ਕਾਂਗਰਸ ਨੇ ਦਲਿਤ ਵੋਟ ਲਈ ਚੰਨੀ ਦਾ ‘ਯੂਜ਼ ਐਂਡ ਥ੍ਰੋ’ ਕੀਤਾ : ਰਾਘਵ ਚੱਢਾ

ਏਜੰਸੀ

ਖ਼ਬਰਾਂ, ਪੰਜਾਬ

ਕਾਂਗਰਸ ਨੇ ਦਲਿਤ ਵੋਟ ਲਈ ਚੰਨੀ ਦਾ ‘ਯੂਜ਼ ਐਂਡ ਥ੍ਰੋ’ ਕੀਤਾ : ਰਾਘਵ ਚੱਢਾ

image

ਚੰਡੀਗੜ੍ਹ, 9 ਜਨਵਰੀ (ਨਰਿੰਦਰ ਸਿੰਘ ਝਾਮਪੁਰ): ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਕਾਂਗਰਸ ਆਗੂ ਅਤੇ ਰਾਹੁਲ ਗਾਂਧੀ ਦੇ ਕਰੀਬੀ ਰਣਦੀਪ ਸੁਰਜੇਵਾਲਾ ਦੇ ਪੰਜਾਬ ਵਿਚ ਮੁੱਖ ਮੰਤਰੀ ਦੇ ਅਹੁਦੇ ਲਈ ਤਿੰਨ ਚਿਹਰੇ ਸੁਨੀਲ ਜਾਖੜ, ਨਵਜੋਤ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ  ਦੇ ਬਿਆਨ ’ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਜਿਹੜੀ ਪਾਰਟੀ ਇੰਨੇ ਦਿਨਾਂ ਵਿਚ ਮੁੱਖ ਮੰਤਰੀ ਦੇ ਚਿਹਰੇ ’ਤੇ ਕੋਈ ਫ਼ੈਸਲਾ ਨਹੀਂ ਲੈ ਸਕੀ, ਉਹ ਪੰਜਾਬ ਨੂੰ ਸਥਿਰ ਸਰਕਾਰ ਦੇਣ ਦਾ ਦਾਅਵਾ ਕਿਵੇਂ ਕਰ ਸਕਦੀ ਹੈ। ਸੁਰਜੇਵਾਲਾ ਦੇ ਇਸ ਬਿਆਨ ਨਾਲ ਕਾਂਗਰਸ ਦੀ ਨੀਅਤ ਦੀ ਪੋਲ ਖੁਲ੍ਹ ਚੁਕੀ ਹੈ।
ਇਕ ਡਿਜੀਟਲ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਚੱਢਾ ਨੇ ਕਿਹਾ ਕਿ ਕਾਂਗਰਸ ਨੇ ਮੁੱਖ ਮੰਤਰੀ ਚੰਨੀ ਨੂੰ ‘ਯੂਜ਼ ਐਂਡ ਥ੍ਰੋ’ ਦੀ ਅਪਣੀ ਨੀਤੀ ਤਹਿਤ ‘ਨਾਈਟ ਵਾਚਮੈਨ’ (ਚੌਕੀਦਾਰ) ਦੀ ਤਰ੍ਹਾਂ ਇਸਤੇਮਾਲ ਕੀਤਾ ਹੈ। ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਦਲਿਤ ਸਮਾਜ ਤੋਂ ਹਨ, ਇਸ ਲਈ ਕਾਂਗਰਸ ਨੇ ਚੰਨੀ ਨੂੰ ਦਲਿਤ ਵੋਟ ਲਈ ਵਰਤਿਆ ਹੈ। ਕਾਂਗਰਸ ਦੀ ਨੀਅਤ ਦਲਿਤਾਂ ਦਾ ਵਿਕਾਸ ਨਹੀਂ ਸਗੋਂ ਉਨ੍ਹਾਂ ਦੀਆਂ ਵੋਟਾਂ ਲੈਣ ਦੀ ਹੈ। ਇਹ ਦਲਿਤ ਸਮਾਜ ਨਾਲ ਸਿੱਧੇ ਤੌਰ ’ਤੇ ਧੋਖਾ ਹੈ। ਚੱਢਾ ਨੇ ਕਿਹਾ ਕਿ ਆਪਸੀ ਫੁੱਟ ਕਾਰਨ ਕਾਂਗਰਸ ਪਾਰਟੀ ਅੰਦਰੋਂ ਖੋਖਲੀ ਹੋ ਚੁੱਕੀ ਹੈ। ਸਾਰੇ ਕਾਂਗਰਸੀ ਆਗੂ ਕੁਰਸੀ ਲਈ ਆਪਸ ਵਿਚ ਲੜ ਰਹੇ ਹਨ, ਜਿਸ ਦਾ ਖਮਿਆਜ਼ਾ ਪਿਛਲੇ ਪੰਜ ਸਾਲਾਂ ਤੋਂ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੁਨੀਲ ਜਾਖੜ ਅਤੇ ਨਵਜੋਤ ਸਿੰਘ ਸਿੱਧੂ ਦੀ ਆਪਸ ਵਿਚ ਹੀ ਨਹੀਂ ਬਣਦੀ ਤਾਂ ਇਹ ਸਰਕਾਰ ਕਿਵੇਂ ਚਲਾਉਣਗੇ? 
ਕਾਂਗਰਸ ਦੇ ਆਪਸੀ ਕਲੇਸ਼ ਨੇ ਪਾਰਟੀ ਨੂੰ ‘ਮੈਡ ਫ਼ਾਈਟ ਹਾਊਸ’ ਬਣਾ ਦਿਤਾ ਹੈ। ਕਾਂਗਰਸ ਦੇ ਆਪਸੀ ਕਲੇਸ਼ ਦਾ ਜ਼ਿਕਰ ਕਰਦਿਆਂ ਰਾਘਵ ਚੱਢਾ ਨੇ ਕਿਹਾ ਕਿ ਕਾਂਗਰਸੀ ਆਗੂਆਂ ਵਿਚਾਲੇ ‘ਗ੍ਰਹਿ ਯੁੱਧ’ ਇਸ ਤਰ੍ਹਾਂ ਚਲ ਰਹੀ ਹੈ, ਸਿੱਧੂ ਬਨਾਮ ਚੰਨੀ, ਚੰਨੀ ਬਨਾਮ ਜਾਖੜ, ਜਾਖੜ ਬਨਾਮ ਬਾਜਵਾ, ਬਾਜਵਾ ਬਨਾਮ ਸਿੱਧੂ, ਆਸ਼ੂ ਬਨਾਮ ਚੰਨੀ, ਕੇ.ਪੀ ਰਾਣਾ ਬਨਾਮ ਆਸ਼ੂ, ਓ.ਪੀ. ਸੋਨੀ ਬਨਾਮ ਸਿੱਧੂ, ਰੰਧਾਵਾ ਬਨਾਮ ਸਿੱਧੂ, ਸਿੱਧੂ ਬਨਾਮ 
ਆਵਲਾ ਬਿੱਟੂ ਬਨਾਮ ਚੰਨੀ, ਬਿੱਟੂ ਬਨਾਮ ਸਿੱਧੂ, ਮਨਪ੍ਰੀਤ ਬਾਦਲ ਬਨਾਮ ਸਿੱਧੂ, ਪਰਗਟ ਸਿੰਘ ਬਨਾਮ ਬਿੱਟੂ, ਰਾਜਾ ਵੜਿੰਗ ਬਨਾਮ ਰੰਧਾਵਾ, ਰਾਜ ਕੁਮਾਰ ਵੇਰਕਾ ਬਨਾਮ ਰਾਜਾ ਵੜਿੰਗ, ਰਾਜਾ ਵੜਿੰਗ ਬਨਾਮ ਮਨਪ੍ਰੀਤ ਬਾਦਲ, ਨਵਜੋਤ ਸਿੱਧੂ ਬਨਾਮ ਸੁੱਖੀ ਰੰਧਾਵਾ, ਸੁੱਖੀ ਰੰਧਾਵਾ ਬਨਾਮ ਰਾਣਾ ਗੁਰਜੀਤ, ਰਾਣਾ ਗੁਰਜੀਤ ਬਨਾਮ ਨਵਤੇਜ ਚੀਮਾ, ਕੇਪੀ ਰਾਣਾ ਬਨਾਮ ਵਰਿੰਦਰ ਢਿੱਲੋਂ, ਵਰਿੰਦਰ ਢਿੱਲੋਂ ਬਨਾਮ ਮੂਸੇਵਾਲਾ, ਪ੍ਰਤਾਪ ਬਾਜਵਾ ਬਨਾਮ ਸੁੱਖੀ ਰੰਧਾਵਾ, ਸੁੱਖੀ ਰੰਧਾਵਾ ਬਨਾਮ ਸਿੱਧੂ, ਸਿੱਧੂ ਬਨਾਮ ਸੁਨੀਲ ਜਾਖੜ, ਸੁਨੀਲ ਸਿੰਘ ਜਾਖੜ ਬਨਾਮ ਚੰਨੀ, ਭਾਰਤ ਆਸ਼ੂ ਬਨਾਮ ਸਿੱਧੂ। ਕੁਰਸੀ ਲਈ ਇਹ ਸਾਰੇ ਇਕ ਦੂਜੇ ਦੀ ਖਿੱਚ-ਧੂਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪੰਜਾਬ ਨੂੰ ਕਦੇ ਵੀ ਸਥਿਰ ਸਰਕਾਰ ਨਹੀਂ ਦੇ ਸਕਦੀ। ਅਸਲ ਵਿਚ ਪਿਛਲੇ ਪੰਜ ਸਾਲਾਂ ਤੋਂ ਕਾਂਗਰਸ ਨੇ ਪੰਜਾਬ ਵਿਚ ਸਰਕਾਰ ਨਹੀਂ ਬਲਕਿ ‘ਸਰਕਸ’ ਚਲਾਈ ਹੈ। 
ਚੱਢਾ ਨੇ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਨੂੰ ਇਕ ਸਥਿਰ ਅਤੇ ਇਮਾਨਦਾਰ ਸਰਕਾਰ ਦੇਵੇਗੀ। ਇਸ ਮੌਕੇ ‘ਆਪ’ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਵਪਾਰ ਮੰਡਲ ਦੇ ਸੂਬਾ ਪ੍ਰਧਾਨ ਵਿਨੀਤ ਵਰਮਾ ਅਤੇ ਪਾਰਟੀ ਦੇ ਬੁਲਾਰੇ ਜਗਤਾਰ ਸਿੰਘ ਸੰਘੇੜਾ ਵੀ ਹਾਜ਼ਰ ਸਨ।