਾ ਆਪ ਦੇ ਕੁਝ ਆਗੂ ਵੀ ਇਥੇ ਮੌਜੂਦ ਦੇਖੇ ਗਏ। ਡੇਰੇ ਨਾਲ ਜੁੜੇ ਇੱਕ ਪ੍ਰਬੰਧਕ ਨੇ ਨਾਮ ਨਾਂ ਛਾਪਣ ਦੀ ਸ਼ਰਤ ’ਤੇ ਦਸਿਆ ਕਿ ‘‘ ਅੱਜ ਦੇ ਇਕੱਠ ਤੋਂ ਬਾਅਦ ਇਹ ਗੱਲ ਸਾਫ਼ ਹੋ ਗਈ ਹੈ ਕਿ ਪਰਚਿਆਂ ਤੇ ਕਈ ਦਬਾਅ ਹੇਠ ਗੁਜ਼ਰ ਰਹੇ ਡੇਰਾ ਪ੍ਰੇਮੀ ਹਾਲੇ ਵੀ ਇਕਜੁਟ ਹਨ, ਜਿਸਦੇ ਨਤੀਜ਼ੇ ਆਉਣ ਵਾਲੇ ਮਹੀਨਿਆਂ ਵਿਚ ਸਾਹਮਣੇ ਆਉਣਗੇ। ’’ ਸੂਤਰਾਂ ਮੁਤਾਬਕ ਬੇਸ਼ੱਕ ਇੰਨ੍ਹਾਂ ਪ੍ਰਬੰਧਾਂ ਦੀ ਕਮਾਂਡ ਵੀ ਡੇਰੇ ਦੀ ਰਾਜਸੀ ਕਮੇਟੀ ਦੇ ਹੱਥ ਸੀ। ਡੇਰੇ ਦੇ ਰਾਜਨੀਤਕ ਵਿੰਗ ਦੇ ਚੇਅਰਮੈਨ ਰਾਮ ਸਿੰਘ ਅਤੇ 45 ਮੈਂਬਰ ਕਮੇਟੀ ਦੇ ਹਰਚਰਨ ਸਿੰਘ ਨੇ ਦਾਅਵਾ ਕੀਤਾ ਕਿ ਡੇਰੇ ਵਲੋਂ ਸ਼ੁਰੂ ਕੀਤੇ ਮਾਨਵਤਾ ਦੇ ਕਾਰਜ਼ਾਂ ਨੂੰ ਜਾਰੀ ਰਖਿਆ ਜਾਵੇਗਾ।
ਇਸ ਖ਼ਬਰ ਨਾਲ ਸਬੰਧਤ ਫੋਟੋ 09 ਬੀਟੀਆਈ 09 ਨੰਬਰ ਵਿਚ ਭੇਜੀ ਜਾ ਰਹੀ ਹੈ।