ਜ਼ਮਾਨਤ ਮਿਲਣ ਨਾਲ ਕੇਸ ਖ਼ਤਮ ਨਹੀਂ ਹੋ ਜਾਂਦਾ, ਮਜੀਠੀਆ ਨੂੰ SIT ਕੋਲ ਪੇਸ਼ ਹੋਣਾ ਹੀ ਪਵੇਗਾ - CM

ਏਜੰਸੀ

ਖ਼ਬਰਾਂ, ਪੰਜਾਬ

ਬਹੁ ਕਰੋੜੀ ਨਸ਼ਾ ਤਸਕਰੀ ਮਾਮਲੇ 'ਚ ਬਿਕਰਮ ਮਜੀਠੀਆ ਨੂੰ ਅਗਾਊਂ ਜ਼ਮਾਨਤ ਮਿਲਣ 'ਤੇ CM ਚਰਨਜੀਤ ਸਿੰਘ ਚੰਨੀ ਦਾ ਬਿਆਨ  

CM Charanjit Singh Channi

ਚੰਡੀਗੜ੍ਹ : ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਹਾਈ ਕੋਰਟ ਨੇ ਵੱਡੀ ਰਾਹਤ ਦਿੰਦਿਆਂ ਅਗਾਊਂ ਜ਼ਮਾਨਤ ਦੇ ਦਿਤੀ ਹੈ। ਇਸ ਤੋਂ ਬਾਅਦ ਅਕਾਲੀ ਦਲ ਵਿਚ ਖੁਸ਼ੀ ਦੀ ਲਹਿਰ ਹੈ।

ਉਧਰ ਹੁਣ ਇਸ ਫ਼ੈਸਲੇ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਅਜੇ ਸਿਰਫ ਜ਼ਮਾਨਤ ਹੀ ਮਿਲੀ ਅਤੇ ਜ਼ਮਾਨਤ ਮਿਲਣ ਨਾਲ ਕੇਸ ਨਹੀਂ ਖ਼ਤਮ ਹੋ ਜਾਂਦਾ। ਬੁੱਧਵਾਰ ਨੂੰ ਮਜੀਠੀਆ ਨੂੰ ਪੇਸ਼ ਹੋਣਾ ਪਵੇਗਾ ਅਤੇ ਕੇਸ ਦੌਰਾਨ ਸਾਰਾ ਕੁੱਝ ਸਾਹਮਣੇ ਆ ਜਾਵੇਗਾ। ਦੱਸ ਦੇਈਏ ਕਿ ਅੱਜ ਮੁੱਖ ਮੰਤਰੀ ਚੰਨੀ ਮੋਗਾ ਪਹੁੰਚੇ ਸਨ ਜਿਥੇ ਉਨ੍ਹਾਂ ਨੇ ਮਾਲਵਿਕਾ ਸੂਦ ਨੂੰ ਕਾਂਗਰਸ ਪਾਰਟੀ ਵਿਚ ਜੀ ਆਇਆਂ ਆਖਿਆ।

ਦੱਸਣਯੋਗ ਹੈ ਕਿ ਸੋਮਵਾਰ ਨੂੰ ਮਜੀਠੀਆ ਕੇਸ ’ਤੇ ਸੁਣਵਾਈ ਕਰਦੇ ਹੋਏ ਹਾਈਕੋਰਟ ਨੇ ਨਾ ਸਿਰਫ ਉਨ੍ਹਾਂ ਨੂੰ ਅਗਾਊਂ ਜ਼ਮਾਨਤ ਦਿੱਤੀ ਸਗੋਂ ਮਜੀਠੀਆ ਦੀ ਗ੍ਰਿਫ਼ਤਾਰੀ ’ਤੇ ਵੀ ਰੋਕ ਲਗਾ ਦਿਤੀ ਹੈ।

ਇਸ ਮੌਕੇ ਉਨ੍ਹਾਂ ਦੇ ਵਕੀਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿਕਰਮ ਮਜੀਠੀਆ ਨੂੰ ਅਗਾਊਂ ਜ਼ਮਾਨਤ ਮਿਲ ਗਈ ਹੈ ਅਤੇ ਮਾਨਯੋਗ ਹਾਈ ਕੋਰਟ ਨੇ ਬਿਕਰਮ ਮਜੀਠੀਆ ਨੂੰ ਜਾਂਚ ਵਿਚ ਸ਼ਾਮਲ ਹੋਣ ਦਾ ਹੁਕਮ ਦਿਤਾ ਹੈ ਜਿਸ ਤਹਿਤ ਬੁਧਵਾਰ ਨੂੰ ਬਿਕਰਮ ਸਿੰਘ ਮਜੀਠੀਆ ਜਾਂਚ ਵਿਚ ਸ਼ਾਮਲ ਹੋਣਗੇ। ਹਾਈ ਕੋਰਟ ਨੇ ਇਹ ਵੀ ਸਪਸ਼ਟ ਕੀਤਾ ਹੈ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਵੇਗਾ।